ਡੇਰਾ ਬਾਬਾ ਨਾਨਕ (ਵਤਨ) : ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਰੱਤੜ ਛੱਤੜ 'ਚ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਹੀ ਫ਼ੌਜ 'ਚੋਂ ਕੈਪਟਨ ਰਿਟਾਇਰ ਹੋਏ ਰਜਿੰਦਰ ਸਿੰਘ ਚੀਮਾ ਦੇ ਹੌਣਹਾਰ ਸਪੁੱਤਰ ਜਸਕਰਨ ਸਿੰਘ ਵਲੋਂ ਦੇਹਰਾਦੂਨ ਵਿਖੇ ਟਰੇਨਿੰਗ ਤੋਂ ਬਾਅਦ ਲੈਫਟੀਨੈਂਟ ਬਣਨ ਦਾ ਸਮਾਚਾਰ ਪਹੁੰਚਿਆ। ਜਸਕਰਨ ਦੇ ਘਰ ਵਾਲਿਆਂ ਦੀ ਇੱਛਾ ਸੀ ਕਿ ਉਹ ਵੀ ਇਸ ਸਮਾਗਮ 'ਚ ਹਿੱਸਾ ਲੈਣ ਪਰ ਕੋਰੋਨਾ ਲਾਗ (ਮਹਾਮਾਰੀ) ਦੇ ਚਲਦਿਆਂ ਇਸ ਸਮਾਗਮ 'ਚ ਘਰ ਵਾਲਿਆਂ ਨੂੰ ਨਹੀਂ ਬੁਲਾਇਆ ਗਿਆ ਪਰ ਪਿੰਡ ਵਾਲਿਆਂ ਵਲੋਂ ਸਰਪੰਚ ਹਰਭਜਨ ਸਿੰਘ ਚੀਮਾ ਦੀ ਅਗਵਾਈ 'ਚ ਲੋਕਾਂ ਨੇ ਖੁਸ਼ੀ ਸਾਂਝੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੈਫਟੀਨੈਂਟ ਬਣੇ ਜਸਕਰਨ ਦੇ ਪਿਤਾ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਵੀ ਫ਼ੌਜ 'ਚ ਨੌਕਰੀ ਕਰਦੇ ਸਨ। ਉਸ ਦੇ ਪੁੱਤਰ ਜਸਕਰਨ ਨੇ ਅਹਿਮਦਨਗਰ 'ਚ 12ਵੀਂ 'ਚ 97 ਫੀਸਦੀ ਅੰਕ ਲੈ ਕੇ ਟੌਪ ਕੀਤਾ ਅਤੇ ਉਸ ਤੋਂ ਬਾਅਦ ਘਰ ਵਿਚ ਹੀ ਐੱਨ. ਡੀ. ਏ. ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਪਹਿਲੀ ਵਾਰ ਵਿਚ ਹੀ ਉਸ ਨੇ ਟੈਸਟ ਪਾਸ ਕਰ ਲਿਆ, ਜਿਸ ਤੋਂ ਬਾਅਦ ਉਸ ਨੇ ਤਿੰਨ ਸਾਲ ਪੂਣੇ ਅਤੇ ਇੱਕ ਸਾਲ ਦੇਹਰਾਦੂਨ 'ਚ ਟਰੈਨਿੰਗ ਪੂਰੀ ਕੀਤੀ।
ਬੀਤੇ ਦਿਨੀਂ ਹੀ ਕੋਰਸ ਮੁਕੰਮਲ ਹੋਣ 'ਤੇ ਜਸਕਰਨ ਸਿੰਘ ਲੈਫਟੀਨੈਂਟ ਬਣਿਆ। ਰਜਿੰਦਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜਸਕਰਨ ਫ਼ੌਜ 'ਚ ਭਰਤੀ ਹੋ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਉਤਾਵਲਾ ਸੀ ਅਤੇ ਇਸੇ ਕਾਰਨ ਹੀ ਉਸ ਨੇ ਘਰ ਵਿਚ ਬੈਠ ਕੇ ਐੱਨ. ਡੀ. ਏ. ਦੀ ਸਖ਼ਤ ਤਿਆਰੀ ਕਰਕੇ ਆਪਣੇ ਟੀਚੇ ਨੂੰ ਪੂਰਾ ਕੀਤਾ। ਜਸਕਰਨ ਦੀ ਮਾਂ ਸੁਖਵਿੰਦਰ ਕੌਰ ਦਾ ਕਹਿਣਾ ਸੀ ਕਿ ਜਸਕਰਨ 'ਚ ਦੇਸ਼ ਪ੍ਰੇਮ ਦਾ ਜਜਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਅਤੇ ਅੱਜ ਉਸ ਦਾ ਸੁਪਨਾ ਸਾਕਾਰ ਹੋ ਗਿਆ ਹੈ। ਸਰਪੰਚ ਹਰਭਜਨ ਸਿੰਘ ਚੀਮਾ ਨੇ ਕਿਹਾ ਕਿ ਜਸਕਰਨ ਨੇ ਪਿੰਡ ਰੱਤੜ ਛੱਤੜ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਸਾਡੀਆਂ ਸ਼ੁਭਕਾਮਨਾਵਾਂ ਹਮੇਸ਼ਾ ਉਸਦੇ ਨਾਲ ਰਹਿਣਗੀਆਂ।
ਨਰੇਗਾ ਸਕੀਮ ਤਹਿਤ ਵੱਧ ਤੋਂ ਵੱਧ ਕੰਮ ਕਰਵਾ ਕੇ ਰੋਜ਼ਗਾਰ ਦਿੱਤਾ ਜਾਵੇਗਾ: ਨਿਮਿਸ਼ਾ
NEXT STORY