ਮੋਹਾਲੀ (ਜੱਸੀ) : ਮੋਹਾਲੀ ਪੁਲਸ ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ. ਤੋਂ ਬਾਅਦ ਸੋਮਵਾਰ ਦਿਨੇ 12 ਵਜੇ ਥਾਣਾ ਸਾਈਬਰ ਕ੍ਰਾਈਮ ਫੇਜ਼-7 ਵਿਖੇ ਉਨ੍ਹਾਂ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਗਿਆ ਸੀ। ਉਨ੍ਹਾਂ ਦੇ ਵਕੀਲ ਪ੍ਰਦੀਪ ਵਿਰਕ ਉਕਤ ਪੁਲਸ ਸਟੇਸ਼ਨ ’ਚ ਪਹੁੰਚੇ ਤੇ ਪੁਲਸ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਬਾਜਵਾ 15 ਅਪ੍ਰੈਲ ਮਤਲਬ ਕਿ ਅੱਜ ਦੁਪਹਿਰ 2 ਵਜੇ ਪੁਲਸ ਜਾਂਚ ’ਚ ਸ਼ਾਮਲ ਹੋਣਗੇ। ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਮੋਹਾਲੀ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਦੀ ਕਾਪੀ ਹਾਸਲ ਕਰਨ ਲਈ ਉਨ੍ਹਾਂ ਦੇ ਵਕੀਲਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਅਦਾਲਤ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੂੰ ਮੋਹਾਲੀ ਪੁਲਸ ਵੱਲੋਂ ਐੱਫ. ਆਈ. ਆਰ. ਦੀ ਕਾਪੀ ਮੁਹੱਈਆ ਕਰਵਾਈ ਗਈ। ਉਨ੍ਹਾਂ ਦੇ ਵਕੀਲ ਹਿੰਮਤ ਸਿੰਘ ਦਿਓਲ ਤੇ ਐੱਚ. ਐੱਸ. ਧਨੋਆ ਨੇ ਡਿਊਟੀ ਮੈਜਿਸਟ੍ਰੇਟ ਅਭੈ ਰਾਜਨ ਸ਼ੁਕਲਾ ਦੀ ਅਦਾਲਤ ’ਚ ਅਰਜ਼ੀ ਦਾਇਰ ਕਰ ਕੇ ਬਾਜਵਾ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ. ਦੀ ਕਾਪੀ ਪੁਲਸ ਵੱਲੋਂ ਅਪਲੋਡ ਕਰਨ ਅਤੇ ਇਸ ਦੀ ਕਾਪੀ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਤੜਕੇ ਸਵੇਰੇ ਵੱਡਾ ਐਨਕਾਊਂਟਰ! ਮੁਲਜ਼ਮਾਂ ਨੇ SHO ਨਾਲ ਹੀ ਲੈ ਲਿਆ ਪੰਗਾ
