ਚੰਡੀਗੜ੍ਹ : ਮਿਸ਼ਨ ਫਤਿਹ ਤਹਿਤ ਕੋਵਿਡ-19 ਦੀ ਰੋਕਥਾਮ ਲਈ ਚੁੱਕੇ ਜਾ ਕਦਮਾਂ ਅਧੀਨ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ 2 ਕੋਵਿਡ ਪਾਜ਼ੇਟਿਵ ਮਰੀਜ਼ਾਂ ਨੂੰ ਸਫਲਤਾ ਪੂਰਵਕ ਪਲਾਜ਼ਮਾ ਥੈਰੇਪੀ ਦਿੱਤੀ ਗਈ ਹੈ। ਇਹ ਜਾਣਕਾਰੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ. ਪੀ. ਸੋਨੀ ਨੇ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਇਕ ਪੱਤਰ ਜਾਰੀ ਕਰਕੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਪਲਾਜ਼ਮਾ ਥੈਰੇਪੀ ਰਾਹੀਂ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਕਰਨ ਦੀ ਪ੍ਰਵਾਨਗੀ ਦਿੱਤੀ ਸੀ, ਜਿਸ ਸਦਕਾ ਜੀ. ਐਮ. ਸੀ., ਅੰਮ੍ਰਿਤਸਰ ਵਿਖੇ 2 ਮਰੀਜ਼ਾਂ ਨੂੰ ਰਾਤ ਪਲਾਜ਼ਮਾ ਥੈਰੇਪੀ ਦਿੱਤੀ ਗਈ ਹੈ।
ਇਹ ਮਰੀਜ਼ ਗੁਰੂ ਨਾਨਕ ਦੇਵ ਹਸਤਪਾਲ ਅਤੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਦਾਖਲ ਸਨ, ਜਿਨ੍ਹਾਂ 'ਚੋਂ ਇਕ ਪਠਾਨਕੋਟ ਨਾਲ ਸਬੰਧਤ ਹੈ, ਜਦੋਂ ਕਿ ਦੂਜਾ ਅੰਮ੍ਰਿਤਸਰ ਨਾਲ ਸਬੰਧ ਰੱਖਦਾ ਹੈ। ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਨੇ ਦੱਸਿਆ ਕਿ ਛੇਹਰਟਾ (ਅੰਮ੍ਰਿਤਸਰ) ਨਾਲ ਸਬੰਧਤ ਕੋਵਿਡ-19 ਤੋਂ ਸਿਹਤਯਾਬ ਹੋਏ ਵਿਅਕਤੀ ਵੱਲੋਂ ਦਾਨ ਕੀਤਾ ਗਿਆ ਪਲਾਜ਼ਮਾਂ ਇਨ੍ਹਾਂ ਮਰੀਜ਼ਾਂ ਨੂੰ ਚੜ੍ਹਾਇਆ ਗਿਆ ਹੈ। ਇਹ ਵਿਅਕਤੀ ਦੁਬਈ ਤੋਂ ਪਰਤਣ 'ਤੇ ਕੋਵਿਡ ਪਾਜ਼ੇਟਿਵ ਪਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪਲਾਜ਼ਮਾ ਥੈਰੇਪੀ ਰਾਤ 3:35 ਵਜੇ ਸ਼ੁਰੂ ਕੀਤੀ ਗਈ ਸੀ ਅਤੇ ਸਫਲਤਾਪੂਰਵਕ ਪੂਰੀ ਕੀਤੀ ਗਈ, ਜਿਸ ਤੋਂ ਬਾਅਦ ਮਰੀਜ਼ਾਂ ਦੀ ਸਥਿਤੀ 'ਚ ਤੇਜ਼ੀ ਨਾਲ ਸੁਧਾਰ ਲਈ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਵੱਲੋਂ ਇਨ੍ਹਾਂ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ।
ਸੋਨੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਆਈ. ਸੀ. ਐਮ. ਆਰ. ਵੱਲੋਂ ਕੌਮੀ ਕਲੀਨਿਕਲ ਟਰਾਇਲ ਅਧੀਨ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਨੂੰ ਪਲਾਜ਼ਮਾ ਥੈਰੇਪੀ ਰਾਹੀਂ ਇਲਾਜ ਕਰਨ ਦੀ ਪ੍ਰਵਾਨਗੀ ਮਿਲੀ ਸੀ, ਜੋ ਕਿ ਇਸ ਥੈਰੇਪੀ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਇਕ ਮੋਹਰੀ ਇੰਸਟੀਚਿਊ ਬਣ ਗਿਆ ਹੈ। ਇੱਥੇ ਕੋਰੋਨਾ ਵਾਇਰਸ ਤੋਂ ਗੰਭੀਰ ਰੂਪ 'ਚ ਪੀੜਤ ਵਿਅਕਤੀ ਨੂੰ ਪਲਾਜ਼ਮਾ ਚੜ੍ਹਾਇਆ ਗਿਆ ਸੀ, ਜਿਸ ਦੀ ਸਥਿਤੀ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਉਹ ਨਿਗਰਾਨੀ ਅਧੀਨ ਹੈ।
ਉਨ੍ਹਾਂ ਦੱਸਿਆ ਕਿ ਪਲਾਜ਼ਮਾ ਥੈਰੇਪੀ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਦੁਨੀਆ ਭਰ 'ਚ ਵਰਤੀ ਜਾ ਰਹੀ ਹੈ। ਕੋਨਵਾਲੇਸੈਂਟ ਪਲਾਜ਼ਮਾ ਕੋਵਿਡ-19 ਦੇ ਲੱਛਣਾਂ ਵਾਲੇ ਠੀਕ ਹੋਏ ਕਿਸੇ ਵੀ ਮਰੀਜ਼ ਤੋਂ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਮਰੀਜ਼ ਦੀ ਰਿਪੋਰਟ (ਆਰਟੀ-ਪੀਸੀਆਰ) ਨੈਗੇਟਿਵ ਹੋ ਜਾਂਦੀ ਹੈ ਤਾਂ ਉਹ 14 ਦਿਨਾਂ ਬਾਅਦ ਆਪਣਾ ਪਲਾਜ਼ਮਾ ਦਾਨ ਕਰ ਸਕਦਾ ਹੈ ਕਿਉਂਕਿ ਉਸ ਦੇ ਖੂਨ 'ਚ ਐਂਟੀਬਾਡੀਜ਼ ਹੁੰਦੀਆਂ ਹਨ, ਜੋ ਬਿਮਾਰੀ ਨੂੰ ਠੀਕ ਕਰਨ 'ਚ ਸਹਾਇਤਾ ਕਰ ਸਕਦੀਆਂ ਹਨ। ਉਨ੍ਹਾਂ ਇਸ ਸਿਹਤ ਸੰਕਟ ਨੂੰ ਜਿੱਤਣ ਲਈ ਇਸ ਕੰਮ 'ਚ ਸ਼ਾਮਲ ਸਾਰੇ ਡਾਕਟਰਾਂ ਅਤੇ ਅਮਲੇ ਦੀ ਸ਼ਲਾਘਾ ਕਰਦਿਆਂ ਕੋਵਿਡ-19 ਤੋਂ ਸਿਹਤਯਾਬ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਪਲਾਜ਼ਮਾਂ ਦਾਨ ਕਰ ਕੇ ਇਸ ਨੇਕ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਿਸ਼ਨ ਫਤਿਹ ਤਹਿਤ ਕੋਵਿਡ-19 ਦੇ ਟਾਕਰੇ ਲਈ ਸਰਕਾਰੀ ਸਿਹਤ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨਵੀਨ ਵਿਧੀਆਂ ਰਾਹੀਂ ਇਲਾਜ ਕਰਨ ਲਈ ਵੀ ਉਪਰਾਲੇ ਕੀਤੇ ਹਨ।
ਜਲੰਧਰ : ਡੀ. ਸੀ. ਨੇ ਦਿੱਤੇ ਸਿਵਲ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਦਿੱਤੇ ਹੁਕਮ
NEXT STORY