ਸਮਰਾਲਾ (ਬੰਗੜ, ਗਰਗ) - ਸੂਬੇ ਅੰਦਰ ਸਰਕਾਰਾਂ ਹਮੇਸ਼ਾ ਹੀ ਮਿਆਰੀ ਸਿੱਖਿਆ ਦੇਣ ਦੇ ਦਾਅਵੇ ਕਰਦੀਆਂ ਆ ਰਹੀਆਂ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸਰਕਾਰ ਦੇ ਊਣਤਾਈ ਪ੍ਰਬੰਧਾਂ ਕਾਰਨ ਸਰਕਾਰੀ ਸਕੂਲ ਦੇ ਬੱਚੇ ਬਿਨਾਂ ਕਿਤਾਬਾਂ ਤੋਂ ਪੜ੍ਹਾਈ ਦਾ ਕੀਮਤੀ ਸਮਾਂ ਬਰਬਾਦ ਕਰਨ ਲਈ ਮਜਬੂਰ ਹਨ। ਸੂਬੇ ਦੇ ਵਿੱਦਿਅਕ ਢਾਂਚੇ ਦੇ ਖੋਖਲੇਪਣ ਦੀ ਪੋਲ ਅੱਜ ਉਸ ਸਮੇਂ ਖੁੱਲ੍ਹੀ ਜਦੋਂ ਨਵੇਂ ਸੈਸ਼ਨ ਦੀਆਂ ਗਰਮੀ ਦੀਆਂ ਛੁੱਟੀਆਂ ਕੱਟ ਕੇ ਸਕੂਲ ਪਰਤੇ ਵਿਦਿਆਰਥੀਆਂ ਦੀਆਂ ਕਾਪੀਆਂ ਕੋਰੀਆਂ ਸਨ, ਕਿਉਂਕਿ ਕਿਤਾਬਾਂ ਨਾ ਮਿਲਣ ਕਾਰਨ ਉਹ ਛੁੱਟੀਆਂ ਦਾ ਕੰਮ ਨਹੀਂ ਕਰ ਸਕੇ।
ਜਾਣਕਾਰੀ ਅਨੁਸਾਰ ਨਵੇਂ ਸੈਸ਼ਨ ਦੌਰਾਨ ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਰਾਹੀਂ ਸਰਕਾਰੀ ਸਕੂਲਾਂ ਨੂੰ ਦਿੱਤੀਆਂ ਜਾਣ ਵਾਲੀਆਂ 96 'ਚੋਂ 54 ਕਿਤਾਬਾਂ ਨਾ ਭੇਜਣ ਕਰਕੇ ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤਕ ਦੇ ਵਿਦਿਆਰਥੀ ਵੱਖ-ਵੱਖ ਵਿਸ਼ਿਆਂ 'ਤੇ ਆਪਣੀ ਪੜ੍ਹਾਈ ਨੂੰ ਸਹੀ ਰੂਪ 'ਚ ਸ਼ੁਰੂ ਵੀ ਨਹੀਂ ਕਰ ਸਕੇ। ਕਿਤਾਬਾਂ ਦੀ ਉਡੀਕ 'ਚ ਸਕੂਲਾਂ 'ਚ ਇਕ ਮਹੀਨੇ ਦੀਆਂ ਸਰਕਾਰੀ ਛੁੱਟੀਆਂ ਮਿਲਣ ਤੋਂ ਬਾਅਦ ਅੱਜ ਜਦੋਂ ਵਿਦਿਆਰਥੀ ਆਪਣੇ ਸਕੂਲਾਂ ਵਿਚ ਅੱਪੜੇ, ਤਾਂ ਅਧਿਆਪਕਾਂ ਵਲੋਂ ਦਿੱਤਾ ਗਿਆ ਛੁੱਟੀਆਂ ਦਾ ਕੰਮ ਬਹੁਤੇ ਵਿਦਿਆਰਥੀਆਂ ਵਲੋਂ ਇਸ ਗੱਲੋਂ ਅਧੂਰਾ ਛੱਡਿਆ ਗਿਆ ਸੀ ਕਿ ਉਨ੍ਹਾਂ ਕੋਲ ਸਬੰਧਿਤ ਵਿਸ਼ਿਆਂ ਦੀਆਂ ਕਿਤਾਬਾਂ ਨਹੀਂ ਸਨ। ਇਥੋਂ ਤਕ ਕਿ ਕਈ ਵਿਦਿਆਰਥੀ ਆਪਣਾ ਛੁੱਟੀਆਂ ਦਾ ਕੰਮ ਸ਼ੁਰੂ ਵੀ ਨਹੀਂ ਕਰ ਸਕੇ, ਉਨ੍ਹਾਂ ਦੇ ਹੱਥਾਂ 'ਚ ਫੜੀਆਂ ਕੋਰੀਆਂ ਕਾਪੀਆਂ ਸਰਕਾਰ ਦੇ ਮਾੜੇ ਪ੍ਰਬੰਧਾਂ ਨੂੰ ਚਿੜ੍ਹਾ ਰਹੀਆਂ ਸਨ।
ਪੱਤਰਕਾਰਾਂ ਵਲੋਂ ਸਮਰਾਲਾ ਤੇ ਨਾਲ ਲਗਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਜਾ ਕੇ ਇਹ ਹਾਲ ਦੇਖਿਆ ਗਿਆ, ਪੁੱਛਣ 'ਤੇ ਸਬੰਿਧਤ ਅਧਿਆਪਕਾਂ ਨੇ ਦੱਸਿਆ ਕਿ ਭਾਵੇਂ ਕਿਤਾਬਾਂ ਨਾ ਮਿਲਣ ਦੀ ਹਾਲਤ 'ਚ ਉਨ੍ਹਾਂ ਵਲੋਂ ਬੁੱਕ ਬੈਂਕ ਸਕੀਮ ਦੇ ਜ਼ਰੀਏ ਪੁਰਾਣੇ ਵਿਦਿਆਰਥੀਆਂ ਤੋਂ ਪੁਰਾਣੀਆਂ ਕਿਤਾਬਾਂ ਲੈ ਕੇ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਨੂੰ ਦੇ ਕੇ ਡੰਗ ਟਪਾਉਣ ਦਾ ਯਤਨ ਕੀਤਾ ਗਿਆ ਸੀ ਪਰ ਇਥੇ ਇਹ ਦਿੱਕਤ ਵੀ ਸਾਹਮਣੇ ਆਈ ਕਿ ਬਹੁਤੀਆਂ ਕਿਤਾਬਾਂ ਫਟੀਆਂ-ਪੁਰਾਣੀਆਂ ਸਨ ਤੇ ਉਨ੍ਹਾਂ ਉੱਪਰ ਪੁਰਾਣੇ ਵਿਦਿਆਰਥੀਆਂ ਵਲੋਂ ਆਪਣਾ ਹੋਮ ਵਰਕ ਵੀ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਬਹੁਤੇ ਸਕੂਲ ਮੁਖੀਆਂ ਨੇ ਦੱਸਿਆ ਕਿ ਨਵੇਂ ਸੈਸ਼ਨ ਦੀਆਂ ਕਿਤਾਬਾਂ ਨਾ ਹੋਣ ਕਾਰਨ ਮਜਬੂਰੀਵੱਸ ਛੁੱਟੀਆਂ ਤੋਂ ਪਹਿਲਾਂ ਦੋ ਮਹੀਨਿਆਂ ਦੌਰਾਨ ਬਲੈਕ ਬੋਰਡ ਦੇ ਜ਼ਰੀਏ ਕਰਵਾਈ ਪੜ੍ਹਾਈ ਨੂੰ ਛੁੱਟੀਆਂ ਦੇ ਕੰਮ ਵਜੋਂ ਰਿਵਾਈਜ਼ ਕਰਨ ਲਈ ਦਿੱਤਾ ਗਿਆ ਸੀ। ਕਿਤਾਬਾਂ ਨਾ ਮਿਲਣ ਕਾਰਨ ਦੁਖੀ ਹੋਏ ਕੁਝ ਸਕੂਲ ਮੁਖੀਆਂ ਨੇ ਕਿਹਾ ਕਿ ਨਵੇਂ ਸੈਸ਼ਨ ਦੇ ਦਾਖਲਿਆਂ ਮੌਕੇ ਉਨ੍ਹਾਂ ਵਲੋਂ ਘਰ-ਘਰ ਜਾ ਕੇ ਬੜੇ ਫਖਰ ਨਾਲ ਕਿਹਾ ਜਾਂਦਾ ਸੀ ਕਿ ਤੁਸੀਂ ਸਾਡੇ ਕੋਲ ਬੱਚੇ ਪੜ੍ਹਨ ਲਾਓ, ਤਾਂ ਅਸੀਂ ਉਨ੍ਹਾਂ ਨੂੰ ਮੁਫਤ ਕਿਤਾਬਾਂ ਦਾ ਪ੍ਰਬੰਧ ਕਰਕੇ ਦੇਵਾਂਗੇ ਪਰ ਅਫਸੋਸ ਕਿ ਵਿਭਾਗ ਦੀ ਅਣਗਹਿਲੀ ਕਾਰਨ ਅਸੀਂ ਆਪਣੇ ਵਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੇ ਤੇ ਨਾਲ ਹੀ ਇਸ ਗੱਲ ਦੀ ਵੀ ਚਿੰਤਾ ਹੈ ਕਿ ਉਹ ਅਗਲੀ ਵਾਰ ਨਵੇਂ ਦਾਖਲਿਆਂ ਲਈ ਲੋਕਾਂ ਕੋਲ ਕਿਸ ਤਰ੍ਹਾਂ ਜਾਣਗੇ।
ਛੁੱਟੀਆਂ ਦਾ ਕੰਮ ਨਾ ਹੋਣ 'ਤੇ 50 ਫੀਸਦੀ ਵਿਦਿਆਰਥੀ ਰਹੇ ਗੈਰ-ਹਾਜ਼ਰ
ਗਰਮੀਆਂ ਦੀਆਂ ਛੁੱਟੀਆਂ ਕੱਟਣ ਤੋਂ ਬਾਅਦ ਪੰਜਾਬ ਦੇ ਸਰਕਾਰੀ ਸਕੂਲ ਖੁੱਲ੍ਹਣ ਦਾ ਅੱਜ ਪਹਿਲਾ ਦਿਨ ਸੀ। ਸਕੂਲ ਟਾਈਮ ਜਦੋਂ ਸਕੂਲਾਂ ਅੰਦਰ ਝਾਤੀ ਮਾਰੀ ਗਈ ਤਾਂ ਬਹੁਤੇ ਸਕੂਲ ਵਿਦਿਆਰਥੀਆਂ ਦੀ ਗੈਰ-ਹਾਜ਼ਰੀ ਕਾਰਨ ਭਾਂਅ-ਭਾਂਅ ਕਰਦੇ ਨਜ਼ਰ ਆਏ। ਸਮਰਾਲਾ ਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਕੁੱਲ ਬੱਚਿਆਂ 'ਚੋਂ 50 ਫੀਸਦੀ ਬੱਚੇ ਹੀ ਹਾਜ਼ਰ ਹੋਏ। ਇਸੇ ਤਰ੍ਹਾਂ ਬਾਜ਼ੀਗਰ ਬਸਤੀ ਸ਼ਾਮਗੜ੍ਹ ਦੇ 43 ਬੱਚਿਆਂ 'ਚੋਂ ਸਿਰਫ 3 ਬੱਚੇ ਹਾਜ਼ਰ ਮਿਲੇ, ਚਹਿਲਾਂ ਪ੍ਰਾਇਮਰੀ ਸਕੂਲ ਦੇ 95 ਵਿਦਿਆਰਥੀਆਂ 'ਚੋਂ ਕਰੀਬ 50 ਬੱਚੇ ਆਏ, ਘੁਲਾਲ ਪ੍ਰਾਇਮਰੀ ਸਕੂਲ 'ਚ 87 'ਚੋਂ 67 ਹਾਜ਼ਰ ਹੋਏ, ਕੋਟਲਾ ਪ੍ਰਾਇਮਰੀ ਸਕੂਲ 72 'ਚੋਂ 35 ਆਏ, ਪ੍ਰਾਇਮਰੀ ਸਕੂਲ ਮੁੱਤੋਂ 'ਚ 28 'ਚੋਂ 18 ਹਾਜ਼ਰ ਹੋਏ, ਪ੍ਰਾਇਮਰੀ ਸਕੂਲ ਬੌਂਦਲ 'ਚ 40 'ਚੋਂ 30 ਤੇ ਚਹਿਲਾਂ ਮਿਡਲ ਸਕੂਲ 'ਚ 113 'ਚੋਂ 57 ਵਿਦਿਆਰਥੀ ਹਾਜ਼ਰ ਹੋਏ। ਇਸ ਤਰ੍ਹਾਂ ਵਿਦਿਆਰਥੀਆਂ ਦੀ ਗੈਰ-ਹਾਜ਼ਰੀ ਸਬੰਧੀ ਅਧਿਆਪਕਾਂ ਨੇ ਦੱਸਿਆ ਕਿ ਸਕੂਲ ਦਾ ਕੰਮ ਪੂਰਾ ਨਾ ਹੋਣ ਦੀ ਹਾਲਤ 'ਚ ਵਿਦਿਆਰਥੀ ਸਕੂਲ ਆਉਣ ਤੋਂ ਕਤਰਾ ਗਏ ਹਨ।
90 ਦਿਨਾਂ ਬਾਅਦ ਵੀ ਕਿਤਾਬਾਂ ਤੋਂ ਸੱਖਣੇ ਸਰਕਾਰੀ ਸਕੂਲ
ਪੰਜਾਬ ਸਕੂਲ ਸਿੱਖਿਆ ਬੋਰਡ ਨਵੇਂ ਸੈਸ਼ਨ ਦੇ 90 ਦਿਨ ਬੀਤ ਜਾਣ 'ਤੇ ਵੀ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ 54 ਕਿਤਾਬਾਂ ਅਜੇ ਤਕ ਵਿਦਿਆਰਥੀਆਂ ਤਕ ਪੁੱਜਦੀਆਂ ਨਹੀਂ ਕਰ ਸਕਿਆ। ਜਾਣਕਾਰੀ ਅਨੁਸਾਰ ਪ੍ਰਾਇਮਰੀ ਸਕੂਲਾਂ ਨਾਲ ਸਬੰਧਿਤ 21 ਵਿਸ਼ਿਆਂ 'ਚੋਂ ਸਿਰਫ 6 ਕਿਤਾਬਾਂ ਹੀ ਵਿਦਿਆਰਥੀਆਂ ਨੂੰ ਪ੍ਰਾਪਤ ਹੋਈਆਂ ਹਨ, ਜਦਕਿ ਬਾਕੀਆਂ ਦੀ ਉਡੀਕ ਜਾਰੀ ਹੈ, ਜਿਨ੍ਹਾਂ 'ਚ ਪਹਿਲੀ ਜਮਾਤ ਲਈ ਪੰਜਾਬੀ, ਅੰਗਰੇਜ਼ੀ ਤੇ ਹਿਸਾਬ ਦੀ ਕਿਤਾਬ, ਦੂਜੀ ਜਮਾਤ ਲਈ ਪੰਜਾਬੀ ਤੇ ਹਿਸਾਬ ਦੀ ਕਿਤਾਬ, ਚੌਥੀ ਤੇ ਪੰਜਵੀਂ ਜਮਾਤ ਲਈ ਵਾਤਾਵਰਣ ਤੇ ਹਿਸਾਬ ਦੀਆਂ ਕਿਤਾਬਾਂ ਨਹੀਂ ਮਿਲੀਆਂ, ਜਦਕਿ ਤੀਜੀ ਜਮਾਤ ਦੀ ਕੋਈ ਵੀ ਕਿਤਾਬ ਵਿਦਿਆਰਥੀਆਂ ਤਕ ਨਹੀਂ ਪਹੁੰਚ ਸਕੀ ਹੈ। ਇਸੇ ਤਰ੍ਹਾਂ ਛੇਵੀਂ ਤੋਂ ਅਠਵੀਂ ਤਕ ਦੇ ਬਹੁਤੇ ਵਿਦਿਆਰਥੀਆਂ ਨੂੰ ਹਿੰਦੀ, ਹਿਸਾਬ, ਸਮਾਜਿਕ ਸਿੱਖਿਆ, ਕੰਪਿਊਟਰ, ਸਾਇੰਸ ਵਿਸ਼ਿਆਂ ਦੀਆਂ ਕਿਤਾਬਾਂ ਪ੍ਰਾਪਤ ਨਹੀਂ ਹੋਈਆਂ, ਜਦਕਿ ਨੌਵੀਂ ਜਮਾਤ ਲਈ ਨਾਵਲ ਤੇ ਦਸਵੀਂ ਜਮਾਤ ਲਈ ਅੰਗਰੇਜ਼ੀ ਗਰਾਮਰ, ਹਿਸਾਬ ਤੇ ਸਾਇੰਸ ਦੀਆਂ ਕਿਤਾਬਾਂ ਤੋਂ ਸਬੰਧਿਤ ਵਿਦਿਆਰਥੀਆਂ ਦੇ ਹੱਥ ਸੱਖਣੇ ਹਨ।
ਕਿਤਾਬਾਂ ਬਾਰੇ ਕਿਸ ਨੂੰ ਪੁੱਛੀਏ.... ਮੰਤਰੀ ਨਹੀਂ ਚੁੱਕਦੈ ਫੋਨ
ਲਗਾਤਾਰ ਪਹਿਲਾਂ ਦੀ ਤਰ੍ਹਾਂ ਅੱਜ ਵੀ ਪੰਜਾਬ ਦੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨਾਲ ਜਦੋਂ ਗੱਲ ਕਰਨ ਲਈ ਉਨ੍ਹਾਂ ਦਾ ਫੋਨ ਨੰਬਰ ਡਾਇਲ ਕੀਤਾ ਗਿਆ ਤਾਂ ਅਨੇਕਾਂ ਵਾਰ ਕਾਲ ਕਰਨ 'ਤੇ ਵੀ ਫੋਨ ਅਟੈਂਡ ਨਹੀਂ ਕੀਤਾ ਗਿਆ, ਜਦਕਿ ਉਨ੍ਹਾਂ ਦਾ ਦੂਸਰਾ ਨੰਬਰ ਸਵਿਚ ਆਫ ਆ ਰਿਹਾ ਸੀ। ਪਹਿਲਾਂ ਵੀ ਅਨੇਕਾਂ ਲੋਕਾਂ ਵਲੋਂ ਸਿੱਖਿਆ ਮੰਤਰੀ ਵਲੋਂ ਫੋਨ ਨਾ ਚੁੱਕਣ ਦੀ ਆਦਤ ਤੋਂ ਤੰਗ ਹੋਣ 'ਤੇ ਚਰਚੇ ਕੀਤੇ ਜਾਂਦੇ ਰਹੇ ਹਨ। ਮੰਤਰੀ ਵਲੋਂ ਫੋਨ ਨਾ ਚੁੱਕਣ ਦੀ ਸੂਰਤ 'ਚ ਸਬੰਧਿਤ ਡੀ. ਈ. ਓ. ਗੁਰਜੋਤ ਸਿੰਘ ਨੇ ਕਿਤਾਬਾਂ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਸਿੱਖਿਆ ਦਾ ਪ੍ਰਬੰਧ ਸੁਚਾਰੂ ਰੂਪ 'ਚ ਚਲਾਉਣ ਲਈ ਤੇਜ਼ੀ ਨਾਲ ਯਤਨ ਕੀਤੇ ਜਾ ਰਹੇ ਹਨ ਤੇ ਜਿਨ੍ਹਾਂ ਵਿਸ਼ਿਆਂ ਦੀਆਂ ਕਿਤਾਬਾਂ ਵਿਭਾਗ ਵੱਲ ਬਕਾਇਆ ਹਨ, ਉਹ ਕਿਤਾਬਾਂ ਇਕ ਹਫਤੇ ਵਿਚ ਸਬੰਧਿਤ ਸਕੂਲਾਂ 'ਚ ਪਹੁੰਦੀਆਂ ਕਰ ਦਿੱਤੀਆਂ ਜਾਣਗੀਆਂ। ਵੈਸੇ ਵੀ ਪਿਛਲੇ ਸਮੇਂ 'ਚ ਥੋੜ੍ਹੀਆਂ-ਥੋੜ੍ਹੀਆਂ ਕਰਕੇ ਸਬੰਧਿਤ ਸਕੂਲਾਂ ਨੂੰ ਕਿਤਾਬਾਂ ਭੇਜੀਆਂ ਜਾ ਰਹੀਆਂ ਹਨ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ ਠੱਗੀ
NEXT STORY