ਉਨ੍ਹਾਂ ਨੇ ਅਦਾਲਤ ਦੇ ਧਿਆਨ ’ਚ ਲਿਆਂਦਾ ਕਿ ਪੁਲਸ ਵੱਲੋਂ ਬਾਜਵਾ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਗਿਆ ਹੈ ਪਰ ਉਨ੍ਹਾਂ ਨੂੰ ਐੱਫ. ਆਈ. ਆਰ. ਦੀ ਕਾਪੀ ਹੀ ਨਹੀਂ ਦਿੱਤੀ ਗਈ, ਜਦੋਂ ਤੱਕ ਐੱਫ. ਆਈ. ਆਰ. ਦੀ ਕਾਪੀ ਉਨ੍ਹਾਂ ਨੂੰ ਨਹੀਂ ਮਿਲਦੀ, ਉਹ ਪੁਲਸ ਸਾਹਮਣੇ ਆਪਣੇ ਬਿਆਨ ਕਿਵੇਂ ਦਰਜ ਕਰਵਾ ਸਕਦੇ ਹਨ। ਅਦਾਲਤ ਨੇ ਬਾਜਵਾ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੁਲਸ ਨੂੰ ਹੁਕਮ ਦਿੱਤੇ ਕਿ ਉਹ ਬਾਜਵਾ ਖ਼ਿਲਾਫ਼ ਦਰਜ ਐੱਫ. ਆਈ. ਆਰ. ਦੀ ਕਾਪੀ ਪੋਰਟਲ 'ਤੇ ਅਪਲੋਡ ਕਰਨ ਅਤੇ ਬਾਜਵਾ ਜਾਂ ਉਨ੍ਹਾਂ ਦੇ ਵਕੀਲਾਂ ਨੂੰ ਇਸ ਦੀ ਕਾਪੀ ਮੁਹੱਈਆ ਕਰਵਾਏ ਜਾਵੇ। ਬਾਜਵਾ ਦੇ ਵਕੀਲਾਂ ਵੱਲੋਂ ਐੱਫ. ਆਈ. ਆਰ. ਦੀ ਕਾਪੀ ਹਾਸਲ ਕਰਨ ਲਈ ਅਦਾਲਤ ’ਚ ਲਾਈ ਗਈ ਦਰਖ਼ਾਸਤ ਬਾਰੇ ਜਿਉਂ ਹੀ ਮੋਹਾਲੀ ਪੁਲਸ ਨੂੰ ਜਾਣਕਾਰੀ ਮਿਲੀ ਤਾਂ ਇਕ ਮਹਿਲਾ ਕਾਂਸਟੇਬਲ ਉੱਚ ਅਧਿਕਾਰੀ ਦੇ ਹੁਕਮਾਂ ’ਤੇ ਐੱਫ. ਆਈ. ਆਰ. ਦੀ ਕਾਪੀ ਲੈ ਕੇ ਤੁਰੰਤ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ’ਚ ਪਹੁੰਚੀ ਤੇ ਉਕਤ ਕਾਪੀ ਨਾਇਬ ਕੋਰਟ ਨੂੰ ਸੌਂਪੀ ਗਈ। ਬਾਜਵਾ ਦੇ ਵਕੀਲ ਹਿੰਮਤ ਸਿੰਘ ਦਿਓਲ ਤੇ ਐੱਚ. ਐੱਸ. ਧਨੋਆ ਅਦਾਲਤ ਦੇ ਹੁਕਮਾਂ ਦੀ ਕਾਪੀ ਲੈ ਕੇ ਸਾਈਬਰ ਕ੍ਰਾਈਮ ਸੈੱਲ ਫੇਜ਼-7 ਮੋਹਾਲੀ ਵਿਖੇ ਪਹੁੰਚੇ ਅਤੇ ਕਰੀਬ ਅੱਧਾ ਘੰਟਾ ਪੁਲਸ ਅਫ਼ਸਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਐੱਫ. ਆਈ. ਆਰ. ਦੀ ਕਾਪੀ ਹਾਸਲ ਹੋਈ। ਵਕੀਲਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਐੱਫ. ਆਈ. ਆਰ. ਦੀ ਕਾਪੀ ਮਿਲ ਗਈ ਹੈ ਅਤੇ ਇਸ ਨੂੰ ਪੜ੍ਹਨ ਤੋਂ ਬਾਅਦ ਉਨ੍ਹਾਂ ਦੀ ਲੀਗਲ ਟੀਮ ਅਗਲੀ ਰਣਨੀਤੀ ਬਾਰੇ ਦੱਸੇਗੀ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦੀ ਸ਼ਖ਼ਸ ਨੂੰ ਸਖ਼ਤ ਤਾੜਨਾ! ਨਾਲ ਹੀ ਦਿੱਤੀ ਵੱਡੀ ਚਿਤਾਵਨੀ, ਪੜ੍ਹੋ ਪੂਰਾ ਮਾਮਲਾ
ਲੋਕਾਂ ’ਚ ਡਰ ਤੇ ਅਸ਼ਾਂਤੀ ਫੈਲਾਉਣ ਲਈ ਬਿਆਨ ਦੇਣ ਦੇ ਦੋਸ਼ ’ਚ ਹੋਈ ਐੱਫ. ਆਈ. ਆਰ.
