ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ) - ਕੌਮੀ ਤਿਉਹਾਰ ਹੋਲਾ ਮਹੱਲਾ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ 28 ਫਰਵਰੀ ਤੋਂ 2 ਮਾਰਚ ਤੱਕ ਰਿਵਾਇਤੀ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਇਸ ਤਹਿਤ 1 ਮਾਰਚ ਨੂੰ ਮੱਧ ਦੇ ਦਿਨ ਵੱਖ-ਵੱਖ ਧਿਰਾਂ ਵੱਲੋਂ ਸਿਆਸੀ ਸਟੇਜਾਂ ਲਾਉਣ ਦਾ ਦਿਨ ਹੈ ਪਰ ਬੀਤੇ ਵਰ੍ਹਿਆਂ ਦੀ ਤਰਜ਼ 'ਤੇ ਇਸ ਵਾਰ ਸਮੁੱਚੀਆਂ ਧਿਰਾਂ ਕਾਨਫਰੰਸਾਂ ਨਹੀਂ ਕਰ ਰਹੀਆਂ। ਅਜਿਹੀ ਸਥਿਤੀ 'ਚ ਜਿੱਥੇ ਉਕਤ ਪਾਰਟੀਆਂ ਦੇ ਵਰਕਰਾਂ 'ਚ ਉਤਸ਼ਾਹ ਮੱਠਾ ਹੈ, ਉੱਥੇ ਇਸ ਵਿਸ਼ੇ 'ਤੇ ਸਿਆਸਤ ਵੀ ਗਰਮਾਈ ਹੋਈ ਹੈ। ਇਸ ਦਾ ਦਿਲਚਸਪ ਪੱਖ ਇਹ ਹੈ ਕਿ ਪੰਜਾਬ ਦੀ ਸੱਤਾਧਾਰੀ ਧਿਰ ਕਾਂਗਰਸ ਤੇ ਪੰਜਾਬ ਵਿਧਾਨ ਸਭਾ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਇਸ ਮੇਲੇ 'ਤੇ ਸਟੇਜਾਂ ਲਾਉਣ ਤੋਂ ਕਿਨਾਰਾ ਕਰੀ ਬੈਠੀਆਂ ਹਨ। ਸ਼੍ਰੋ.ਅ. ਦਲ (ਬ) ਤੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੱਗੇ ਗਰਾਊਂਡਾਂ 'ਚ ਆਪਣੀਆਂ ਸਟੇਜਾਂ ਲਾਉਣ ਦੀਆਂ ਤਿਆਰੀਆਂ ਵੱਡੇ ਪੱਧਰ 'ਤੇ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸ਼ਿਵ ਸੈਨਾ ਪੰਜਾਬ ਵੱਲੋਂ ਪਹਿਲੀ ਵਾਰ ਇਸ ਧਰਤੀ 'ਤੇ ਕਾਨਫਰੰਸ ਕਰਨ ਦਾ ਐਲਾਨ ਕੀਤਾ ਹੈ, ਜਿਸ ਦਾ ਵਿਰੋਧ ਸ੍ਰੀ ਅਨੰਦਪੁਰ ਸਾਹਿਬ ਦੇ ਐੱਸ.ਜੀ.ਪੀ.ਸੀ. ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਤੇ ਪ੍ਰਿੰ. ਸੁਰਿੰਦਰ ਸਿੰਘ ਵੱਲੋਂ ਖੁੱਲ੍ਹੇਆਮ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਰਾਜਸੀ ਧਿਰਾਂ ਇਕ ਦੂਜੇ ਖਿਲਾਫ ਕਾਨਫਰੰਸਾਂ ਕਰਨ ਜਾਂ ਨਾ ਕਰਨ ਦੇ ਮੁੱਦੇ 'ਤੇ ਬਿਆਨਬਾਜ਼ੀ ਅਤੇ ਦੂਸ਼ਣਬਾਜ਼ੀ ਕਰ ਰਹੀਆਂ ਹਨ।
