ਜਲੰਧਰ (ਧਵਨ) — ਯੂਥ ਕਾਂਗਰਸ ਦੇ ਇਕ ਨੇਤਾ ਵਲੋਂ ਚਾਹ ਵਾਲੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਯੂਥ ਕਾਂਗਰਸ ਵਲੋਂ ਉਸ ਲਈ ਅਫਸੋਸ ਪ੍ਰਗਟ ਕਰਨ ਤੋਂ ਬਾਅਦ ਹੁਣ ਅਖਿਲ ਭਾਰਤੀ ਕਾਂਗਰਸ ਕਮੇਟੀ ਨੇ ਕਈ ਬੀ.ਜੇ.ਪੀ. ਨੇਤਾਵਾਂ ਵਲੋਂ ਕਾਂਗਰਸ ਨੂੰ ਲੈ ਕੇ ਕੀਤੀਆਂ ਗਈਆਂ ਗਲਤ ਅਤੇ ਅਸ਼ਲੀਲ ਟਿੱਪਣੀਆਂ ਅਤੇ ਟਵੀਟਸ ਨੂੰ ਲੈ ਕੇ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ। ਇਨ੍ਹਾਂ ਟਿੱਪਣੀਆਂ 'ਚ ਪ੍ਰਧਾਨ ਮੰਤਰੀ ਦੇ ਉਹ ਬਿਆਨ ਵੀ ਸ਼ਾਮਿਲ ਹਨ ਜੋ ਕਾਂਗਰਸ ਲੀਡਰਸ਼ਿਪ ਵਿਰੁੱਧ ਦਿੱਤੇ ਗਏ ਸਨ। ਇਸ ਲਈ ਕਾਂਗਰਸ ਨੇ ਭਾਜਪਾ ਨੂੰ ਮਾਫੀ ਮੰਗਣ ਲਈ ਕਿਹਾ ਹੈ।
ਏ. ਆਈ. ਸੀ. ਸੀ. ਦੇ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਅਜਿਹੇ ਕਈ ਬਿਆਨ ਮੀਡੀਆ ਦੇ ਸਾਹਮਣੇ ਰੱਖੇ ਹਨ। ਉਨ੍ਹਾਂ ਨੇ ਪੁੱਛਿਆ ਹੈ ਕਿ ਕੀ ਹੁਣ ਪ੍ਰਧਾਨ ਮੰਤਰੀ ਇਸ ਲਈ ਮੁਆਫੀ ਮੰਗਣਗੇ? ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਦੇ ਚੋਣ ਨਿਸ਼ਾਨ ਦੀ ਤੁਲਨਾ ਖੂਨੀ ਪੰਜੇ ਨਾਲ ਕੀਤੀ ਸੀ। ਕੀ ਉਸ ਲਈ ਪ੍ਰਧਾਨ ਮੰਤਰੀ ਕਾਂਗਰਸ ਤੋਂ ਮੁਆਫੀ ਮੰਗਣਗੇ? ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਨਾਈਟ ਵਾਚਮੈਨ ਕਿਹਾ ਸੀ, ਕੀ ਉਸ ਲਈ ਉਹ ਰਾਸ਼ਟਰ ਤੋਂ ਮੁਆਫੀ ਮੰਗਣਗੇ? ਉਨ੍ਹਾਂ ਨੇ ਕਿਹਾ ਇਸੇ ਤਰ੍ਹਾਂ ਮੋਦੀ ਨੇ ਸੋਨੀਆ ਗਾਂਧੀ ਦੀ ਤੁਲਨਾ 'ਜਰਸੀ ਕਾਓ' ਅਤੇ ਰਾਹੁਲ ਗਾਂਧੀ ਦੀ ਤੁਲਨਾ 'ਹਾਈਬ੍ਰਾਈਡ ਕਾਲਫ' ਨਾਲ ਕੀਤੀ ਸੀ, ਕੀ ਉਸ ਲਈ ਮੋਦੀ ਕਾਂਗਰਸ ਨੇਤਾਵਾਂ ਤੋਂ ਮੁਆਫੀ ਮੰਗਣਗੇ?
