ਜਲੰਧਰ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਪੂਰੇ ਜੋਬਨ ’ਤੇ ਪਹੁੰਚ ਗਿਆ ਹੈ। ਸਾਰੀਆਂ ਵੱਡੀਆਂ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੇ ਪੰਜਾਬ ’ਚ ਡੇਰੇ ਜਮਾ ਲਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਵਾਰੀ-ਵਾਰੀ ਪੰਜਾਬ ਆ ਕੇ ਰੈਲੀਆਂ ਕਰ ਰਹੇ ਹਨ। ਉੱਥੇ ਹੀ ਕਾਂਗਰਸ ਦੀ ਸੀਨੀਅਰ ਨੇਤਾ ਪ੍ਰਿਅੰਕਾ ਗਾਂਧੀ ਵੀ ਇਨ੍ਹੀਂ ਦਿਨੀਂ ਪੰਜਾਬ ’ਚ ਚੋਣ ਪ੍ਰਚਾਰ ਦੇ ਨਾਲ-ਨਾਲ ਪੰਜਾਬੀ ਖਾਣਾ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦਾ ਆਨੰਦ ਲੈ ਰਹੀ ਹੈ। ਇਹੀ ਨਹੀਂ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਵੀ ਪੰਜਾਬ ਦੀ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਖਾ ਕੇ ਪਲ ਅਤੇ ਵੱਡੇ ਹੋ ਰਹੇ ਹਨ। ਅਕਸਰ ਉਨ੍ਹਾਂ ਦਾ ਘਰ ’ਚ ਪੰਜਾਬੀ ਖਾਣਾ ਬਣਦਾ ਹੈ। ਅੱਜ ਰੋਪੜ ’ਚ ਚੋਣ ਪ੍ਰਚਾਰ ਲਈ ਪਹੁੰਚੀ ਕਾਂਗਰਸ ਦੀ ਸੀਨੀਅਰ ਨੇਤਾ ਪ੍ਰਿਅੰਕਾ ਗਾਂਧੀ ਨੇ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੇ ਨਾਲ ਵਿਸ਼ੇਸ਼ ਗੱਲਬਾਤ ’ਚ ਦਾਅਵਾ ਕੀਤਾ ਕਿ ਪੰਜਾਬ ’ਚ ਫਿਰ ਤੋਂ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਚਰਨਜੀਤ ਸਿੰਘ ਚੰਨੀ ਦਿਨ-ਰਾਤ ਲੋਕਾਂ ਲਈ ਪਹਿਲਾਂ ਵਾਂਗ ਕੰਮ ਕਰਨਗੇ।
ਲੀਪਾਪੋਚੀ ਕਰਨ ਦਾ ਮਤਲੱਬ ਸਭ ਕੁਝ ਠੀਕ ਕਰ ਲੈਣਾ ਨਹੀਂ ਹੁੰਦਾ
ਦਿੱਲੀ ਮਾਡਲ ਦੀ ਗੱਲ ਚੱਲ ਰਹੀ ਹੈ ਜੋ ਅਰਵਿੰਦ ਕੇਜਰੀਵਾਲ ਦਿੱਲੀ ’ਚ ਲਾਗੂ ਕਰਨ ਦੀ ਗੱਲ ਕਹਿ ਚੁੱਕੇ ਹਨ, ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਇਸ ’ਤੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਕੇਜਰੀਵਾਲ ਨੇ ਵਿਕਾਸ ਕੀਤਾ ਹੈ ਤਾਂ ਦਿਖਾਉਣ ਕਿ ਕਿਹੜਾ ਹਸਪਤਾਲ ਬਣਾਇਆ ਹੈ ਜਾਂ ਫਿਰ ਸਿੱਖਿਆ ਸੰਸਥਾਨ ਬਣਾਇਆ ਹੈ? ਬਾਹਰੋਂ ਲੀਪਾਪੋਚੀ ਕਰਨ ਦਾ ਮਤਲੱਬ ਇਹ ਨਹੀਂ ਕਿ ਸਭ ਕੁਝ ਠੀਕ ਕਰ ਲਿਆ ਹੈ। ਜਦੋਂ ਨਵਾਂ ਕੰਮ ਕੀਤਾ ਨਹੀਂ ਜਾਂ ਕੋਈ ਵਿਕਾਸ ਕੀਤਾ ਨਹੀਂ ਹੈ ਤਾਂ ਫਿਰ ਬਿਆਨਬਾਜ਼ੀ ਦਾ ਕੀ ਫਾਇਦਾ ਹੈ।
