ਤਲਵੰਡੀ ਸਾਬੋ(ਮੁਨੀਸ਼)-ਪਾਕਿਸਤਾਨ ਸਰਕਾਰ ਵੱਲੋਂ ਗੁਰਸਿੱਖ ਜਥਿਆਂ 'ਚ ਕੇਸਧਾਰੀ ਸਿੱਖਾਂ ਨੂੰ ਹੀ ਇਜਾਜ਼ਤ ਦੇਣ ਦੇ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਦਮਦਮਾ ਸਾਹਿਬ ਵਿਖੇ ਪੁੱਜੇ ਹੋਏ ਸਨ, ਜਿਨ੍ਹਾਂ ਸੁਪਰੀਮ ਕੋਰਟ ਵੱਲੋਂ ਦਸਤਾਰ 'ਤੇ ਸਵਾਲ ਕਰਨ ਦੀ ਨਿੰਦਾ ਕਰਦੇ ਹੋਏ ਤੇ ਭੂੰਦੜ ਵਿਖੇ ਵਾਪਰੀ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਘਟਨਾ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਬ ਕਮੇਟੀ ਬਣਾਏ ਜਾਣ ਦੀ ਗੱਲ ਕੀਤੀ। ਦਮਦਮਾ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਰਿਹਾਇਸ਼ 'ਤੇ ਗੱਲਬਾਤ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ਜਾਣ ਵਾਲੇ ਸਿੱਖ ਜਥਿਆਂ 'ਚ ਸਰਧਾ ਭਾਵਨਾ ਨਾਲ ਹੀ ਜਾਇਆ ਜਾਵੇ। ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਜਾਣ ਵਾਲਾ ਜਥਾ ਅੰਮ੍ਰਿਤਧਾਰੀ ਤੇ ਗੁਰਸਿੱਖ ਹੋਵੇ। ਉਨ੍ਹਾਂ ਦੱਸਿਆ ਸ਼੍ਰੋਮਣੀ ਕਮੇਟੀ ਨੇ ਚਾਰ ਮੈਂਬਰ ਸਬ-ਕਮੇਟੀ ਦਾ ਗਠਨ ਕੀਤਾ ਹੈ ਜੋ ਯਾਤਰਾ ਦੇ ਅਗਲੇ ਪੜਾਵਾਂ ਬਾਰੇ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਦੇਵੇਗੀ। ਉਨ੍ਹਾਂ ਕਿਹਾ ਕਿ ਅੱਗੇ ਤੋਂ ਪਾਕਿ ਜਾਣ ਵਾਲੇ ਜਥਿਆਂ 'ਚ ਸਿੱਖੀ ਸਰੂਪ ਵਾਲਿਆਂ ਨੂੰ ਅਤੇ ਉਨ੍ਹਾਂ ਔਰਤਾਂ ਨੂੰ ਜਿਨ੍ਹਾਂ ਦੇ ਨਾਲ ਕੋਈ ਪਰਿਵਾਰਿਕ ਮੈਂਬਰ ਹੋਵੇਗਾ ਨੂੰ ਹੀ ਵੀਜ਼ੇ ਦੇਣ ਦੀ ਸਿਫਾਰਿਸ਼ ਸ਼੍ਰੋਮਣੀ ਕਮੇਟੀ ਕਰੇਗੀ। ਭਾਈ ਲੌਂਗੋਵਾਲ ਨੇ ਕਿਹਾ ਕਿ ਦੇਸ਼ ਦੀ ਮਾਣਯੋਗ ਸਰਵ ਉਚ ਅਦਾਲਤ ਦੇ ਜੱਜ ਸਾਹਿਬਾਨ ਵੱਲੋਂਂ ਸਿੱਖਾਂ ਦੀ ਦਸਤਾਰ ਪ੍ਰਤੀ ਕੀਤੀ ਟਿੱਪਣੀ ਅਤਿ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਇਤਿਹਾਸ ਗੌਰਵਪੂਰਨ ਹੈ ਤੇ ਦਸਤਾਰ ਸਿੱਖ ਕੌਮ ਦੀ ਪਛਾਣ ਦਾ ਪ੍ਰਤੀਕ ਹੈ। ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸਿੱਖਾਂ ਦੀ ਦਸਤਾਰ 'ਤੇ ਸਵਾਲ ਉਠਾਉਣਾ ਗੰਭੀਰ ਮੁੱਦਾ ਹੈ ਤੇ ਇਸ ਮਸਲੇ 'ਤੇ ਅਦਾਲਤ 'ਚ ਯੋਗ ਪੱਖ ਰੱਖਣ ਲਈ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਯਤਨਸ਼ੀਲ ਹਨ।ਭਾਈ ਲੌਂਗੋਵਾਲ ਨੇ ਇਸ ਮੌਕੇ ਭੂੰਦੜ ਵਿਖੇ ਵਾਪਰੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨੂੰ ਅਤਿ ਮੰਦਭਾਗੀ ਦੱਸਦਿਆਂ ਕਿਹਾ ਕਿ ਉਕਤ ਘਟਨਾ ਦੀ ਜਾਂਚ ਲਈ ਜਾਂਚ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਅਤੇ ਉਕਤ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਸ਼੍ਰੋਮਣੀ ਕਮੇਟੀ ਹਰ ਯਤਨ ਕਰੇਗੀ।ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਨੂੰ ਵੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਚੇਤ ਹੋਣਾ ਪਵੇਗਾ।ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ 12 ਜਮਾਤ ਦੇ ਨਤੀਜੇ 'ਚੋਂ ਜ਼ਿਲਾ ਬਠਿੰਡਾ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਮਨਜਿੰਦਰ ਕੌਰ ਜੋ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮ ਜੀਤ ਸਿੰਘ ਮੰਡਵੀ ਦੀ ਪੁੱਤਰੀ ਦਾ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਮਿੱਠੂ ਸਿੰਘ ਕਾਹਨੇਕੇ ਮੈਂਬਰ ਸ਼੍ਰੋਮਣੀ ਕਮੇਟੀ, ਤਖਤ ਸਾਹਿਬ ਦੇ ਮੈਨੇਜਰ ਭਾਈ ਕਰਨ ਸਿੰਘ, ਧਰਮ ਪ੍ਰਚਾਰ ਦਫਤਰ ਇੰਚਾਰਜ ਭੋਲਾ ਸਿੰਘ,ਗੁਰਸੇਵਕ ਸਿੰਘ, ਗੁਰਦੀਪ ਸਿੰਘ ਦੁਫੇੜਾ, ਸੁਰਿੰਦਰ ਸਿੰਘ ਸ਼ਿੰਦਾ ਆਦਿ ਹਾਜ਼ਰ ਸਨ।
ਪੀ. ਜੀ. 'ਚ ਰਹਿ ਰਹੀ ਲੜਕੀਆਂ ਨਾਲ ਸੰਚਾਲਕ ਨੇ ਕੀਤੀ ਛੇੜਛਾੜ, ਗ੍ਰਿਫਤਾਰ
NEXT STORY