ਉਨ੍ਹਾਂ ਨੇ ਕਿਹਾ ਕਿ ਜਦੋਂ ਮੋਦੀ ਨੇ ਉਕਤ ਟਿੱਪਣੀਆਂ ਕੀਤੀਆਂ ਸਨ, ਤਾਂ ਕੀ ਉਨ੍ਹਾਂ ਨੇ ਇਕ ਵਾਰ ਵੀ ਇਸ ਲਈ ਮੁਆਫੀ ਮੰਗੀ। ਉਨ੍ਹਾਂ ਨੇ ਕਿਹਾ ਕਿ ਕੀ ਮੋਦੀ ਪੱਤਰਕਾਰਾਂ ਨੂੰ 'ਬਾਜ਼ਾਰੂ' ਕਹਿਣ ਦੇ ਆਪਣੇ ਬਿਆਨ 'ਤੇ ਮੁਆਫੀ ਮੰਗਣਗੇ? ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਈ ਅਜਿਹੇ ਬਿਆਨ ਸਾਹਮਣੇ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਨਿੱਜੀ ਹਮਲੇ ਕੀਤੇ। ਸਿੰਘਵੀ ਨੇ ਕਿਹਾ ਕਿ ਮੋਦੀ ਅਤੇ ਭਾਜਪਾ ਨੇਤਾਵਾਂ ਨੇ ਕਈ ਵਾਰ ਆਪਣੇ ਬਿਆਨਾਂ ਤੋਂ ਪਲਟੀ ਮਾਰੀ ਅਤੇ ਅਜਿਹਾ ਕਰਕੇ ਉਨ੍ਹਾਂ ਨੇ ਦੇਸ਼ 'ਚ ਲੋਕਤੰਤਰ ਨੂੰ ਨੀਵਾਂ ਦਿਖਾਇਆ ਹੈ।
ਭਾਜਪਾ ਨੇਤਾਵਾਂ ਦੇ ਵਿਵਾਦਿਤ ਬਿਆਨਾਂ 'ਤੇ ਹਮਲਾ ਕਰਦੇ ਹੋਏ ਸਿੰਘਵੀ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਗੁਜਰਾਤ ਦੇ ਪ੍ਰਜਾਪਤੀ ਭਾਈਚਾਰੇ ਨੂੰ ਚਿੱਲਰ ਕਿਹਾ ਸੀ। ਉਸ ਸਮੇਂ ਪ੍ਰਜਾਪਤ ਭਾਈਚਾਰਾ ਆਪਣੇ ਲਈ ਰਿਜ਼ਰਵੇਸ਼ਨ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ 'ਚ ਭਾਜਪਾ ਦੇ ਮੰਤਰੀ ਲਾਲ ਸਿੰਘ ਆਰੀਆ ਨੇ ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂਰਾਮ ਗੋਡਸੇ ਨੂੰ ਮਹਾਪੁਰਸ਼ ਕਿਹਾ ਸੀ। ਕੀ ਉਸ ਲਈ ਭਾਜਪਾ ਰਾਸ਼ਟਰ ਤੋਂ ਮੁਆਫੀ ਮੰਗੇਗੀ। ਉਨ੍ਹਾਂ ਨੇ ਕਿਹਾ ਕਿ ਬਿਹਾਰ 'ਚ ਭਾਜਪਾ ਇਕਾਈ ਦੇ ਪ੍ਰਧਾਨ ਨਿੱਤਿਯਾਨੰਦ ਰਾਏ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਵੱਲ ਉੱਠਣ ਵਾਲੇ ਹੱਥ ਅਤੇ ਉਂਗਲੀਆਂ ਕੱਟ ਦਿੱਤੀਆਂ ਜਾਣਗੀਆਂ। ਕੀ ਉਸ ਲਈ ਭਾਜਪਾ ਨੇ ਮੁਆਫੀ ਮੰਗੀ? ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਆਪਣਾ ਚਰਿੱਤਰ ਸਾਹਮਣੇ ਲਿਆਂਦਾ ਹੈ। ਉਹ ਕਾਂਗਰਸ 'ਤੇ ਸਿਆਸੀ ਹਮਲਾ ਕਰਨ ਤੋਂ ਪਹਿਲਾਂ ਆਪਣੇ ਗਿਰੇਬਾਨ 'ਚ ਝਾਕੇ।
ਜਦੋਂ ਗੱਡੀਆਂ 'ਚ ਗੱਡੀਆਂ ਵੱਜੀਆਂ...
NEXT STORY