ਥੋੜ੍ਹਾ ਬਹੁਤ ਗਿਲਾ-ਸ਼ਿਕਵਾ ਤਾਂ ਪਰਿਵਾਰਾਂ ’ਚ ਚੱਲਦਾ ਹੀ ਹੈ
ਪੰਜਾਬ ਨੂੰ ਲੈ ਕੇ ਤੁਹਾਨੂੰ ਕਿੰਨੀ ਆਸ ਹੈ ਕਿ ਕਾਂਗਰਸ ਨੂੰ ਕਿੰਨੀਆਂ ਸੀਟਾਂ ’ਤੇ ਜਿੱਤ ਮਿਲੇਗੀ। ਇਸ ’ਤੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਸ ਵਾਰ ਕਾਂਗਰਸ ਦੀ ਸਰਕਾਰ ਆਵੇਗੀ ਅਤੇ ਪੂਰਨ ਬਹੁਮਤ ਨਾਲ ਸਰਕਾਰ ਬਣੇਗੀ। ਚੰਨੀ ਜੀ ਦਿਨ-ਰਾਤ ਲੋਕਾਂ ਲਈ ਕੰਮ ਕਰਨਗੇ। ਇਕ ਹੋਰ ਸਵਾਲ ਕਿ ਕਾਂਗਰਸੀ ਤਾਂ ਆਪਸੀ ਕਲੇਸ਼ ’ਚ ਡੁੱਬੇ ਹੋਏ ਹਨ ਇਹ ਸਰਕਾਰ ਕੀ ਬਣਾਉਣਗੇ ਤਾਂ ਉਨ੍ਹਾਂ ਕਿਹਾ ਕਿ ਹਰ ਪਰਿਵਾਰ ਦੇ ਅੰਦਰ ਥੋੜ੍ਹਾ ਬਹੁਤ ਗਿਲਾ-ਸ਼ਿਕਵਾ ਤਾਂ ਚੱਲਦਾ ਹੀ ਹੈ ਪਰ ਬਹੁਤ ਸਪੱਸ਼ਟ ਹੈ ਕਿ ਚੰਨੀ ਜੀ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਅੱਗੇ ਵੀ ਅੱਗੇ ਵਧ ਕੇ ਕੰਮ ਕਰਨਗੇ।
ਪੰਜਾਬ ’ਚ ਪੰਜਾਬੀਆਂ ਦੀ ਸਰਕਾਰ ਚੱਲਣੀ ਚਾਹੀਦੀ ਹੈ ਨਾ ਕਿ ਕੰਟਰੋਲ ਦਿੱਲੀ ਤੋਂ ਹੋਵੇ
ਪੰਜਾਬ ’ਚ 20 ਫਰਵਰੀ ਨੂੰ ਵੋਟਾਂ ਪੈ ਰਹੀਆਂ ਹਨ ਅਤੇ ਤੁਸੀਂ ਇਨ੍ਹਾਂ ਚੋਣਾਂ ਨੂੰ ਕਿਵੇਂ ਵੇਖ ਰਹੇ ਹੋ। ਇਸ ਸਮੇਂ ਤੁਹਾਡੀ ਨਜ਼ਰ ’ਚ ਕੀ ਸਿਨੇਰਿਓ ਨਜ਼ਰ ਆ ਰਿਹਾ ਹੈ। ਇਸ ’ਤੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਲੋਕ ਬਹੁਤ ਉਤਸ਼ਾਹਿਤ ਹਨ ਅਤੇ ਲੋਕ ਸਮਝ ਰਹੇ ਹਨ ਕਿ ਉਨ੍ਹਾਂ ਦੀ ਭਲਾਈ ਕਿਸ ’ਚ ਹੈ। ਕਾਂਗਰਸ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੀ ਹੈ ਅਤੇ ਕਰ ਵੀ ਰਹੀ ਹੈ। ਤੁਸੀਂ ਵੇਖਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿਛਲੇ 111 ਦਿਨਾਂ ’ਚ ਲੋਕਾਂ ਦੀ ਭਲਾਈ ਲਈ ਖੂਬ ਫ਼ੈਸਲੇ ਲਏ ਹਨ, ਉਨ੍ਹਾਂ ਨੇ ਹਿੰਮਤ ਵਾਲੇ ਅਤੇ ਠੋਸ ਫ਼ੈਸਲੇ ਲਏ ਹੈ ਜੋ ਕਿ ਪੂਰੀ ਤਰ੍ਹਾਂ ਪੰਜਾਬ ਅਤੇ ਪੰਜਾਬੀਅਤ ਲਈ ਹਨ। ਸਭ ਤੋਂ ਵੱਡਾ ਮੁੱਦਾ ਤਾਂ ਇਹ ਹੈ ਕਿ ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲਣੀ ਚਾਹੀਦੀ ਹੈ ਅਤੇ ਪੰਜਾਬੀਆਂ ਦੀ ਹੋਣੀ ਚਾਹੀਦੀ ਹੈ। ਤੁਸੀਂ ਆਮ ਆਦਮੀ ਪਾਰਟੀ, ਭਾਜਪਾ ਜਾਂ ਫਿਰ ਅਕਾਲੀਆਂ ਨਾਲ ਮਿਲੀਭੁਗਤ ਕਰ ਕੇ ਸਰਕਾਰ ਚੁਣੋਗੇ ਤਾਂ ਸਰਕਾਰ ਕੰਟਰੋਲ ਤਾਂ ਫਿਰ ਦਿੱਲੀ ਤੋਂ ਹੋਵੇਗੀ। ਅਜਿਹਾ ਤਾਂ ਚੱਲ ਨਹੀਂ ਸਕਦਾ ਹੈ ਪੰਜਾਬ ’ਚ।
ਕਿਸ ਨੇ ਕਿਸ ਨੂੰ ਦਬਾਇਆ, ਕਿਸਾਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ। -ਪ੍ਰਿਅੰਕਾ ਗਾਂਧੀ
ਕਿਸਾਨਾਂ ਨੂੰ ਦਬਾਇਆ ਨਹੀਂ ਗਿਆ ਤਾਂ 700 ਕਿਸਾਨ ਸ਼ਹੀਦ ਕਿਵੇਂ ਹੋ ਗਏ?
ਭਾਜਪਾ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ। ਮੋਦੀ ਜੀ ਅੱਜਕੱਲ ਕਹਿ ਰਹਿ ਹਨ ਕਿ ਕਾਂਗਰਸ ਵਿਰੋਧੀਆਂ ਨੂੰ ਰੋਕਦੀ ਹੈ। ਸੁਰੱਖਿਆ ’ਤੇ ਵੀ ਉਨ੍ਹਾਂ ਨੇ ਸਵਾਲ ਚੁੱਕਿਆ ਹੈ ਅਤੇ ਚੰਨੀ ਜੀ ਦਾ ਹੈਲੀਕਾਪਟਰ ਵੀ ਰੋਕਿਆ। ਇਸ ’ਤੇ ਤੁਹਾਡਾ ਕੀ ਕਹਿਣਾ ਹੈ? ਇਸ ਸਵਾਲ ’ਤੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਲੋਕ ਇਕ ਸਾਲ ਦੇ ਕਿਸਾਨਾਂ ਦੇ ਅੰਦੋਲਨ ’ਚ ਗੱਲ ਕਰਨ ਤੱਕ ਨਹੀਂ ਆਏ, ਜੋ ਕਿ ਉਨ੍ਹਾਂ ਦੇ ਘਰ ਤੋਂ ਲਗਭਗ ਦੋ ਕਿਲੋਮੀਟਰ ਦੀ ਦੂਰੀ ’ਤੇ ਚੱਲ ਰਿਹਾ ਸੀ। ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਦੂਜੇ ਸੂਬਿਆਂ ਤੋਂ ਕਿਸਾਨ ਅੰਦੋਲਨ ਕਰ ਰਹੇ ਸਨ। ਉਨ੍ਹਾਂ ਨੇ ਸਿਰਫ ਕਿਸਾਨਾਂ ਨੂੰ ਦਬਾਇਆ ਹੈ। ਜੇਕਰ ਦਬਾਇਆ ਨਹੀਂ ਤਾਂ 700 ਕਿਸਾਨ ਸ਼ਹੀਦ ਕਿਵੇਂ ਹੋ ਗਏ ਅਤੇ ਕਹਿ ਰਹੇ ਹਨ ਕਿ ਅਸੀਂ ਵਿਰੋਧੀਆਂ ਨੂੰ ਦਬਾ ਰਹੇ ਹਾਂ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਿਆਨਕ ਹਾਦਸੇ ’ਚ ਪਤੀ ਦੀ ਮੌਤ, ਬੁਰੀ ਤਰ੍ਹਾਂ ਜ਼ਖਮੀ ਹੋਈ ਪਤਨੀ
NEXT STORY