ਜਲੰਧਰ (ਸੁਧੀਰ)- ਕੈਨੇਡਾ 'ਚ 219 ਮਿਲੀਅਨ ਡਾਲਰ ਦੇ OSAP (ਓਂਟਾਰੀਓ ਸਟੂਡੈਂਟ ਅਸਿਸਟੈਂਟ ਪ੍ਰੋਗਰਾਮ) ਗ੍ਰਾਂਟ ਮਾਮਲੇ ਵਿੱਚ ਬਿਨਾਂ ਕਿਸੇ ਠੋਸ ਸਬੂਤ ਦੇ ਸੋਸ਼ਲ ਮੀਡੀਆ 'ਤੇ ਆਪਣੇ ਨਾਮ ਅਤੇ ਫੋਟੋਆਂ ਪੋਸਟ ਕਰਕੇ ਪੰਜਾਬ ਦੇ ਰੀਅਲ ਅਸਟੇਟ ਕਾਰੋਬਾਰੀ ਗੁਰਿੰਦਰ ਭੱਟੀ ਅਤੇ ਉਸ ਦੀ ਕੰਪਨੀ ਜੀ. ਬੀ. ਰਿਐਲਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਪੰਜਾਬ ਪੁਲਸ ਨੇ ਕਈ ਇਨਫਲੂਐਂਸਰ ਅਤੇ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ। ਉਥੇ ਹੀ ਇਸ ਮਾਮਲੇ 'ਚ ਪੰਜਾਬ ਪੁਲਸ ਨੇ ਇਕ ਐੱਫ਼. ਆਈ. ਆਰ. 'ਚ ਸੋਸ਼ਲ ਮੀਡੀਆ ਖਾਤਿਆਂ ਦੇ ਲਗਭਗ 119 ਲਿੰਕਾਂ ਦਾ ਨਾਮ ਵੀ ਦਿੱਤਾ ਹੈ, ਜਿਨ੍ਹਾਂ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਸੋਸ਼ਲ ਮੀਡੀਆ ਰਾਹੀਂ ਗੁਰਿੰਦਰ ਭੱਟੀ ਅਤੇ ਉਸ ਦੀ ਕੰਪਨੀ ਦੀ ਛਵੀ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਰਚੀ ਸੀ। ਇਨ੍ਹਾਂ ਲਿੰਕਾਂ ਦੇ ਆਧਾਰ 'ਤੇ ਪੁਲਸ ਉਨ੍ਹਾਂ ਲੋਕਾਂ ਦੀ ਪਛਾਣ ਕਰੇਗੀ, ਜਿਨ੍ਹਾਂ ਨੇ ਗੁਰਿੰਦਰ ਭੱਟੀ ਦੇ ਅਕਸ ਨੂੰ ਖ਼ਰਾਬ ਕੀਤਾ ਸੀ ਅਤੇ ਇਸ ਮਾਮਲੇ 'ਚ ਉਨ੍ਹਾਂ ਦਾ ਨਾਮ ਨਾਮਜ਼ਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ: OSAP ਮਾਮਲੇ ਨਾਲ ਜੁੜੀ ਵੱਡੀ ਖ਼ਬਰ! Fraud ਦੇ ਇਲਜ਼ਾਮ ਨਿਕਲੇ ਝੂਠੇ, ਮੰਗੀ ਮੁਆਫ਼ੀ
ਪੁਲਸ ਨੂੰ ਦਿੱਤੇ ਬਿਆਨਾਂ 'ਚ ਐਡਵੋਕੇਟ ਪਾਰਸ ਸ਼ਰਮਾ ਨੇ ਦੱਸਿਆ ਕਿ ਉਹ ਜੀ. ਬੀ. ਰਿਐਲਿਟੀ ਗਰੁੱਪ ਮੋਹਾਲੀ ਦੇ ਅਧਿਕਾਰਤ (ਆਥੋਰਾਈਜ਼ਡ) ਵਕੀਲ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਗਮਾਡਾ (GMADA) ਤੋਂ ਜ਼ਮੀਨਾਂ ਲੈ ਕੇ ਮੋਹਾਲੀ ਏਅਰਪੋਰਟ ਰੋਡ ਅਤੇ ਨਿਊ ਚੰਡੀਗੜ੍ਹ 'ਚ ਪੰਜਾਬ 'ਚ ਪਹਿਲੀ ਵਾਰ ਬ੍ਰਾਂਡਿਡ ਰੈਜ਼ੀਡੈਂਸੀ ਪ੍ਰਾਜੈਕਟ ਲੈ ਕੇ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਗਰੁੱਪ ਦੇ ਅਕਸ ਨੂੰ ਖ਼ਰਾਬ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬਿਨਾਂ ਕਿਸੇ ਜਾਂਚ ਅਤੇ ਬਿਨਾਂ ਕਿਸੇ ਠੋਸ ਸਬੂਤ ਦੇ ਆਧਾਰ 'ਤੇ ਕੈਨੇਡਾ 'ਚ ਹੋਈ ਧੋਖਾਧੜੀ ਦੇ ਮਾਮਲੇ 'ਚ ਉਨ੍ਹਾਂ ਦੀ ਕੰਪਨੀ ਅਤੇ ਐੱਮ. ਡੀ. ਬਾਰੇ ਗਲਤ, ਝੂਠੀਆਂ ਤੇ ਬੇਬੁਨਿਆਦ ਅਫ਼ਵਾਹਾਂ ਫੈਲਾ ਕੇ ਉਨ੍ਹਾਂ ਦੇ ਅਕਸ ਖ਼ਰਾਬ ਕਰਨ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਅਤੇ ਮਾਲਕ 'ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੇ ਰੀਅਲ ਅਸਟੇਟ ਕਾਰੋਬਾਰ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਇਹ ਸਾਜ਼ਿਸ਼ ਜਾਣਬੁੱਝ ਕੇ ਰਚੀ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਰਾਹ 'ਚ ਘੇਰ ਕੇ ਸ਼ਰੇਆਮ ਮਾਰ 'ਤਾ ਨੌਜਵਾਨ
ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ, ਕੈਨੇਡਾ ਸਿਟੀਜ਼ਨ ਅਤੇ ਨਿਵਾਸੀ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਕੁਝ ਸਾਲ ਪਹਿਲਾਂ ਓਸੈਪ ਗ੍ਰਾਂਟ ਦੀ ਸ਼ੁਰੂਆਤ ਕੀਤੀ ਸੀ। ਕੋਵਿਡ-19 ਦੌਰਾਨ ਵੀ ਆਨਲਾਈਨ ਕਲਾਸਾਂ ਲਈ ਕੈਨੇਡਾ ਸਰਕਾਰ ਨੇ ਇਸ ਸਕੀਮ ਨੂੰ ਮਨਜ਼ੂਰੀ ਦਿੱਤੀ ਸੀ। ਕੋਵਿਡ ਖ਼ਤਮ ਹੋਣ ਤੋਂ ਬਾਅਦ ਵੀ ਇਸ ਸਕੀਮ ਨੂੰ ਜਾਰੀ ਰੱਖਿਆ ਗਿਆ ਅਤੇ ਇਸ ਨੂੰ ਬੰਦ ਨਹੀਂ ਕੀਤਾ ਗਿਆ। ਜਿਸ 'ਚ ਕੈਨੇਡਾ ਵਿੱਚ ਰਹਿੰਦੇ ਕਈ ਵਿਦਿਆਰਥੀਆਂ ਨੇ ਇਸ ਸਕੀਮ ਦਾ ਲਾਭ ਉਠਾਇਆ। ਇਹ ਸਕੀਮ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਸਿਰਫ਼ ਡੋਮੈਸਟਿਕ (ਸਥਾਨਕ) ਵਿਦਿਆਰਥੀਆਂ ਨੂੰ ਹੀ ਦਿੱਤੀ ਜਾਂਦੀ ਸੀ, ਜਦਕਿ ਇੰਟਰਨੈਸ਼ਨਲ ਵਿਦਿਆਰਥੀਆਂ ਲਈ ਇਹ ਸਕੀਮ ਮਾਨਤਾ ਪ੍ਰਾਪਤ ਨਹੀਂ ਸੀ।
