ਜਗਰਾਓਂ (ਮਾਲਵਾ) - ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਦੀ ਘੋਰ ਲਾਪ੍ਰਵਾਹੀ ਨੇ ਇਨਸਾਨੀਅਤ ਨੂੰ ਉਸ ਵੇਲੇ ਸ਼ਰਮਸਾਰ ਕਰ ਦਿੱਤਾ, ਜਦੋਂ ਇਕ ਪਰਿਵਾਰ ਆਪਣੇ ਪਿਤਾ ਦੀ ਮ੍ਰਿਤਕ ਦੇਹ ਸਮਝ ਕੇ ਘਰ ਲੈ ਆਇਆ ਪਰ ਅੰਤਿਮ ਰਸਮਾਂ ਤੋਂ ਪਹਿਲਾਂ ਪਤਾ ਲੱਗਾ ਕਿ ਦੇਹ ਉਨ੍ਹਾਂ ਦੇ ਪਿਤਾ ਦੀ ਨਹੀਂ, ਸਗੋਂ ਕਿਸੇ ਅਣਜਾਣ ਔਰਤ ਦੀ ਹੈ।
ਹਸਪਤਾਲ ਪ੍ਰਸ਼ਾਸਨ ਨੇ ਨਾ ਸਿਰਫ਼ ਲਾਸ਼ਾਂ ਦੀ ਅਦਲਾ-ਬਦਲੀ ਕੀਤੀ, ਸਗੋਂ ਆਪਣਾ ਗੁਨਾਹ ਲੁਕਾਉਣ ਲਈ ‘ਇਨਫੈਕਸ਼ਨ’ ਦੀ ਝੂਠੀ ਕਹਾਣੀ ਘੜ ਕੇ ਪਰਿਵਾਰ ਨੂੰ ਦੇਹ ਖੋਲ੍ਹਣ ਤੋਂ ਵੀ ਸਖ਼ਤੀ ਨਾਲ ਵਰਜ਼ ਦਿੱਤਾ ਸੀ।
ਜਾਣਕਾਰੀ ਮੁਤਾਬਕ ਜੋਗਿੰਦਰ ਸਿੰਘ ਦੇ ਦਿਹਾਂਤ ਤੋਂ ਬਾਅਦ ਜਦੋਂ ਪਰਿਵਾਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜਗਰਾਓਂ ਸਥਿਤ ਘਰ ਲੈ ਆਇਆ ਤਾਂ ਅੰਤਿਮ ਰਸਮਾਂ ਦੌਰਾਨ ਮ੍ਰਿਤਕ ਦੀ ਧੀ ਨੇ ਆਪਣੇ ਪਿਤਾ ਦਾ ਆਖਰੀ ਵਾਰ ਚਿਹਰਾ ਦੇਖਣ ਦੀ ਜ਼ਿਦ ਫੜ ਲਈ।
ਹਸਪਤਾਲ ਵਲੋਂ ਦਿੱਤੀ ‘ਇਨਫੈਕਸ਼ਨ’ ਦੀ ਚਿਤਾਵਨੀ ਕਾਰਨ ਪਰਿਵਾਰਕ ਮੈਂਬਰ ਝਿਜਕ ਰਹੇ ਸਨ ਪਰ ਧੀ ਦੇ ਹੰਝੂ ਭਰੇ ਹਠ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ। ਜਿਵੇਂ ਹੀ ਦੇਹ ਤੋਂ ਕੱਪੜਾ ਹਟਾਇਆ ਗਿਆ, ਸਭ ਦੇ ਹੋਸ਼ ਉੱਡ ਗਏ ਕਿਉਂਕਿ ਇਹ ਦੇਹ ਉਨ੍ਹਾਂ ਦੇ ਪਿਤਾ ਦੀ ਨਹੀਂ, ਸਗੋਂ ਕਿਸੇ ਬਜ਼ੁਰਗ ਔਰਤ ਦੀ ਸੀ। ਇਹ ਦ੍ਰਿਸ਼ ਦੇਖ ਕੇ ਪਰਿਵਾਰ ਦੀਆਂ ਚੀਕਾਂ ਨਿਕਲ ਗਈਆਂ।
