ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਨਸ਼ਾ ਸਮੱਗਲਿੰਗ ਨਾਲ ਜੁੜੇ ਇਕ ਗੰਭੀਰ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੀ ਟੀਮ ਵੱਲੋਂ ਸ਼ਨੀਵਾਰ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਵਿਚ ਦੋ ਵੱਖ-ਵੱਖ ਥਾਵਾਂ ’ਤੇ ਅਤੇ ਗਿੱਦੜਬਾਹਾ ਵਿਚ ਇਕ ਥਾਂ ’ਤੇ ਛਾਪੇਮਾਰੀ ਕਰਨ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਕੇਂਦਰੀ ਟੀਮ ਨੇ ਕਈ ਘੰਟੇ ਘਰਾਂ ਵਿਚ ਤਲਾਸ਼ੀ ਲਈ ਅਤੇ ਸਬੰਧਤ ਰਿਕਾਰਡ ਖੰਗਾਲਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਕਾਰਵਾਈ ਚੰਡੀਗੜ੍ਹ ਵਿਚ ਦਰਜ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲਾ ਨੰਬਰ 22/26 ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਕੀਤੀ ਗਈ ਹੈ।
ਮੁੱਢਲੀ ਜਾਂਚ ਦੌਰਾਨ ਇਸ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਰਹਿਣ ਵਾਲੇ ਮੁਹੰਮਦ ਆਸਿਫ ਯੂਸਫ਼ ਨਾਮਕ ਵਿਅਕਤੀ ਦਾ ਨਾਂ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਉਹ ਚੰਡੀਗੜ੍ਹ ਵਿਖੇ ਤਾਮਿਲਨਾਡੂ ਭੇਜਣ ਲਈ ਇਕ ਕੋਰੀਅਰ ਬੁੱਕ ਕਰਵਾਉਣ ਗਿਆ ਸੀ, ਜਿਸ ਦੀ ਜਾਂਚ ਕਰਨ ’ਤੇ ਉਸ ’ਚੋਂ ਕੋਕੀਨ ਅਤੇ ਹੈਰੋਇਨ ਵਰਗੇ ਨਸ਼ੀਲੇ ਪਦਾਰਥ ਬਰਾਮਦ ਹੋਏ। ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਮੁਹੰਮਦ ਆਸਿਫ ਯੂਸਫ਼ ਨੇ ਮੁਕਤਸਰ ਵਾਸੀ ਕਰਨ ਚੁੱਘ ਦਾ ਨਾਂ ਲੈਂਦੇ ਹੋਏ ਕਥਿਤ ਤੌਰ ’ਤੇ ਖੁਲਾਸਾ ਕੀਤਾ ਕਿ ਉਕਤ ਕੋਰੀਅਰ ਉਸ ਦਾ ਹੀ ਸੀ। ਇਸੇ ਸੁਰਾਗ ਦੇ ਆਧਾਰ ’ਤੇ ਐੱਨ. ਸੀ. ਬੀ. ਦੀ ਟੀਮ ਸ੍ਰੀ ਮੁਕਤਸਰ ਸਾਹਿਬ ਪਹੁੰਚੀ ਅਤੇ ਕਰਨ ਚੁੱਘ ਦੇ ਘਰ ਛਾਪੇਮਾਰੀ ਕਰਦਿਆਂ ਉੱਥੋਂ ਰੂਪਨਗਰ ਨੰਬਰ ਦੀ ਇਕ ਗੱਡੀ ਵੀ ਆਪਣੇ ਕਬਜ਼ੇ ’ਚ ਲੈ ਲਈ।
ਇਸ ਕਾਰਵਾਈ ਤੋਂ ਬਾਅਦ ਦੇਰ ਰਾਤ ਮੋਬਾਈਲ ਦੀ ਲੋਕੇਸ਼ਨ ਟਰੇਸ ਕਰਦੇ ਹੋਏ ਐੱਨ. ਸੀ. ਬੀ. ਦੀ ਟੀਮ ਮੌੜ ਰੋਡ ਸਥਿਤ ਇਕ ਹੋਰ ਘਰ ਵਿਚ ਪਹੁੰਚੀ, ਜਿੱਥੇ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਗਈ। ਕੇਂਦਰੀ ਜਾਂਚ ਏਜੰਸੀ ਦੀ ਇਸ ਅਚਾਨਕ ਦਬਿਸ਼ ਤੋਂ ਬਾਅਦ ਪੂਰੇ ਸ਼ਹਿਰ ਵਿਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਦੂਜੇ ਪਾਸੇ, ਗਿੱਦੜਬਾਹਾ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ 2 ਵਿਅਕਤੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਚਰਚਾ ਹੈ, ਹਾਲਾਂਕਿ ਇਸ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ ਅਤੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਗਿੱਦੜਬਾਹਾ ਦੀ ਰੇਡ ਦਾ ਮੁਕਤਸਰ ਦੇ ਮਾਮਲੇ ਨਾਲ ਕੋਈ ਸਿੱਧਾ ਸਬੰਧ ਹੈ ਜਾਂ ਨਹੀਂ।
ਪੰਜਾਬ 'ਚ ਮੌਸਮ ਨੇ ਲਈ ਕਰਵਟ! 4 ਜ਼ਿਲ੍ਹਿਆਂ 'ਚ ਮੀਂਹ ਦੀ ਚਿਤਾਵਨੀ, 19 ਨਵੰਬਰ ਤੱਕ ਤਾਜ਼ਾ ਅਪਡੇਟ ਜਾਰੀ
NEXT STORY