ਕਪੂਰਥਲਾ (ਮਹਾਜਨ/ਭੂਸ਼ਣ/ਮਲਹੋਤਰਾ) : ਵੀਰਵਾਰ ਸ਼ਾਮ ਨੂੰ ਸਥਾਨਕ ਸਰਕੁਲਰ ਰੋਡ ’ਤੇ ਡਿਊਟੀ ਤੋਂ ਵਾਪਸ ਆ ਰਹੀ ਐਕਟਿਵਾ ਸਵਾਰ ਇਕ ਕੁੜੀ ਨੂੰ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਗੋਲੀ ਮਾਰ ਦਿੱਤੀ। ਇਸ ਦੌਰਾਨ ਗੋਲੀ ਉਸਦੇ ਪੱਟ ’ਚੋਂ ਲੰਘ ਗਈ। ਗੋਲੀ ਲੱਗਣ ਕਾਰਣ ਗੰਭੀਰ ਜ਼ਖਮੀ ਹੋਈ ਉਕਤ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ’ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਜ਼ਖਮੀ ਦੇ ਬਿਆਨਾਂ ’ਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਮੋਬਾਈਲ ਭੱਤੇ ਤੇ ਤਨਖਾਹਾਂ 'ਚ ਵਾਧੇ ਨੂੰ ਲੈ ਕੇ...
ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ (35) ਵਾਸੀ ਔਜਲਾ ਰੋਡ ਕਪੂਰਥਲਾ ਨੇ ਦੱਸਿਆ ਕਿ ਉਹ ਸ਼ਾਮ ਕਰੀਬ 5:30 ਵਜੇ ਆਪਣੀ ਡਿਊਟੀ ਤੋਂ ਘਰ ਵਾਪਸ ਆ ਰਹੀ ਸੀ ਤਾਂ ਔਜਲਾ ਗੇਟ ਨੇੜੇ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਬ-ਡਵੀਜ਼ਨ ਸ਼ੀਤਲ ਸਿੰਘ ਤੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਅਮਨਦੀਪ ਨਾਹਰ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੇ ਲੱਗੀ ਗੋਲ਼ੀ, ਹੋਈ ਮੌਤ
ਇਸ ਸਬੰਧੀ ਡੀ. ਐੱਸ. ਪੀ. ਸਬ ਡਿਵੀਜ਼ਨ ਸ਼ੀਤਲ ਸਿੰਘ ਨੇ ਦੱਸਿਆ ਕਿ ਫਾਇਰਿੰਗ ’ਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਘਟਨਾ ਵਿਚ ਸ਼ਾਮਲ ਮੁੱਖ ਮੁਲਜ਼ਮ ਦਾ ਮਹਿਲਾ ਨਾਲ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਅਤੇ ਜ਼ਖਮੀ ਮਹਿਲਾ ਨੇ ਉਸ ਖ਼ਿਲਾਫ਼ ਥਾਣਾ ਸਿਟੀ ’ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਪੁਲਸ ਨੇ ਉਕਤ ਮੁਲਜ਼ਮ ਨੂੰ ਰਾਉਂਡਅਪ ਵੀ ਕੀਤਾ ਸੀ ਪਰ ਬਾਅਦ ਵਿਚ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿਚ ਸ਼ਾਮਲ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।
ਤਰਨਤਾਰਨ, ਨਗਰੋਟਾ ਤੇ ਬਡਗਾਮ ’ਚ ਵੋਟਾਂ ਦੀ ਗਿਣਤੀ ਅੱਜ
NEXT STORY