ਪੀੜਤ ਪੁੱਤਰ ਜਸਵੰਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਹਸਪਤਾਲ ਪ੍ਰਬੰਧਕਾਂ ਨੇ ਬਿੱਲ ਦੀ ਸਾਰੀ ਅਦਾਇਗੀ ਲੈਣ ਤੋਂ ਬਾਅਦ ਸਪੱਸ਼ਟ ਹਦਾਇਤ ਦਿੱਤੀ ਸੀ ਕਿ ਮ੍ਰਿਤਕ ਨੂੰ ਭਿਆਨਕ ਇਨਫੈਕਸ਼ਨ ਹੈ, ਜਿਸ ਕਾਰਨ ਦੇਹ ’ਤੇ ਦਵਾਈ ਲਾਈ ਗਈ ਹੈ ਅਤੇ ਇਸ ਨੂੰ ਬਿਨਾਂ ਖੋਲ੍ਹੇ ਹੀ ਸਸਕਾਰ ਕਰ ਦਿੱਤਾ ਜਾਵੇ।
ਦੂਜੇ ਪਾਸੇ ਜਿਹੜੀ ਮ੍ਰਿਤਕ ਔਰਤ ਦੀ ਦੇਹ ਗਲਤੀ ਨਾਲ ਜਗਰਾਓਂ ਪਹੁੰਚ ਗਈ ਸੀ, ਉਨ੍ਹਾਂ ਦੇ ਪਰਿਵਾਰ ਨੇ ਵੀ ਆਪਣੀ ਮਾਤਾ ਦੇ ਸਸਕਾਰ ਦਾ ਸਮਾਂ ਦੁਪਹਿਰ ਇਕ ਵਜੇ ਦਾ ਰੱਖਿਆ ਹੋਇਆ ਸੀ। ਹਸਪਤਾਲ ਦੀ ਇਸ ਲਾਪ੍ਰਵਾਹੀ ਕਾਰਨ ਉਨ੍ਹਾਂ ਨੂੰ ਵੀ ਭਾਰੀ ਮਾਨਸਿਕ ਪ੍ਰੇਸ਼ਾਨੀ ਅਤੇ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਤੈਅ ਸਮੇਂ ’ਤੇ ਉਨ੍ਹਾਂ ਕੋਲ ਸਸਕਾਰ ਲਈ ਦੇਹ ਹੀ ਨਹੀਂ ਸੀ।
ਸਮਾਜਸੇਵੀ ਕੁਲਵੰਤ ਸਹੋਤਾ ਨੇ ਕਿਹਾ ਕਿ ਜੇਕਰ ਧੀ ਜ਼ਿਦ ਨਾ ਕਰਦੀ ਤਾਂ ਪਰਿਵਾਰ ਨੇ ਅਣਜਾਣੇ ਵਿਚ ਹੀ ਕਿਸੇ ਹੋਰ ਦਾ ਸਸਕਾਰ ਕਰ ਦੇਣਾ ਸੀ। ਇਸ ਘਟਨਾ ਦਾ ਖੁਲਾਸਾ ਹੁੰਦਿਆਂ ਹੀ ਪਰਿਵਾਰ ਨੇ ਹਫੜਾ-ਦਫੜੀ ਵਿਚ ਐਂਬੂਲੈਂਸ ਚਾਲਕ ਨੂੰ ਫੋਨ ਕੀਤਾ, ਜੋ ਕੁਝ ਸਮੇਂ ਬਾਅਦ ਜੋਗਿੰਦਰ ਸਿੰਘ ਦੀ ਅਸਲ ਦੇਹ ਲੈ ਕੇ ਪਹੁੰਚਿਆ। ਉਸ ਸਮੇਂ ਔਰਤ ਦਾ ਪਰਿਵਾਰ ਵੀ ਉੱਥੇ ਮੌਜੂਦ ਸੀ, ਜਿਨ੍ਹਾਂ ਨੇ ਵੀ ਹਸਪਤਾਲ ਦੀ ਇਸ ਕਾਰਵਾਈ ਨੂੰ ਗੈਰ-ਮਨੁੱਖੀ ਕਰਾਰ ਦਿੱਤਾ।
ਲੁਧਿਆਣਾ ਵਿਖੇ ਬੋਰੀ ’ਚੋਂ ਔਰਤ ਦੀ ਲਾਸ਼ ਬਰਾਮਦ
NEXT STORY