ਤਰਨਤਾਰਨ (ਰਾਜੂ, ਰਮਨ) - ਡਿਪਟੀ ਕਮਿਸ਼ਨਰ ਤਰਨਤਾਰਨ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਅਨਾਜ ਮੰਡੀ ਤਰਨਤਾਰਨ ਵਿਖੇ ਪਹੁੰਚ ਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲਾ ਤਰਨਤਾਰਨ ਦੀਆਂ ਮੰਡੀਆਂ 'ਚੋਂ ਕੁਲ 5 ਲੱਖ 88 ਹਜ਼ਾਰ 970 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ ਅਤੇ ਇਸ ਸਾਲ ਜ਼ਿਲੇ ਦੀਆਂ ਮੰਡੀਆਂ 'ਚ ਲਗਭਗ 8 ਲੱਖ 42 ਹਜ਼ਾਰ ਮੀਟ੍ਰਿਕ ਟਨ ਝੋਨਾ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਝੋਨੇ ਦੀ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਂਦਿਆਂ ਜ਼ਿਲਾ ਤਰਨਤਾਰਨ ਵਿਚ 56 ਖਰੀਦ ਕੇਂਦਰ ਬਣਾਏ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਪੂਰੇ ਪੱਕੇ ਹੋਏ ਝੋਨੇ ਦੀ ਹੀ ਕਟਾਈ ਕਰਵਾਉਣ, ਹਰਾ ਅਤੇ ਨਮੀ ਵਾਲਾ ਝੋਨਾ ਨਾ ਕਟਾਉਣ ਤਾਂ ਕਿ ਉਨ੍ਹਾਂ ਨੂੰ ਮੰਡੀਆਂ 'ਚ ਆਪਣਾ ਝੋਨਾ ਵੇਚਣ 'ਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਜ਼ਿਲੇ ਭਰ 'ਚ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਕੰਬਾਈਨ ਚਲਾਉਣ 'ਤੇ ਪਾਬੰਦੀ ਲਾਈ ਗਈ ਹੈ। ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਉਨ੍ਹਾਂ ਨੂੰ ਅਲਾਟ ਕੀਤੇ ਗਏ ਖਰੀਦ ਕੇਂਦਰਾਂ 'ਚ ਹਾਜ਼ਰ ਰਹਿਣ ਅਤੇ ਸਰਕਾਰੀ ਖਰੀਦ ਦੇ ਮਾਪਦੰਡਾਂ 'ਤੇ ਪੂਰੇ ਉਤਰਦੇ ਝੋਨੇ ਦੀ ਤੁਰੰਤ ਖਰੀਦ ਯਕੀਨੀ ਬਣਾਉਣ। ਕਿਸਾਨਾਂ ਨੂੰ ਖਰੀਦ ਕੀਤੀ ਗਈ ਫਸਲ ਦੀ ਅਦਾਇਗੀ 48 ਘੰਟਿਆਂ 'ਚ ਕਰਨ ਅਤੇ ਝੋਨੇ ਦੀ ਲਿਫਟਿੰਗ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਐੱਸ. ਡੀ. ਐੱਮ. ਡਾ. ਅਮਨਦੀਪ ਕੌਰ, ਡੀ. ਐੱਫ. ਐੱਸ. ਸੀ. ਨਿਰਮਲ ਸਿੰਘ, ਜ਼ਿਲਾ ਮੰਡੀ ਅਫ਼ਸਰ ਪਾਲ ਸਿੰਘ, ਜ਼ਿਲਾ ਮੈਨੇਜਰ ਮਾਰਕਫੈੱਡ ਇੰਦਰਜੀਤ ਸਿੰਘ, ਜ਼ਿਲਾ ਮੈਨੇਜਰ ਪਨਸਪ ਗੁਰਿੰਦਰ ਸਿੰਘ, ਜ਼ਿਲਾ ਮੈਨੇਜਰ ਵੇਅਰ ਹਾਊਸ ਕਰੁਣਦੀਪ ਸਿੰਘ, ਪੰਜਾਬ ਐਗਰੋ ਜ਼ਿਲਾ ਮੈਨੇਜਰ ਇੰਦਰਦੀਪ ਸਿੰਘ, ਜ਼ਿਲਾ ਮੈਨੇਜਰ ਐੱਫ. ਸੀ. ਆਈ. ਕ੍ਰਿਸ਼ਨ ਕੁਮਾਰ ਤੋਂ ਇਲਾਵਾ ਡਾ. ਸੰਦੀਪ ਅਗਨੀਹੋਤਰੀ, ਕਸ਼ਮੀਰ ਸਿੰਘ ਸਿੱਧੂ ਭੋਲਾ, ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਦੇਊ, ਜਨਰਲ ਸਕੱਤਰ ਅਵਤਾਰ ਸ਼ਰਮਾ, ਖਜ਼ਾਨਚੀ ਦਵਿੰਦਰ ਸਿੰਘ ਬਿੱਟੂ, ਗੁਰਬਚਨ ਸਿੰਘ ਬਾਜਵਾ ਆਦਿ ਹਾਜ਼ਰ ਸਨ।
ਅੰਮ੍ਰਿਤਸਰ : ਭਿਆਨਕ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ
NEXT STORY