ਜਲੰਧਰ, (ਵੈਬ ਡੈਸਕ)-ਪੰਜਾਬ ਦੇ ਪਿੰਡਾਂ ਵਿਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਨਵੀਆਂ ਚੁਣੀਆਂ ਪੰਚਾਇਤਾਂ ਪੰਚਾਇਤੀ ਰਾਜ ਐਕਟ ਤਹਿਤ ਮਿਲੇ ਕੁਝ ਅਧਿਕਾਰਾਂ ਦੀ ਇਸ ਵਾਰ ਵਰਤੋਂ ਨਹੀਂ ਕਰ ਸਕਣਗੀਆਂ। ਪੰਚਾਇਤੀ ਰਾਜ ਐਕਟ 1992 ਦੀ ਧਾਰਾ 40 (1) ਤਹਿਤ ਪੰਚਾਇਤਾਂ ਨੂੰ ਆਪਣੇ ਪਿੰਡ ਵਿਚ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਜਾਂ ਪਿੰਡ ਦੀ ਹੱਦ ਤੋਂ ਬਾਹਰ ਕਢਵਾਉਣ ਦਾ ਅਧਿਕਾਰ ਹੈ।ਇਸ ਤਹਿਤ ਪੰਚਾਇਤਾਂ 1 ਅਪ੍ਰੈਲ ਤੋਂ 30 ਸਤੰਬਰ ਤਕ ਮਤੇ ਪਾਸ ਕਰ ਕੇ ਆਬਕਾਰੀ ਵਿਭਾਗ ਨੂੰ ਭੇਜ ਸਕਦੀਆਂ ਸਨ। ਮਤਾ ਪਾਸ ਹੋਣ ‘ਤੇ ਅਗਲੇ ਵਰ੍ਹੇ ਸੰਬੰਧਤ ਪਿੰਡਾਂ ਵਿਚ ਸ਼ਰਾਬ ਦੇ ਠੇਕੇ ਨਹੀਂ ਖੋਲ੍ਹੇ ਜਾਂਦੇ।
2018 ਵਿਚ ਪੁਰਾਣੀਆਂ ਪੰਚਾਇਤਾਂ ਜੁਲਾਈ ਵਿਚ ਭੰਗ ਹੋਣ ਅਤੇ 30 ਸਤੰਬਰ ਤੱਕ ਨਵੀਆਂ ਪੰਚਾਇਤਾਂ ਦੀ ਚੋਣ ਨਾ ਹੋਣ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ । ਜਿਸ ਕਾਰਨ ਪੰਜਾਬ ਦੇ ਅਨੇਕਾਂ ਪਿੰਡਾਂ ਵਿਚ ਇਹ ਮਤਾ ਪਾਸ ਨਹੀਂ ਕੀਤਾ ਜਾ ਸਕੀਆ। ਇਹੀ ਕਾਰਨ ਹੈ ਕਿ ਇਸ ਵਰ੍ਹੇ ਅਪ੍ਰੈਲ ਤੋਂ ਲਗਭਗ ਪੰਜਾਬ ਦੇ ਸਾਰੇ ਪਿੰਡਾਂ ‘ਚ ਸ਼ਰਾਬ ਦੇ ਠੇਕੇ ਖੁਲ੍ਹੇ ਵੇਖਣ ਨੂੰ ਮਿਲ ਸਕਦੇ ਹਨ। ਪੰਚਾਇਤਾ ਦੇ ਭੰਗ ਹੋਣ ਤੋਂ ਨਵੀਆਂ ਪੰਚਾਇਤਾਂ ਦੀ ਚੋਣ ਤਕ ਹੋਈ ਦੇਰੀ ਦਾ ਜੇਕਰ ਕਿਸੇ ਨੂੰ ਸਭ ਤੋਂ ਵੱਡਾ ਫਾਇਦਾ ਮਿਲਣ ਵਾਲਾ ਹੈ ਤਾਂ ਉਹ ਆਬਕਾਰੀ ਵਿਭਾਗ ਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਹੋਣਾ ਹੈ।
2017-18 ਤਕ 493 ਪੰਚਾਇਤਾਂ ਨੇ ਕਰਵਾਏ ਠੇਕੇ ਬੰਦ
