ਫ਼ਿਰੋਜ਼ਪੁਰ (ਸੋਨੂੰ) : ਇਫਕੋ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਿਰੋਜ਼ਪੁਰ ਅਤੇ ਏਪੀਡਾ ਵੱਲੋਂ ਖੇਤੀਬਾੜੀ ਵਿਭਾਗ ਅਤੇ ਪਿੰਡ ਫਿਰੋਜ਼ਸ਼ਾਹ ਵਿਖੇ ਆਯੋਜਿਤ ਸਿਖਲਾਈ ਪ੍ਰੋਗਰਾਮ ਅਤੇ ਜਾਗਰੂਕਤਾ ਕੈਂਪਾਂ 'ਚ ਖੇਤੀ ਵਿਗਿਆਨ ਕੇਂਦਰ (ਕੇ. ਵੀ. ਕੇ.) ਫ਼ਿਰੋਜ਼ਪੁਰ ਵੱਲੋਂ ਡਿਪਟੀ ਡਾਇਰੈਕਟਰ ਡਾ. ਗੁਰਮੇਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਕਿਸਾਨਾਂ ਨੂੰ 'ਖੇਤ ਬਚਾਓ ਅਭਿਆਨ' ਤਹਿਤ ਜਾਗਰੂਕ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਦੌਰਾਨ ਇਫਕੋ ਦੇ ਜ਼ਿਲ੍ਹਾ ਮੈਨੇਜਰ ਸੰਦੀਪ ਨੇ ਮੁੱਖ ਖੇਤੀਬਾੜੀ ਅਫ਼ਸਰ ਡਾ ਬਲਵਿੰਦਰ ਸਿੰਘ, ਇਫਕੋ ਦੇ ਸਟੇਟ ਹੈੱਡ ਜੀਤ ਰਾਮ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ, ਕੇ. ਵੀ. ਕੇ ਟੀਮ ਅਤੇ ਪਹੁੰਚੇ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਇਫਕੋ ਵੱਲੋਂ ਕੀਤੇ ਗਏ ਕੰਮਾਂ ਅਤੇ ਉਤਪਾਦਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਫਕੋ ਦੇ ਸਟੇਟ ਹੈੱਡ ਜੀਤ ਰਾਮ ਨੇ ਅਧਿਕਾਰੀਆਂ ਨੂੰ ਖਾਦ ਦੀ ਸਪਲਾਈ ਅਤੇ ਰਾਜ ਪੱਧਰ 'ਤੇ ਕੀਤੇ ਜਾ ਰਹੇ ਕੰਮਾਂ ਬਾਰੇ ਅੰਕੜੇ ਸਾਂਝੇ ਕੀਤੇ।
ਇਸ ਦੌਰਾਨ ਕੇ. ਵੀ.ਕੇ ਦੇ ਡਾ. ਭੱਲਣ ਸਿੰਘ ਸੇਖੋਂ ਨੇ ਕਿਸਾਨਾਂ ਅਤੇ ਖੇਤੀਬਾੜੀ ਅਧਿਕਾਰੀਆਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਮਿੱਟੀ ਅਤੇ ਪਾਣੀ ਦੀ ਪਰਖ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਅਹਿਮ ਨੁਕਤਾ ਸਾਂਝਾ ਕਰਦਿਆਂ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਹਰੀ ਖਾਦ ਦੀ ਬਿਜਾਈ ਕੀਤੀ ਹੈ, ਉਹ ਝੋਨੇ ਵਿੱਚ ਪ੍ਰਤੀ ਏਕੜ 55 ਕਿੱਲੋ ਯੂਰੀਆ ਘੱਟ ਕਰ ਸਕਦੇ ਹਨ। ਹਰੀ ਖਾਦ ਵਾਲੇ ਖੇਤਾਂ ਵਿੱਚ ਬਾਸਮਤੀ ਦੀ ਫ਼ਸਲ ਨੂੰ ਯੂਰੀਆ ਪਾਉਣ ਦੀ ਬਿਲਕੁਲ ਲੋੜ ਨਹੀਂ ਹੈ। ਜੇਕਰ ਪਿਛਲੀ ਫ਼ਸਲ ਨੂੰ ਫ਼ਾਸਫ਼ੋਰਸ (ਡੀ. ਏ. ਪੀ.) ਦੀ ਸਿਫ਼ਾਰਸ਼ ਕੀਤੀ ਖ਼ੁਰਾਕ ਪਾਈ ਗਈ ਸੀ, ਤਾਂ ਝੋਨੇ ਵਿੱਚ ਫ਼ਾਸਫ਼ੋਰਸ ਪਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਸਬਜ਼ੀਆਂ 'ਚ ਖਾਦਾਂ ਦੀ ਵਰਤੋਂ ਪੀ. ਏ. ਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕਰਨ ਦੀ ਸਲਾਹ ਦਿੱਤੀ।
ਇਸ ਮੌਕੇ ਏਪੀਡਾ ਦੇ ਡਾ. ਪ੍ਰਮੋਦ ਕੁਮਾਰ ਤੋਮਰ ਨੇ ਕਿਸਾਨਾਂ ਨੂੰ ਬਾਸਮਤੀ ਵਿੱਚ ਕੀਟਨਾਸ਼ਕਾਂ ਦੀਆਂ ਬੇਲੋੜੀਆਂ ਸਪਰੇਆਂ ਨਾ ਕਰਨ ਦੀ ਅਪੀਲ ਕੀਤੀ ਅਤੇ ਮਿੱਤਰ ਕੀਟਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਖੇਤੀਬਾੜੀ ਵਿਭਾਗ ਦੇ ਡਾ. ਸੰਦੀਪ ਸਿੰਘ ਅਤੇ ਡਾ. ਮਨਵਿੰਦਰ ਸਿੰਘ ਨੇ ਕਿਸਾਨਾਂ ਨੂੰ ਵਿਭਾਗੀ ਸਕੀਮਾਂ, ਕਿਸਾਨ ਆਈ. ਡੀ. ਅਤੇ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਸੁਚੱਜੀ ਅਤੇ ਸੰਜਮ ਨਾਲ ਵਰਤੋਂ ਕਰਨ 'ਤੇ ਜ਼ੋਰ ਦਿੱਤਾ, ਤਾਂ ਜੋ ਅੰਤਰਰਾਸ਼ਟਰੀ ਪੱਧਰ 'ਤੇ ਨਿਰਯਾਤ (ਐਕਸਪੋਰਟ) ਦੀਆਂ ਸੰਭਾਵਨਾਵਾਂ ਨੂੰ ਤਲਾਸ਼ ਕੇ ਕਿਸਾਨ ਵਧੇਰੇ ਮੁਨਾਫ਼ਾ ਕਮਾ ਸਕਣ। ਕੈਂਪ ਦੇ ਅਖ਼ੀਰ 'ਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਅਤੇ ਇਹ ਕੈਂਪ ਇਲਾਕੇ ਦੇ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਇਆ।
ਜਲੰਧਰ 'ਚ ਗੋਲ਼ੀਆਂ ਮਾਰ ਕੇ 2 ਨੌਜਵਾਨਾਂ ਦਾ ਕਤਲ! ਜ਼ਖ਼ਮੀ ਨੌਜਵਾਨ ਨੇ ਹਸਪਤਾਲ 'ਚ ਤੋੜਿਆ ਦਮ
NEXT STORY