ਨਡਾਲਾ, (ਸ਼ਰਮਾ)- ਕਸਬਾ ਨਡਾਲਾ 'ਚ ਫੈਲੀ ਗੰਦਗੀ ਕਾਰਨ ਕਿਸੇ ਵੀ ਵੇਲੇ ਡੇਂਗੂ ਮਲੇਰੀਆ ਫੈਲ ਸਕਦਾ ਹੈ। ਪਬਲਿਕ ਥਾਵਾਂ, ਗੁਰੂ ਹਰਗੋਬਿੰਦ ਪਬਲਿਕ ਸਕੂਲ, ਸਰਕਾਰੀ ਸਕੂਲ, ਕੁਟੀਆ ਕਾਲੋਨੀ, ਸੁਭਾਨਪੁਰ ਸੜਕ 'ਤੇ ਬੀ. ਡੀ. ਪੀ. ਓ. ਦਫਤਰ ਦੇ ਰੈਸਟ ਹਾਊਸ, ਲੱਛਮੀ ਕਾਲੋਨੀ, ਚੁਗਾਵਾਂ ਸੜਕ ਵਾਲੀ ਫਿਰਨੀ, ਭਿੰਡਰਾਂ ਵਾਲੀ ਗਲੀ ਤੇ ਹੋਰ ਥਾਵਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ।
ਨਗਰ ਪੰਚਾਇਤ ਵੱਲੋਂ ਕੁਝ ਥਾਵਾਂ 'ਤੇ ਲੋਹੇ ਦੀਆਂ ਟੀਨਾਂ ਲਾ ਕੇ ਕੂੜਾ ਕਰਕਟ ਸੁੱਟਣ ਲਈ ਡੰਪ ਬਣਾਏ ਸਨ ਪਰ ਲੋਕ ਕੂੜਾ ਕਰਕਟ ਬਾਹਰ ਹੀ ਸੁੱਟੀ ਜਾ ਰਹੇ ਹਨ, ਜਿਸ ਕਾਰਨ ਆਸ-ਪਾਸ ਦੇ ਖੇਤਰ 'ਚ ਗੰਦਗੀ ਦੀ ਬਦਬੂ ਫੈਲੀ ਰਹਿੰਦੀ ਹੈ। ਇਸ ਤੋਂ ਇਲਾਵਾ ਕਸਬੇ ਅੰਦਰੋਂ ਲੰਘਦਾ ਨਿਕਾਸੀ ਨਾਲਾ ਹਰ ਵੇਲੇ ਮਲਬੇ ਨਾਲ ਭਰਿਆ ਰਹਿੰਦਾ ਹੈ। ਸਭ ਤੋਂ ਭੈੜੀ ਹਾਲਤ ਬੱਸ ਅੱਡੇ ਦੀਆਂ ਅੱਜ ਤੋਂ 40 ਸਾਲ ਪਹਿਲਾਂ ਬਣੀਆਂ ਨਿਕਾਸੀ ਨਾਲੀਆਂ ਦੀ ਹੈ। ਇਹ ਨਾਲੀਆਂ ਸਮੇਂ ਦੇ ਚਲਦਿਆਂ ਸੜਕਾਂ ਵਾਰ-ਵਾਰ ਉੱਚੀਆਂ ਹੋਣ ਕਾਰਨ ਕਾਫੀ ਨੀਵੀਆਂ ਹੋ ਚੁੱਕੀਆਂ ਹਨ। ਬਹੁਤ ਸਾਰੀਆਂ ਥਾਵਾਂ ਦੁਕਾਨਦਾਰਾਂ ਵੱਲੋਂ ਇਨ੍ਹਾਂ ਨਾਲੀਆਂ ਤੇ ਨਾਜਾਇਜ਼ ਕਬਜ਼ੇ ਕਰ ਕੇ ਨਾਲੀਆਂ ਤੇ ਥੜੀਆਂ ਉਸਾਰ ਲਈਆਂ ਹਨ, ਜਿਸ ਕਾਰਨ ਪਾਣੀ ਦੀ ਨਿਕਾਸੀ 'ਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ।
ਅਜਿਹੀ ਹਾਲਤ 'ਚ ਸੁਭਾਨਪੁਰ ਸੜਕ 'ਤੇ ਐੱਸ. ਕੇ. ਟੈਂਟ ਹਾਊਸ ਨੇੜੇ ਬਦਬੂ ਮਾਰਦੀ ਭਾਰੀ ਦਲਦਲ ਬਣੀ ਹੋਈ ਹੈ। ਇਸ ਦੇ ਬਿਲਕੁਲ ਨਾਲ ਹਲਵਾਈ ਦੀ ਦੁਕਾਨ ਹੈ। ਅਜਿਹੀ ਮੰਦੀ ਹਾਲਤ ਕਾਰਨ ਕਦੇ ਵੀ ਕੋਈ ਭਿਆਨਕ ਬੀਮਾਰੀ ਫੈਲ ਸਕਦੀ ਹੈ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ 2017 'ਚ ਕਸਬਾ ਨਡਾਲਾ 'ਚ ਡੇਂਗੂ ਦੇ 2 ਕੇਸ ਸਾਹਮਣੇ ਆਏ ਸਨ ਪਰ ਇਸ ਦੇ ਬਾਵਜੂਦ ਨਗਰ ਪੰਚਾਇਤ ਤੇ ਸਿਹਤ ਵਿਭਾਗ ਇਸ ਪਾਸੇ ਧਿਆਨ ਨਹੀਂ ਦੇ ਰਹੇ। ਇਸ ਸਬੰਧੀ ਅੱਡਾ ਦੁਕਾਨਦਾਰਾਂ ਮਹਿੰਦਰ ਸਿੰਘ ਢਿੱਲੋਂ, ਅਮਿਤ ਕੁਮਾਰ, ਵਿਜੇ ਕਮਾਰ ਹਲਵਾਈ, ਚਮਨ ਸਿੰਘ ਤੇ ਹੋਰਨਾਂ ਨੇ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ। ਇਸ ਸਬੰਧੀ ਈ. ਓ. ਰਜੇਸ਼ ਕੁਮਾਰ ਨੇ ਕਿਹਾ ਕਿ ਜਲਦੀ ਹੀ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇਗਾ।
ਸਮਰਾਟ ਕਾਲੋਨੀ 'ਚ ਗੈਸ ਸਿਲੰਡਰ ਫਟਣ ਨਾਲ ਲੱਗੀ ਅੱਗ 'ਚ ਤੀਜੀ ਮੌਤ
NEXT STORY