ਕੁਝ ਸਮਾਂ ਪਹਿਲਾਂ ਕੈਨੇਡਾ ਸਰਕਾਰ ਨੇ ਕੁਝ ਪ੍ਰਾਈਵੇਟ ਕਾਲਜਾਂ ਦਾ ਆਡਿਟ ਕੀਤਾ, ਜਿਸ 'ਚ ਇਕ ਕਾਲਜ 'ਚ ਕਾਰੋਬਾਰੀ ਗੁਰਿੰਦਰ ਭੱਟੀ ਦਾ ਹਿੱਸਾ (ਸ਼ੇਅਰ) ਵੀ ਸੀ। ਕੈਨੇਡਾ ਸਰਕਾਰ ਨੇ ਆਡਿਟ ਦੌਰਾਨ ਕਈ ਕਾਲਜਾਂ 'ਚ ਖਾਮੀਆਂ ਪਾਈਆਂ ਅਤੇ ਸਰਕਾਰ ਨੇ ਲਗਭਗ 7 ਕਾਲਜਾਂ ਨੂੰ ਨੋਟਿਸ ਜਾਰੀ ਕੀਤਾ। ਜਿਸ 'ਚ ਸਿਰਫ਼ 'ਅਕੈਡਮਿਕ ਕਾਲਜ ਆਫ਼ ਲਰਨਿੰਗ' ਦੇ ਪ੍ਰਤੀਨਿਧੀ ਪੁਨੀਤ ਖੰਨਾ ਨੇ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਕੈਨੇਡਾ ਦੀ ਅਦਾਲਤ ਵਿੱਚ ਯਾਚਿਕਾ ਦਾਇਰ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ, ਜਦੋਂਕਿ ਇਸ ਮਾਮਲੇ ਵਿੱਚ ਸਰਕਾਰ ਨੇ ਕਿਸੇ ਦਾ ਵੀ ਨਾਂ ਉਜਾਗਰ ਨਹੀਂ ਕੀਤਾ ਸੀ। ਜਿਸ ਤੋਂ ਬਾਅਦ ਕੁਝ ਸਾਜ਼ਿਸ਼ਕਰਤਾਵਾਂ ਨੇ ਇਸ ਮਾਮਲੇ 'ਚ ਰੀਅਲ ਅਸਟੇਟ ਕਾਰੋਬਾਰੀ ਗੁਰਿੰਦਰ ਭੱਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਹਿਤ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਸ ਮਾਮਲੇ ਨੂੰ ਮਰੋੜ ਕੇ ਅਤੇ ਬਿਨਾਂ ਕਿਸੇ ਤੱਥਾਂ ਦੇ ਆਧਾਰ 'ਤੇ ਉਨ੍ਹਾਂ ਦੀਆਂ ਤਸਵੀਰਾਂ ਜੋੜ ਕੇ ਫ਼ਰਜ਼ੀ ਖ਼ਬਰਾਂ ਚਲਾ ਦਿੱਤੀਆਂ। ਦੋਸ਼ ਬੇਬੁਨਿਆਦ ਹੋਣ ਕਾਰਨ ਪੰਜਾਬ ਪੁਲਸ ਨੇ ਵੀ ਮਾਮਲੇ ਦੀ ਜਾਂਚ ਤੋਂ ਬਾਅਦ ਕੇਸ ਦਰਜ ਕਰ ਲਿਆ ਹੈ ਅਤੇ 119 ਸੋਸ਼ਲ ਮੀਡੀਆ ਲਿੰਕਾਂ ਨੂੰ ਐੱਫ਼. ਆਈ. ਆਰ. 'ਚ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ: ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ ਹਜ਼ਾਰ ਰੁਪਏ ਫ਼ੀਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ, ਲਿਆ ਗਿਆ ਇਹ ਅਹਿਮ ਫ਼ੈਸਲਾ
NEXT STORY