* ਹੋਲਾ ਮਹੱਲਾ ਕੌਮੀ ਤਿਉਹਾਰ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ 'ਚ ਮੀਰੀ- ਪੀਰੀ ਦੇ ਸਿਧਾਂਤ ਨੂੰ ਪਹਿਲ ਦੇ ਆਧਾਰ 'ਤੇ ਮਹੱਤਤਾ ਦਿੱਤੀ ਗਈ ਹੈ। ਕਾਂਗਰਸ ਕਰਜ਼ਾ ਮੁਆਫੀ ਤੇ ਸਬਸਿਡੀਆਂ ਦੇ ਮਸਲੇ 'ਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਵਫਾ ਨਹੀਂ ਕਰ ਸਕੀ ਤੇ ਉਹ ਲੋਕਾਂ ਦੇ ਸਨਮੁੱਖ ਹੋਣ ਤੋਂ ਕੰਨੀਂ ਕਤਰਾਅ ਰਹੀ ਹੈ।
—ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮੈਂਬਰ ਪਾਰਲੀਮੈਂਟ ਸ੍ਰੀ ਅਨੰਦਪੁਰ ਸਾਹਿਬ
* ਸਾਨੂੰ ਸਿੱਖ ਵਿਰੋਧੀ ਹੋਣ ਦੇ ਰੂਪ 'ਚ ਪੇਸ਼ ਕੀਤਾ ਜਾ ਰਿਹਾ ਹੈ। ਵਾਸਤਵ 'ਚ ਅਸੀਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿਧਾਂਤ ਦੇ ਹਾਮੀ ਹਾਂ। ਸਾਡਾ ਕਾਨਫਰੰਸ ਕਰਨ ਦਾ ਮਕਸਦ ਨਿਰੋਲ ਧਾਰਮਕ ਹੈ ਨਾ ਕਿ ਸਿਆਸੀ। ਸਾਡੀ ਸਟੇਜ ਤੋਂ ਕੋਈ ਵੀ ਰਾਜਨੀਤਕ ਗੱਲ ਨਹੀਂ ਕੀਤੀ ਜਾਵੇਗੀ ਤੇ ਕੇਵਲ ਢਾਡੀ ਵਾਰਾਂ ਹੀ ਪੇਸ਼ ਕੀਤੀਆਂ ਜਾਣਗੀਆਂ। ਕਿਸੇ ਵੀ ਤਰ੍ਹਾਂ ਦਾ ਵਿਵਾਦਤ ਮੁੱਦਾ ਸਟੇਜ ਦਾ ਵਿਸ਼ਾ ਨਹੀਂ ਬਣਾਇਆ ਜਾਵੇਗਾ।
—ਸੰਜੀਵ ਘਨੌਲੀ, ਪ੍ਰਧਾਨ ਸ਼ਿਵ ਸੈਨਾ ਪੰਜਾਬ
* ਫਿਲਹਾਲ ਕਾਂਗਰਸ ਦਾ ਕਾਨਫਰੰਸ ਕਰਨ ਦਾ ਕੋਈ ਵਿਚਾਰ ਨਹੀਂ। ਇਸ ਨੂੰ ਸਾਡੀ ਕਮਜ਼ੋਰੀ ਵੀ ਨਾ ਸਮਝਿਆ ਜਾਵੇ। ਵਰਤਮਾਨ ਦੌਰ 'ਚ ਜਦੋਂ ਧਰਮ ਦੇ ਮਾਮਲਿਆਂ 'ਚ ਸਿਆਸਤ ਦਾ ਦਾਖਲਾ ਹੁੰਦਾ ਹੈ ਤਾਂ ਨੁਕਸਾਨ ਸਿਧਾਂਤਾਂ ਦਾ ਹੁੰਦਾ ਹੈ। ਧਾਰਮਿਕ ਜੋੜ ਮੇਲਿਆਂ 'ਚ ਆਉਣ ਵਾਲੀ ਸੰਗਤ ਦੀ ਸ਼ਰਧਾ ਨਾਲ ਖਿਲਵਾੜ ਅਤੇ ਮੇਲੇ ਦੀ ਵਿਵਸਥਾ 'ਚ ਪਰੇਸ਼ਾਨੀ ਹੁੰਦੀ ਹੈ। ਧਾਰਮਕ ਤੇ ਸੰਗਤਾਂ ਦੇ ਸਿਧਾਂਤਕ ਮੁੱਦਿਆਂ ਪ੍ਰਤੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਭਾਵਨਾ ਦਿਖਾਈ ਹੈ ਉਸ ਤੋਂ ਤਮਾਮ ਰਾਜਸੀ ਧਿਰਾਂ ਨੂੰ ਸੇਧ ਲੈਣੀ ਚਾਹੀਦੀ ਹੈ। ਇਸ ਮਕਸਦ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ।
—ਬਰਿੰਦਰ ਸਿੰਘ ਢਿੱਲੋਂ, ਮੀਡੀਆ ਪੈਨਾਲਿਸਟ ਪੰਜਾਬ ਕਾਂਗਰਸ
* ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲੇ ਮਹੱਲੇ 'ਚ ਸ਼ਿਵ ਸੈਨਾ ਨੂੰ ਕਾਨਫਰੰਸ ਕਰਨ ਦਾ ਕੋਈ ਹੱਕ ਨਹੀਂ ਤੇ ਨਾ ਹੀ ਅਸੀਂ ਉਨ੍ਹਾਂ ਦੀਆਂ ਇਹ ਗਤੀਵਿਧੀਆਂ ਤੇ ਮਨਸੂਬੇ ਸਫਲ ਹੋਣ ਦਿਆਂਗੇ। ਜੇਕਰ ਸ਼ਿਵ ਸੈਨਾ ਨੂੰ ਢਾਡੀ ਵਾਰਾਂ ਸੰਗਤਾਂ ਨੂੰ ਸੁਣਾਉਣ ਦਾ ਵਧੇਰੇ ਚਾਅ ਚੜ੍ਹਿਆ ਹੈ ਤਾਂ ਉਹ ਐੱਸ.ਜੀ.ਪੀ.ਸੀ. ਦੀ ਸਟੇਜ 'ਤੇ ਹੀ ਬਤੌਰ ਸ਼ਰਧਾਲੂ ਹਾਜ਼ਰੀ ਭਰ ਲੈਣ। ਕੌਮੀ ਤਿਉਹਾਰ 'ਚ ਲੱਖਾਂ ਦੀ ਤਦਾਦ 'ਚ ਪਹੁੰਚੀਆਂ ਸੰਗਤਾਂ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਉਨ੍ਹਾਂ ਦੀਆਂ ਇਹ ਚਾਲਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਜੇਕਰ ਇਸ ਦੌਰਾਨ ਮਾਹੌਲ ਖਰਾਬ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
—ਗਿਆਨੀ ਰਘੁਵੀਰ ਸਿੰਘ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ
* ਧਾਰਮਿਕ ਜੋੜ ਮੇਲਿਆਂ ਤੇ ਸਿਆਸੀ ਕਾਨਫਰੰਸਾਂ 'ਤੇ ਦੂਸ਼ਣਬਾਜ਼ੀ ਕਰਨੀ ਸ਼ਰਧਾ ਨੂੰ ਠੇਸ ਪਹੁੰਚਾਉਂਦੀ ਹੈ। ਅਕਾਲੀਆਂ ਤੇ ਕਾਂਗਰਸੀਆਂ ਦੀ ਇਹ ਲਾਲਸਾ ਸ਼ੁਰੂ ਤੋਂ ਰਹੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਭਾ 'ਤੇ ਅਕਾਲੀ ਦਲ ਨੇ ਕਾਨਫਰੰਸ ਨਾ ਕਰਨ ਦਾ ਐਲਾਨ ਕਰ ਕੇ ਐੱਸ.ਜੀ.ਪੀ.ਸੀ. ਦੀ ਸਟੇਜ 'ਤੇ ਤਕਰੀਰਾਂ ਕੀਤੀਆਂ। ਕਾਂਗਰਸ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਨਫਰੰਸ ਨਾ ਕਰਨ ਦਾ ਐਲਾਨ ਕੀਤਾ ਪਰ ਮੱਥਾ ਟੇਕਣ ਦੇ ਨਾਂ ਹੇਠ ਉੱਥੇ ਪ੍ਰੈÎੱਸ ਕਾਨਫਰੰਸ ਕੀਤੀ। ਕੀ ਉਹ ਸਿਆਸੀ ਦੂਸ਼ਣਬਾਜ਼ੀ ਨਹੀਂ? ਅਸੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਾਨਫਰੰਸ ਜ਼ਰੂਰ ਕਰਾਂਗੇ ਪਰ ਆਪਣੇ ਪੱਧਰ 'ਤੇ ਮੇਲੇ ਤੋਂ ਬਾਅਦ।
—ਭਗਵੰਤ ਮਾਨ,ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ
ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਬੱਚੀ ਦੀ ਮੌਤ
NEXT STORY