ਜਲੰਧਰ, (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਐਲਾਨ ਕੀਤੇ 21 ਦਿਨਾਂ ਦੇ ਰਾਸ਼ਟਰ ਵਿਆਪੀ ਲਾਕਡਾਊਨ ਦੇ ਫੈਸਲੇ ਨੂੰ ਜ਼ਰੂਰੀ ਦੱਸਦਿਆਂ ਕਿਹਾ ਹੈ ਕਿ ਇਸ ਨਾਲ ਕਰੋੜਾਂ ਲੋਕਾਂ ਦਾ ਜੀਵਨ ਬਚਾਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਦੇਸ਼ ਵਿਚ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਅਜਿਹਾ ਕਰਨਾ ਜ਼ਰੂਰੀ ਸੀ ਪਰ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਵਲੋਂ ਗਰੀਬਾਂ ਤੇ ਦਿਹਾੜੀਦਾਰਾਂ ਲਈ ਵੀ ਕੋਈ ਰਾਹਤ ਪੈਕੇਜ ਦਾ ਐਲਾਨ ਨਾ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਜੀਵਨ 'ਤੇ ਬੁਰਾ ਅਸਰ ਪਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਐਲਾਨ ਵਿਚ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਚੇਨ ਤੋੜਣ ਲਈ 21 ਦਿਨ ਜ਼ਰੂਰੀ ਹਨ ਅਤੇ ਇਸ ਨੂੰ ਵੇਖਦਿਆਂ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਦੀ ਪਾਲਣਾ ਕਰਨਗੇ ਪਰ ਨਾਲ ਹੀ ਕੇਂਦਰ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਗਰੀਬ ਲੋਕਾਂ ਲਈ ਭੋਜਨ ਤੇ ਰਿਹਾਇਸ਼ ਦਾ ਵੀ ਪ੍ਰਬੰਧ ਕਰੇ।
ਉਨ੍ਹਾਂ ਕਿਹਾ ਕਿ ਲਾਕਡਾਊਨ ਕਾਰਨ ਜੋ ਲੋਕ ਮਜ਼ਦੂਰੀ ਕਰ ਕੇ ਆਪਣਾ ਢਿੱਡ ਨਹੀਂ ਭਰ ਸਕਦੇ, ਉਨ੍ਹਾਂ ਲਈ ਰਾਹਤ ਪੈਕੇਜ ਦਾ ਐਲਾਨ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ, ਇਲਾਜ ਤੇ ਰਿਸਰਚ ਸਹੂਲਤਾਂ ਵਿਚ ਵਾਧਾ ਕਰਨ ਲਈ ਕੇਂਦਰ ਵਲੋਂ ਕੀਤਾ ਗਿਆ ਐਲਾਨ ਜ਼ਰੂਰੀ ਸੀ ਪਰ ਸੂਬਾ ਸਰਕਾਰ ਕੋਲ ਆਪਣੇ ਸਾਧਨ ਸੀਮਤ ਹਨ ਇਸ ਲਈ ਕੇਂਦਰ ਨੂੰ ਸੂਬਿਆਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਖਿਲਾਫ ਸ਼ੁਰੂ ਕੀਤੀ ਗਈ ਜੰਗ ਨੂੰ ਦੇਖਦੇ ਹੋਏ ਖੁਦ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰਨਾ ਹੈ। ਉਨ੍ਹਾਂ ਕਿਹਾ ਕਿ ਲੱਖਾਂ ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ, ਪੁਲਸ ਤੇ ਮੀਡੀਆ ਤੇ ਹੋਰ ਸੇਵਾਵਾਂ ਦੇਣ ਵਾਲੇ ਲੋਕ 24 ਘੰਟੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਨੂੰ ਵੇਖਦੇ ਹੋਏ ਕੇਂਦਰ ਨੂੰ ਸੂਬੇ ਦੇ ਨਾਲ ਤਾਲਮੇਲ ਸਥਾਪਿਤ ਕਰਨਾ ਚਾਹੀਦਾ ਹੈ।
ਪੰਜਾਬ 'ਚ ਵਧੇ ਕੋਰੋਨਾ ਦੇ ਮਰੀਜ਼, 6 ਨਵੇਂ ਮਾਮਲੇ ਆਏ ਸਾਹਮਣੇ
NEXT STORY