ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਬਾਘਾ ਪੁਰਾਣਾ ਇਲਾਕੇ ਵਿਚ ਵੱਖ-ਵੱਖ ਪੈਟਰੋਲ ਪੰਪਾਂ, ਸ਼ੈਲਰ, ਰਾਈਸ ਮਿੱਲਾਂ ਦੇ ਮੁਲਾਜ਼ਮਾਂ ਨੂੰ ਕੁੱਟ-ਮਾਰ ਕਰਨ ਤੋਂ ਇਲਾਵਾ ਉਥੇ ਭੰਨ-ਤੋੜ ਕਰਕੇ ਨਕਦੀ ਅਤੇ ਹੋਰ ਸਾਮਾਨ ਲੁੱਟ ਕੇ ਲਿਜਾਣ ਵਾਲੇ ਗਿਰੋਹ ਦੇ 3 ਮੁਲਜ਼ਮਾਂ ਨੂੰ ਹਥਿਆਰਾਂ ਅਤੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੀਤੀ 3-4 ਜਨਵਰੀ ਦੀ ਰਾਤ ਨੂੰ ਮੋਟਰਸਾਈਕਲ ਸਵਾਰ ਲੁਟੇਰਾ ਗਿਰੋਹ ਵੱਲੋਂ ਬਾਘਾ ਪੁਰਾਣਾ ਦੇ ਹਰਗੋਬਿੰਦ ਫਿਲਿੰਗ ਸਟੇਸ਼ਨ ਆਲਮਵਾਲਾ, ਆਇਸਰ ਫਿਲਿੰਗ ਸਟੇਸ਼ਨ ਆਲਮਵਾਲਾ, ਬਿੰਦਾਸ ਫੂਡ ਪ੍ਰਾਈਵੇਟ ਲਿਮਟਿਡ ਸ਼ੈਲਰ, ਸਿੱਧੂ ਬਰਾੜ ਫਿਲਿੰਗ ਸਟੇਸ਼ਨ ਨੱਥੂਵਾਲਾ, ਇੰਡੀਅਨ ਆਇਲ ਮਾਹਲਾ ਕਲਾਂ, ਮੁੱਦਕੀ ਪੰਪ ’ਤੇ ਰਾਤ ਸਮੇਂ ਜਾ ਕੇ ਉਥੇ ਮੌਜੂਦ ਮੁਲਾਜ਼ਮਾਂ ਨੂੰ ਬੰਧਕ ਬਣਾਉਣ ਦੇ ਇਲਾਵਾ ਬੁਰੀ ਤਰ੍ਹਾਂ ਭੰਨਤੋੜ ਕਰਨ ਦੇ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉਕਤ ਲੁਟੇਰਿਆਂ ਵੱਲੋਂ ਇਨ੍ਹਾਂ ਪੰਪਾਂ ਅਤੇ ਸ਼ੈਲਰਾਂ ਵਿਚ ਨਕਦੀ ਅਤੇ ਐੱਲ. ਸੀ. ਡੀ., ਐੱਲ. ਈ. ਡੀ. ਚੋਰੀ ਕੀਤੀ ਗਈ ਸੀ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ. ਐੱਸ. ਪੀ. ਜ਼ੋਰਾ ਸਿੰਘ, ਇੰਸਪੈਕਟਰ ਜਸਵਰਿੰਦਰ ਸਿੰਘ ਥਾਣਾ ਬਾਘਾ ਪੁਰਾਣਾ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਤਾਂ ਕਿ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਦੀ ਜਾਂਚ ਦੌਰਾਨ ਪੀ. ਸੀ. ਆਰ. ਮੁਲਾਜ਼ਮਾਂ ਵੱਲੋਂ ਕਥਿਤ ਮੁਲਜ਼ਮਾਂ ਦਾ ਪਿੱਛਾ ਵੀ ਕੀਤਾ ਗਿਆ ਸੀ, ਪਰੰਤੂ ਉਹ ਭੱਜਣ ਵਿਚ ਸਫਲ ਹੋ ਗਏ ਸੀ ਅਤੇ ਆਪਣਾ ਮੋਟਰਸਾਈਕਲ ਉਥੇ ਸੁੱਟ ਗਏ ਸਨ, ਜਿਸ ’ਤੇ ਪੁਲਸ ਵੱਲੋਂ ਜਾਂਚ ਦੌਰਾਨ ਜਦੋਂ ਮੋਟਰਸਾਈਕਲ ਦਾ ਪਤਾ ਲੱਗਾ ਤਾਂ ਉਸ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ।
ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਜਾਂਚ ਦੌਰਾਨ ਅਤੇ ਕੈਮਰਿਆਂ ਦੀ ਫੁਟੈਜ਼ ਦੇ ਇਲਾਵਾ ਟੈਕਨੀਕਲ ਹਿਊਮਨ ਇੰਟੈਲੀਜੈਂਸ ਦੇ ਆਧਾਰ ’ਤੇ ਉਕਤ ਮਾਮਲੇ ਵਿਚ ਹਰਮੇਸ਼ ਉਰਫ ਰਮੇਸ਼ ਉਰਫ ਗੱਬਰ, ਦੀਪਕ ਉਰਫ ਬੁੱਗੀ, ਸਾਗਰ ਸਾਰੇ ਨਿਵਾਸੀ ਆਵਾ ਬਸਤੀ ਫਿਰੋਜ਼ਪੁਰ ਨਾਮਜ਼ਦ ਕਰ ਕੇ ਕਾਬੂ ਕੀਤੇ ਗਏ, ਜਦਕਿ ਉਕਤ ਮਾਮਲੇ ਵਿਚ ਚਾਰ ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮਾਂ ਕੋਲੋਂ ਤਿੰਨ ਐੱਲ. ਈ. ਡੀ., ਦੋ ਮੋਟਰ ਸਾਈਕਲ ਜੋ ਵਾਰਦਾਤ ਸਮੇਂ ਵਰਤੇ ਸਨ ਅਤੇ ਇਕ ਸੇਫ਼ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਬੂ ਕਥਿਤ ਮੁਲਜ਼ਮ ਸਾਗਰ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ 14 ਮਾਮਲੇ ਦਰਜ ਹਨ, ਜਦਕਿ ਹਰਮੇਸ਼ ਉਰਫ਼ ਰਮੇਸ਼ ਦੇ ਖ਼ਿਲਾਫ਼ 5 ਮਾਮਲੇ ਅਤੇ ਦੀਪਕ ਉਰਫ ਬੁੱਗੀ ਦੇ ਖ਼ਿਲਾਫ਼ 4 ਮਾਮਲੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ।
ਉਨ੍ਹਾਂ ਕਿਹਾ ਕਿ ਕਥਿਤ ਲੁਟੇਰਿਆਂ ਵੱਲੋਂ ਹਰਗੋਬਿੰਦ ਫਿਲਿੰਗ ਸਟੇਸ਼ਨ ਤੋਂ ਭੰਨਤੋੜ ਕਰ ਕੇ 32 ਹਜ਼ਾਰ ਰੁਪਏ ਨਕਦ ਅਤੇ 3 ਮੋਬਾਈਲ ਫੋਨ ਖੋਹੇ ਸਨ, ਜਦਕਿ ਆਇਸਰ ਫਿਲਿੰਗ ਸਟੇਸ਼ਨ 32 ਹਜ਼ਾਰ ਰੁਪਏ ਨਕਦ ਅਤੇ ਇਕ ਐੱਲ. ਈ. ਡੀ. ਚੋਰੀ ਕੀਤੀ ਸੀ, ਸਿੱਧੂ ਬਰਾੜ ਫਿਲਿੰਗ ਸਟੇਸ਼ਨ ਤੋਂ 15-20 ਹਜ਼ਾਰ ਰੁਪਏ ਨਕਦ ਦੇ ਇਲਾਵਾ ਇਕ ਐੱਲ. ਈ. ਡੀ. ਚੋਰੀ ਕੀਤੀ ਸੀ, ਮੁੱਦਕੀ ਪੰਪ ਤੋਂ ਪੈਸਿਆਂ ਦੀ ਖੋਹ ਕੀਤੀ ਸੀ ਅਤੇ ਇੰਡੀਅਨ ਆਇਲ ਮਾਹਲਾ ਕਲਾਂ ਦੀ ਭੰਨਤੋੜ ਕੀਤੀ ਸੀ। ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰਨ ਦਾ ਯਤਨ ਕੀਤਾ ਜਾਵੇਗਾ ਤਾਂ ਕਿ ਹੋਰਨਾਂ ਵਾਰਦਾਤਾਂ ਦਾ ਸੁਰਾਗ ਮਿਲ ਸਕੇ।
ਵਿਅਕਤੀ ਦੀ ਮੌਤ ਦੇ ਮਾਮਲੇ 'ਚ ਘੋੜਾ ਟਰਾਲਾ ਚਾਲਕ 'ਤੇ ਪਰਚਾ ਦਰਜ
NEXT STORY