ਸਾਲ ਤੋਂ 2009 ਤੋਂ 2017-18 ਤਕ ਸੂਬੇ ਦੀਆਂ 994 ਗ੍ਰਾਮ ਪੰਚਾਇਤਾਂ ਨੇ ਮਤੇ ਪਾਸ ਕੀਤੇ ਸਨ, ਜਿਨ੍ਹਾਂ ‘ਚੋਂ 493 ਪਿੰਡਾਂ ਅੰਦਰ ਹੁਣ ਤਕ ਸ਼ਰਾਬ ਦੇ ਠੇਕੇ ਬੰਦ ਹੋਏ ਸਨ। ਠੇਕੇ ਬੰਦ ਕਰਵਾਉਣ ਵਾਲਿਆਂ ਪਿੰਡਾਂ ‘ਚੋਂ ਸਭ ਤੋਂ ਵੱਧ ਪਿੰਡ ਸੰਗਰੂਰ ਜਿਲੇ ਨਾਲ ਸੰਬੰਧਤ ਹਨ। ਸਿਰਫ ਸੰਗਰੂਰ ਜਿਲੇ ਦੇ 166 ਪਿੰਡਾਂ ਦੀਆਂ ਪੰਚਾਇਤਾਂ ਹੁਣ ਤਕ ਆਪਣੇ ਪਿੰਡਾਂ ‘ਚੋਂ ਠੇਕੇ ਬੰਦ ਕਰਵਾਉਣ ਵਿਚ ਸਫਲ ਰਹੀਆਂ ਹਨ।
2019-20 ਲਈ 6 ਮਤੇ ਪਏ ਪਰ ਵਿਚਾਰ ਕਿਸੇ ਤੇ ਵੀ ਨਹੀਂ
ਬੀਤੇ ਵਰ੍ਹੇ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਪੰਚਾਇਤਾਂ ਜੁਲਾਈ-2018 ਵਿਚ ਭੰਗ ਕਰ ਦਿੱਤੀਆਂ ਗਈਆਂ ਸਨ, ਜਿਸ ਕਾਰਨ ਪਿੰਡਾਂ ਵਿਚੋਂ ਸ਼ਰਾਬ ਦੇ ਠੇਕੇ ਬੰਦ ਕਰਾਉਣ ਲਈ ਪੰਚਾਇਤਾਂ ਵੱਲੋਂ ਮਤੇ ਪਾਸ ਕਰ ਕੇ ਨਹੀਂ ਭੇਜੇ ਜਾ ਸਕੇ । ਆਬਕਾਰੀ ਵਿਭਾਗ ਕੋਲ 2019-20 ਲਈ ਸਿਰਫ਼ 6 ਮਤੇ ਪੁੱਜ ਸਕੇ ਹਨ, ਜਿਨ੍ਹਾਂ ‘ਚੋਂ ਜਿਲਾ ਪਟਿਆਲਾ ਤੋਂ 4 ਅਤੇ ਜਿਲਾ ਸੰਗਰੂਰ ਦੀਆਂ 2 ਪੰਚਾਇਤਾਂ ਤੋਂ ਸਰਕਾਰ ਨੂੰ ਮਤੇ ਪ੍ਰਾਪਤ ਹੋਏ ਹਨ ਪਰ ਪੰਚਾਇਤਾਂ ਭੰਗ ਹੋਣ ਕਾਰਨ ਇਨ੍ਹਾਂ ‘ਤੇ ਵੀ ਵਿਚਾਰ ਨਹੀਂ ਹੋ ਸਕਿਆ ।
ਪੰਚਾਇਤਾਂ ਵਲੋਂ ਥੋੜ੍ਹੇਂ ਸਮੇਂ ਦੀ ਮੰਗ
ਉਥੇ ਹੀ ਦੂਜੇ ਪਾਸੇ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸਥਿਤੀ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਧਿਆਨ ਦੇਵੇ। ਨਵੀਆਂ ਪੰਚਾਇਤਾਂ ਨੂੰ ਇਸ ਸੰਬੰਧ ਵਿਚ ਮਤੇ ਪਾਉਣ ਲਈ ਥੋੜ੍ਹਾ-ਬਹੁਤਾ ਸਮਾਂ ਦਿੱਤਾ ਜਾਵੇ ਤਾਂ ਜੋ ਪੰਚਾਇਤਾਂ ਇਸ ਸੰਬੰਧ ਵਿਚ ਪਿੰਡ ਵਾਸੀਆਂ ਨਾਲ ਹਮਸਲਾਹ ਹੋ ਕੇ ਮਤੇ ਪਾਉਣਾ ਚਾਹੁੰਦੀਆਂ ਹਨ, ਉਹ ਮਤੇ ਪਾ ਸਕਣ।
ਅੰਮ੍ਰਿਤਸਰ : ਟਰੱਕ ਨੇ ਮਾਰੀ ਸਕੂਲੀ ਆਟੋ ਨੂੰ ਟੱਕਰ, 9 ਬੱਚੇ ਜ਼ਖਮੀ
NEXT STORY