ਤਪਾ ਮੰਡੀ (ਸ਼ਾਮ ਗਰਗ): ਨਗਰ ਕੌਂਸਲ ਤਪਾ ਵੱਲੋਂ ਬੱਸ ਅੱਡੇ ਦੀ ਪਰਚੀ ਵਸੂਲੀ ਦੇ ਠੇਕੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕੁਝ ਵਿਅਕਤੀਆਂ ਨੇ ਨਗਰ ਕੌਂਸਲ ਦੇ ਪ੍ਰਧਾਨ ’ਤੇ ਦੋਸ਼ ਲਾਇਆ ਕਿ ਬੱਸ ਅੱਡੇ ਦੀ ਪਰਚੀ ਦਾ ਠੇਕਾ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਦਿੱਤਾ ਗਿਆ ਹੈ। ਉਨ੍ਹਾਂ ਠੇਕੇ ਦੀ ਅਲਾਟਮੈਂਟ ’ਤੇ ਸਵਾਲ ਚੁੱਕਦਿਆਂ ਇਸ ਨੂੰ ਰੱਦ ਕਰਕੇ ਮੁੜ ਪਾਰਦਰਸ਼ੀ ਢੰਗ ਨਾਲ ਬੋਲੀ ਕਰਵਾਉਣ ਦੀ ਮੰਗ ਕੀਤੀ ਹੈ।
ਸ਼ਿਕਾਇਤਕਰਤਾਵਾਂ ਤਾਰੀ ਸਿੰਘ,ਜਗਸੀਰ ਸਿੰਘ ਸੀਰਾ,ਕਾਲਾ ਸਿੰਘ,ਭੋਲਾ ਸਿੰਘ,ਬਲਦੇਵ ਸਿੰਘ ਅਨੁਸਾਰ ਪੁਰਾਣੇ ਠੇਕੇ ਦੀ ਮਿਆਦ 15 ਅਕਤੂਬਰ ਨੂੰ ਖ਼ਤਮ ਹੋਣੀ ਸੀ, ਪਰ ਉਸ ਦਿਨ ਹੜਤਾਲ ਹੋਣ ਕਾਰਨ ਬੋਲੀ ਨਹੀਂ ਹੋ ਸਕੀ। ਇਸ ਲਈ ਬੋਲੀ ਦੀ ਤਰੀਕ 19 ਅਕਤੂਬਰ ਰੱਖੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਤਿੰਨ-ਚਾਰ ਵਾਰ ਨਗਰ ਕੌਂਸਲ ਦੇ ਦਫ਼ਤਰ ਗਏ, ਪਰ ਉਨ੍ਹਾਂ ਨੂੰ ਬੋਲੀ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੁਝ ਕੌਂਸਲਰਾਂ ਨੂੰ ਬੋਲੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ 19 ਅਕਤੂਬਰ ਨੂੰ ਠੇਕੇ ਦੀ ਬੋਲੀ ਹੋਣੀ ਹੈ। ਸ਼ਿਕਾਇਤਕਰਤਾਵਾਂ ਨੇ ਬੋਲੀ ਦੀ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਅਨੁਸਾਰ ਵੀਡੀਓਗ੍ਰਾਫੀ ਵੀ ਨਹੀਂ ਕਰਵਾਈ ਗਈ। ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਠੇਕਾ ਰੱਦ ਕਰਕੇ ਮੁੜ ਬੋਲੀ ਕਰਵਾਈ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਤਿੰਨ ਲੱਖ ਅੱਸੀ ਹਜ਼ਾਰ ਰੁਪਏ ਤੱਕ ਦੀ ਰਕਮ ਦੇਣ ਲਈ ਤਿਆਰ ਹਨ।
ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਨੇ ਦੋਸ਼ ਨਕਾਰੇ
ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਨੇ ਨਜ਼ਦੀਕੀ ਰਿਸ਼ਤੇਦਾਰ ਨੂੰ ਠੇਕਾ ਦੇਣ ਅਤੇ ਪੱਖਪਾਤ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੋਲੀ ਸਬੰਧੀ ਜਾਣਕਾਰੀ ਦੇਰੀ ਨਾਲ, ਲਗਭਗ ਅੱਧਾ ਘੰਟਾ ਪਹਿਲਾਂ ਮਿਲੀ ਸੀ। ਉਨ੍ਹਾਂ ਦੱਸਿਆ ਕਿ ਬੋਲੀ ਵਿੱਚ ਚਾਰ ਬੋਲੀਕਾਰਾਂ ਨੇ ਹਿੱਸਾ ਲਿਆ ਅਤੇ ਠੇਕਾ ਕਿਸੇ ਪੱਖਪਾਤ ਤੋਂ ਬਿਨਾਂ ਦਿੱਤਾ ਗਿਆ ਹੈ। ਦੂਜੇ ਪਾਸੇ, ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੱਸ ਅੱਡੇ ਦੀ ਪਰਚੀ ਦੇ ਠੇਕੇ ਦੀ ਬੋਲੀ ਸਰਕਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਕਰਵਾਈ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ ਗਿਆ ਅਤੇ ਨਗਰ ਕੌਂਸਲ ਦੇ ਪ੍ਰਧਾਨ ਦੀ ਹਾਜ਼ਰੀ ਵਿੱਚ ਬਕਾਇਦਾ ਬੋਲੀ ਕਰਵਾਈ ਗਈ ਹੈ।
ਇਕ ਗਲੋਕ ਪਿਸਤੌਲ, ਤਿੰਨ ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਬਰਾਮਦ
NEXT STORY