ਮੋਹਾਲੀ ਪੁਲਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਧਾਰਾ ਬੀ.ਐੱਨ.ਐੱਸ. ਦੀ ਧਾਰਾ 353(2) ਤੇ 197(1)(ਡੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਸੈਕਟਰ-76 ਵਿਖੇ ਪੁਲਸ ਦੇ ਸੋਸ਼ਲ ਮੀਡੀਆ ਸੈੱਲ ਦੇ ਦਫ਼ਤਰ ’ਚ ਤਾਇਨਾਤ ਤਰਨਪ੍ਰੀਤ ਕੌਰ ਨੂੰ ਸ਼ਿਕਾਇਤਕਰਤਾ ਬਣਾਇਆ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਫੇਸਬੁੱਕ 'ਤੇ ਇਕ ਪੋਸਟ ਦਿਸੀ, ਜਿਸ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇਕ ਇੰਟਰਵਿਊ ਦੌਰਾਨ ਦਾਅਵਾ ਕਰਦੇ ਹਨ ਕਿ 50 ਗ੍ਰਨੇਡ ਪੰਜਾਬ ’ਚ ਆਏ ਹਨ, ਜਿਨ੍ਹਾਂ 'ਚੋਂ 18 ਇਸਤੇਮਾਲ ਕੀਤੇ ਜਾ ਚੁੱਕੇ ਹਨ, ਜਦੋਂਕਿ 32 ਹਾਲੇ ਵੀ ਮੌਜੂਦ ਹਨ। ਉਨ੍ਹਾਂ ਨੇ ਇਸ ਸਬੰਧੀ ਸਬੂਤਾਂ ਬਾਰੇ ਪੁਲਸ ਨੂੰ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ।ਉਨ੍ਹਾਂ ਦੇ ਬਿਆਨ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਜਾਣ-ਬੁੱਝ ਕੇ ਦਿੱਤਾ ਗਿਆ ਹੈ ਤਾਂ ਜੋ ਲੋਕਾਂ ’ਚ ਡਰ ਤੇ ਅਸ਼ਾਂਤੀ ਪੈਦਾ ਹੋਵੇ। ਇਸ ਨਾਲ ਵੱਖ-ਵੱਖ ਭਾਈਚਾਰਿਆਂ ’ਚ ਡਰ ਤੇ ਵੈਰ-ਵਿਰੋਧ ਪੈਦਾ ਹੋ ਸਕਦਾ ਹੈ, ਜੋ ਜਨਤਕ ਸ਼ਾਂਤੀ, ਏਕਤਾ ਤੇ ਸੁਰੱਖਿਆ ਲਈ ਖ਼ਤਰਾ ਹੈ। ਇਹ ਇੰਟਰਵਿਊ ਜਾਣ-ਬੁੱਝ ਕੇ ਦਿੱਤਾ ਗਿਆ ਹੈ ਤਾਂ ਜੋ ਸਮਾਜ ਦੇ ਭਾਈਚਾਰੇ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਤੇ ਗ਼ਲਤ ਜਾਣਕਾਰੀ ਫੈਲਾ ਕੇ ਜਨਤਕ ਸ਼ਾਂਤੀ ਨੂੰ ਖ਼ਤਰੇ ’ਚ ਪਾਇਆ ਜਾ ਸਕੇ। ਇਸ ਲਈ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਐੱਫ. ਆਈ. ਆਰ. ਦਰਜ ਕਰਨ ਦੀ ਅਪੀਲ ਕੀਤੀ ਗਈ ਹੈ। ਸੀਨੀਅਰ ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ. ’ਚ ਜੋ ਧਾਰਾਵਾਂ ਲਾਈਆਂ ਗਈਆਂ ਹਨ, ਉਹ ਗ਼ੈਰ-ਜ਼ਮਾਨਤੀ ਹਨ। ਇਨ੍ਹਾਂ ਧਾਰਾਵਾਂ ’ਚ 3 ਸਾਲ ਕੈਦ ਹੋ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਰਮੀ ਦੌਰਾਨ ਅੱਜ ਲੱਗੇਗਾ ਲੰਬਾ POWERCUT, ਜਾਣੋ ਕਿਹੜੇ ਇਲਾਕਿਆਂ 'ਚ ਬਿਜਲੀ ਰਹੇਗੀ ਗੁੱਲ
NEXT STORY