ਮੋਹਾਲੀ (ਜੱਸੀ) : ਇੱਥੇ ਸੈਕਟਰ-80 ’ਚ ਬੀਤੀ ਸਵੇਰ ਗੋਲੀਆਂ ਲੱਗਣ ਕਾਰਨ ਥਾਣੇਦਾਰ ਓਂਕਾਰ ਸਿੰਘ ਦੀ ਮੌਤ ਹੋ ਗਈ। ਪੁਲਸ ਮੁਤਾਬਕ ਮੁੱਢਲੀ ਜਾਂਚ ’ਚ ਇਹ ਹਾਦਸਾ ਅਚਾਨਕ ਗੋਲੀਆਂ ਚੱਲਣ ਕਾਰਨ ਵਾਪਰਿਆ ਹੈ। ਓਂਕਾਰ ਸਿੰਘ ਪਿਛਲੇ ਕਰੀਬ ਪੰਜ ਸਾਲਾਂ ਤੋਂ ਸੇਵਾਮੁਕਤ ਡੀ. ਜੀ. ਪੀ. ਅਰਪਿਤ ਸ਼ੁਕਲਾ ਨਾਲ ਗੰਨਮੈਨ ਵਜੋਂ ਤਾਇਨਾਤ ਸਨ। ਜਾਣਕਾਰੀ ਮੁਤਾਬਕ ਓਂਕਾਰ ਸਿੰਘ ਨੂੰ ਕਈ ਗੋਲੀਆਂ ਲੱਗੀਆਂ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਥਾਣਾ ਸੋਹਾਣਾ ਦੇ ਮੁਖੀ ਸਿਮਰਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਥਾਣੇਦਾਰ ਦੀ ਮੌਤ ਉਨ੍ਹਾਂ ਦੇ ਹਥਿਆਰ ਤੋਂ ਅਚਾਨਕ ਗੋਲੀ ਚੱਲਣ ਕਾਰਨ ਹੋਈ। ਉਨ੍ਹਾਂ ਮੁਤਾਬਕ ਰਾਈਫਲ ਜ਼ਮੀਨ ’ਤੇ ਡਿੱਗਣ ਤੋਂ ਬਾਅਦ ਉਸ ’ਚੋਂ ਫਾਇਰ ਹੋ ਗਿਆ, ਜਿਸ ਕਾਰਨ ਉਨ੍ਹਾਂ ਮੌਤ ਹੋ ਗਈ।
ਪਰਿਵਾਰ ਨੂੰ ਸਵੇਰੇ ਆਇਆ ਫੋਨ
ਮ੍ਰਿਤਕ ਦੀ ਪਤਨੀ ਮੁਤਾਬਕ ਪਰਿਵਾਰ ਨੂੰ ਸਵੇਰੇ ਫੋਨ ਕਰਕੇ ਦੱਸਿਆ ਗਿਆ ਕਿ ਓਂਕਾਰ ਸਿੰਘ ਖੜ੍ਹੇ-ਖੜ੍ਹੇ ਡਿੱਗ ਪਏ ਅਤੇ ਇਸ ਦੌਰਾਨ ਗੋਲੀ ਚੱਲ ਗਈ। ਫੋਨ ਕਰਨ ਵਾਲੇ ਮੁਤਾਬਕ ਉਸ ਸਮੇਂ ਰਾਈਫਲ ਓਂਕਾਰ ਸਿੰਘ ਦੇ ਗਲੇ ਵੱਲ ਸੇਧੀ ਹੋਈ ਸੀ। ਪਤਨੀ ਨੇ ਇਹ ਵੀ ਦੱਸਿਆ ਕਿ ਓਂਕਾਰ ਪਿਛਲੇ ਕੁੱਝ ਸਮੇਂ ਤੋਂ ਕਾਫੀ ਪਰੇਸ਼ਾਨ ਸਨ ਅਤੇ ਛੁੱਟੀ ਲੈਣ ਬਾਰੇ ਵਿਚਾਰ ਕਰ ਰਹੇ ਸਨ। ਪਰਿਵਾਰ ਮੁਤਾਬਕ ਉਹ ਬੀਤੇ ਦਿਨ ਡਿਊਟੀ ’ਤੇ ਨਹੀਂ ਸਨ ਪਰ ਫੋਨ ਆਉਣ ਤੋਂ ਬਾਅਦ ਉਨ੍ਹਾਂ ਨੂੰ ਅਚਾਨਕ ਵਾਪਸ ਡਿਊਟੀ ’ਤੇ ਬੁਲਾ ਲਿਆ ਗਿਆ ਸੀ।
ਪੁੱਤਰ ਨੇ ਦੱਸੀ 7-8 ਗੋਲੀਆਂ ਚੱਲਣ ਦੀ ਗੱਲ
ਓਂਕਾਰ ਸਿੰਘ ਦੇ ਪੁੱਤਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਵੀਡੀਓ ’ਚ ਰਾਈਫਲ ਜ਼ਮੀਨ ’ਤੇ ਡਿੱਗਦੀ ਦਿਖਾਈ ਦਿੰਦੀ ਹੈ ਅਤੇ ਇਸ ਤੋਂ ਬਾਅਦ 7-8 ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆ ਰਹੀ ਹੈ। ਉਸ ਨੇ ਦੱਸਿਆ ਕਿ ਛੱਤ ’ਤੇ ਵੀ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ। ਹਾਲਾਂਕਿ ਉਸ ਨੇ ਪਿਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਣ ਤੋਂ ਇਨਕਾਰ ਕੀਤਾ। ਥਾਣੇਦਾਰ ਓਂਕਾਰ ਸਿੰਘ ਨਵਾਂਸ਼ਹਿਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਤੋਂ ਇਲਾਵਾ ਪੁੱਤਰ ਅਤੇ ਦੋ ਧੀਆਂ ਹਨ। ਇਕ ਧੀ ਵਿਦੇਸ਼ ਤੇ ਦੂਜੀ ਧੀ ਇੱਥੇ ਹੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦਾ ਪੁੱਤਰ 12ਵੀਂ ’ਚ ਪੜ੍ਹਦਾ ਹੈ। ਓਂਕਾਰ ਦੇ ਪਿਤਾ ਵੀ ਪੰਜਾਬ ਪੁਲਸ ਤੋਂ ਸੇਵਾਮੁਕਤ ਏ. ਐੱਸ. ਆਈ. ਹਨ।
ਸਾਬਕਾ ਡੀ. ਜੀ. ਪੀ. ਨੇ ਪ੍ਰਗਟਾਇਆ ਦੁੱਖ
ਸਾਬਕਾ ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਏ. ਐੱਸ. ਆਈ. ਓਂਕਾਰ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਪੁਲਸ ਵਿਭਾਗ ਮ੍ਰਿਤਕ ਦੇ ਪਰਿਵਾਰ ਨਾਲ ਖੜ੍ਹਾ ਹੈ। ਥਾਣਾ ਸੋਹਾਣਾ ਪੁਲਸ ਨੇ ਇਸ ਮਾਮਲੇ ’ਚ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਪੁਲਸ ਵੱਲੋਂ ਘਟਨਾ ਦੇ ਹਾਲਾਤਾਂ ਤੇ ਫਾਇਰਿੰਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ! PSEB ਨੇ ਪਹਿਲੀ ਵਾਰ ਚੁੱਕਿਆ ਅਜਿਹਾ ਕਦਮ
NEXT STORY