ਝਬਾਲ, (ਹਰਬੰਸ, ਨਰਿੰਦਰ)- ਗੁਰਦੁਆਰਾ ਬੀੜ ਸਾਹਿਬ ਵਿਖੇ ਅਖੰਡ ਪਾਠੀਆਂ ਵਜੋਂ ਸੇਵਾਵਾਂ ਨਿਭਾਅ ਰਹੇ 475 ਦੇ ਕਰੀਬ ਗ੍ਰੰਥੀ ਸਿੰਘਾਂ ਨੇ ਗੁਰਦੁਆਰਾ ਸਾਹਿਬ ਸਥਿਤ 'ਸੁਖ ਆਸਣ ਕੰਪਲੈਕਸ' ਦੇ ਅੱਗੇ ਹੱਕੀ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੋਧ ਬਿਗੁਲ ਵਜਾਉਂਦਿਆਂ ਹੜਤਾਲ ਆਰੰਭ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ, ਉਹ ਪਿੱਛੇ ਨਹੀਂ ਹੱਟਣਗੇ।
ਬਾਬਾ ਬੁੱਢਾ ਸਾਹਿਬ ਗ੍ਰੰਥੀ ਸਭਾ ਦੇ ਨਾਂ ਹੇਠ ਗਠਤ ਕਮੇਟੀ ਦੇ ਪ੍ਰਧਾਨ ਬਾਬਾ ਮਹਿਲ ਸਿੰਘ ਲਾਲੂਘੁੰਮਣ, ਰਣਧੀਰ ਸਿੰਘ ਝਬਾਲ, ਪਰਮਜੀਤ ਸਿੰਘ ਝਬਾਲ, ਭਾਈ ਸਰੂਪ ਸਿੰਘ ਭੁੱਚਰ ਆਦਿ ਦੀ ਅਗਵਾਈ ਹੇਠ ਗ੍ਰੰਥੀ ਸਿੰਘਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਭਾਈ ਮਹਿਲ ਸਿੰਘ, ਭਾਈ ਰਣਧੀਰ ਸਿੰਘ ਅਤੇ ਭਾਈ ਸਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਮੁਲਾਜ਼ਮਾਂ ਦੀਆਂ ਇਕ ਸਾਲ 'ਚ 2 ਵਾਰ ਤਰੱਕੀਆਂ ਕਰਨ ਦੇ ਨਾਲ ਕਈ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ ਪਰ ਅਖੰਡ ਪਾਠੀ ਸਿੰਘਾਂ ਦੀ ਭੇਟਾ 'ਚ ਪਿਛਲੇ ਕਈ ਸਾਲਾਂ ਤੋਂ ਵਾਧਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘਾਂ ਨੂੰ ਕਮੇਟੀ ਵੱਲੋਂ ਕੋਈ ਵੀ ਸਹੂਲਤ ਪ੍ਰਦਾਨ ਨਾ ਕਰਦਿਆਂ ਕਥਿਤ ਤੌਰ 'ਤੇ ਵਿਤਕਰੇਬਾਜ਼ੀ ਵਾਲਾ ਵਰਤਾਰਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਇਹ ਵੀ ਦੱਸਿਆ ਕਿ ਗ੍ਰੰਥੀ ਸਿੰਘਾਂ ਕੋਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੇਸ਼ਗੀ ਦੇ ਰੂਪ 'ਚ ਲਏ ਜਾਂਦੇ ਪ੍ਰਤੀ ਅਖੰਡ ਪਾਠੀ 7500 ਰੁਪਏ ਦਾ ਗ੍ਰੰਥੀ ਸਿੰਘਾਂ ਨੂੰ ਕੋਈ ਵੀ ਫਾਇਦਾ ਨਹੀਂ ਦਿੱਤਾ ਜਾ ਰਿਹਾ ਹੈ, ਜਦਕਿ ਉਕਤ ਪੇਸ਼ਗੀ ਰਾਸ਼ੀ ਦੀ ਸਬੰਧਤ ਅਖੰਡ ਪਾਠੀ ਦੇ ਨਾਂ 'ਤੇ ਐੱਫ. ਡੀ. ਹੋਣੀ ਚਾਹੀਦੀ ਹੈ। ਪਾਠੀ ਸਿੰਘਾਂ ਨੇ ਸ਼੍ਰੋਮਣੀ ਕਮੇਟੀ ਤੋਂ ਪ੍ਰਤੀ ਅਖੰਡ ਪਾਠ ਇਕ ਹਜ਼ਾਰ ਰੁਪਏ ਭੇਟਾ ਦੇਣ ਦੇ ਨਾਲ ਸਾਰੇ ਅਖੰਡ ਪਾਠੀ ਸਿੰਘਾਂ ਨੂੰ ਪੱਕਿਆਂ ਕਰਨ, ਉਨ੍ਹਾਂ ਨੂੰ ਮੈਡੀਕਲ ਅਤੇ ਸਿਹਤ ਬੀਮਾ ਸਣੇ ਕਮੇਟੀ ਮੁਲਾਜ਼ਮਾਂ ਵਾਂਗ ਸਾਰੀਆਂ ਸਹੂਲਤਾਂ ਦੇਣ ਲਈ ਅਪੀਲ ਕਰਦਿਆਂ ਕਿਹਾ ਕਿ ਗ੍ਰੰਥੀ ਸਿੰਘਾਂ ਦੇ ਅਦਬ ਸਤਿਕਾਰ ਨੂੰ ਵੀ ਬਹਾਲ ਰੱਖਣ ਲਈ ਨਿਯਮ ਲਾਗੂ ਕੀਤੇ ਜਾਣ।
ਇਸ ਮੌਕੇ ਗੁਰਮੁਖ ਸਿੰਘ, ਬਿਕਰਮਜੀਤ ਸਿੰਘ ਲਾਲੂਘੁੰਮਣ, ਭਾਈ ਦਿਲਬਾਗ ਸਿੰਘ ਐਮਾਂ, ਬਚਿੱਤਰ ਸਿੰਘ, ਕਸ਼ਮੀਰ ਸਿੰਘ, ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਹਰਚੰਦ ਸਿੰਘ, ਕਰਨੈਲ ਸਿੰਘ, ਲੱਖਾ ਸਿੰਘ, ਕੰਵਲਜੀਤ ਸਿੰਘ ਆਦਿ ਹਾਜ਼ਰ ਸਨ। ਇਸ ਦੌਰਾਨ ਪੁੱਜੇ ਐੱਸ. ਜੀ. ਪੀ. ਸੀ. ਦੇ ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ ਵੱਲੋਂ ਦਫਤਰ ਵੱਲੋਂ ਜਾਰੀ ਸੂਚੀ 'ਚ ਪ੍ਰਵਾਨ ਮੰਗਾਂ ਪਾਠੀ ਸਿੰਘਾਂ ਨੂੰ ਪੜ੍ਹ ਕੇ ਸੁਣਾਉਣ ਉਪਰੰਤ ਪਾਠੀ ਸਿੰਘਾਂ ਦੀ ਸਹਿਮਤੀ ਤੋਂ ਬਾਅਦ ਹੜਤਾਲ ਖਤਮ ਕਰ ਦਿੱਤੀ ਗਈ।
ਪੇਂਡੂ ਮਜ਼ਦੂਰ ਯੂਨੀਅਨ ਨੇ ਕੱਢਿਆ ਰੋਸ ਮਾਰਚ, ਕੀਤੀ ਨਾਅਰੇਬਾਜ਼ੀ
NEXT STORY