ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ, ਪ੍ਰਵੀਨ) : ਦੇਸ਼ ਵਿਚ ਦਿਨ-ਪ੍ਰਤੀਦਿਨ ਪਾਣੀ ਦੀ ਕਮੀ ਹੋਣਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਕਈ ਸੂਬਿਆਂ 'ਚ ਤਾਂ ਇਸ ਸਮੇਂ ਸੋਕੇ ਦੇ ਹਾਲਾਤ ਪੈਦਾ ਹੋ ਗਏ ਹਨ। ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ। ਦੇਸ਼ 'ਚ ਇਸ ਹਾਲਾਤ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੀ ਸਮੂਹ ਨਗਰ ਨਿਗਮਾਂ ਦੇ ਮੇਅਰਾਂ, ਕਮਿਸ਼ਨਰਜ਼, ਸਮੂਹ ਨਗਰ ਸੁਧਾਰ ਟਰੱਸਟ ਦੇ ਚੇਅਰਮੈਨਜ਼, ਸਮੂਹ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫਸਰਾਂ ਨੂੰ 27 ਜੂਨ ਨੂੰ ਲੈਟਰ ਮੀਮੋ ਨੰਬਰ 1939-1944 ਕੱਢਿਆ ਹੈ ਕਿ ਪਾਣੀ ਦੀ ਕਮੀ ਨੂੰ ਦੇਖਦਿਆਂ ਇਸ ਦਾ ਪ੍ਰਯੋਗ ਸੰਜਮ ਨਾਲ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ 'ਚ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਪਾਈਪ ਨਾਲ ਗੱਡੀ ਅਤੇ ਫਰਸ਼ ਧੋਣ 'ਤੇ ਜੁਰਮਾਨੇ ਦੀ ਵਿਵਸਥਾ
ਸਰਕਾਰ ਦੇ ਹੁਕਮਾਂ ਅਨੁਸਾਰ ਜੋ ਲੋਕ ਪਾਈਪ ਲਾ ਕੇ ਗੱਡੀਆਂ ਅਤੇ ਫਰਸ਼ ਧੋਂਦੇ ਹਨ, ਨੂੰ ਪਹਿਲੀ ਉਲੰਘਣਾ ਕਰਨ 'ਤੇ 1000 ਰੁਪਏ ਦਾ ਜੁਰਮਾਨਾ, ਦੂਜੀ ਵਾਰ ਉਲੰਘਣਾ ਕਰਨ 'ਤੇ 2000 ਰੁਪਏ ਦਾ ਜੁਰਮਾਨਾ, ਤੀਜੀ ਉਲੰਘਣਾ ਕਰਨ 'ਤੇ ਕੁਨੈਕਸ਼ਨ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜੇਕਰ ਫਿਰ ਤੋਂ ਕੁਨੈਕਸ਼ਨ ਜੁੜਵਾਉਣਾ ਹੋਵੇ ਤਾਂ 5 ਹਜ਼ਾਰ ਰੁਪਏ ਦਾ ਜੁਰਮਾਨਾ ਭਰਵਾ ਕੇ ਫਿਰ ਤੋਂ ਕੁਨੈਕਸ਼ਨ ਜੋੜਿਆ ਜਾਵੇਗਾ। ਇੰਨਾ ਹੀ ਨਹੀਂ ਬਾਗ-ਬਗੀਚਿਆਂ 'ਚ ਬੂਟਿਆਂ ਨੂੰ ਪਾਣੀ ਲਾਉਣ ਦਾ ਸਮਾਂ ਸ਼ਾਮ 5 ਵਜੇ ਦੇ ਬਾਅਦ ਨਿਰਧਾਰਤ ਕੀਤਾ ਗਿਆ ਹੈ। ਇਹ ਹੁਕਮ ਲਾਗੂ ਕਰਵਾਉਣ ਲਈ ਹਰ 15 ਦਿਨਾਂ ਦੇ ਬਾਅਦ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਨੂੰ ਰਿਪੋਰਟਾਂ ਭੇਜਣ ਲਈ ਕਿਹਾ ਗਿਆ ਹੈ।
ਖੇਤੀਬਾੜੀ ਵਿਭਾਗ ਨੇ ਝੋਨੇ ਦੀ ਥਾਂ ਮੱਕੀ ਦੀ ਫਸਲ ਬੀਜਣ ਸਬੰਧੀ ਜਾਰੀ ਕੀਤੀ ਐਡਵਾਈਜ਼ਰੀ
ਖੇਤੀਬਾੜੀ ਵਿਭਾਗ ਨੇ ਵੀ ਪੰਜਾਬ ਦੇ ਕਿਸਾਨਾਂ ਨੂੰ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਪਾਣੀ ਦਾ ਲੈਵਲ ਦਿਨ-ਪ੍ਰਤੀਦਿਨ ਥੱਲੇ ਜਾ ਰਿਹਾ ਹੈ। ਪੰਜਾਬ ਰੇਗਿਸਤਾਨ ਨਾ ਬਣ ਜਾਵੇ, ਇਸ ਲਈ ਹੁਣ ਕਿਸਾਨ ਝੋਨੇ ਦੀ ਫਸਲ ਦੀ ਬਜਾਏ ਮੱਕੀ ਦੀ ਫਸਲ ਬੀਜਣ ਨੂੰ ਪਹਿਲ ਦੇਣ। ਮੱਕੀ ਦੀ ਫਸਲ ਬੀਜਣ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ ਅਤੇ ਪਾਣੀ ਦੀ ਵੀ ਬੱਚਤ ਹੋਵੇਗੀ।
ਧਰਤੀ ਦੀ ਤੀਜੀ ਪਰਤ 'ਤੇ ਪਹੁੰਚ ਚੁੱਕਿਆ ਹੈ ਪਾਣੀ ਦਾ ਲੈਵਲ
ਪੰਜਾਬ 'ਚ ਇਸ ਸਮੇਂ 350 ਫੁੱਟ ਤੋਂ ਜ਼ਿਆਦਾ ਡੂੰਘੇ ਬੋਰ ਲੱਗ ਰਹੇ ਹਨ। ਪੰਜਾਬ 'ਚ ਪਾਣੀ ਧਰਤੀ ਦੀਆਂ ਤਿੰਨ ਪਰਤਾਂ 'ਤੇ ਹੈ। ਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈ। ਇਸ ਪਰਤ ਵਿਚ ਪਾਣੀ ਕਈ ਸਾਲ ਪਹਿਲਾਂ ਖਤਮ ਹੋ ਚੁੱਕਿਆ ਹੈ। ਦੂਜੀ ਪਰਤ 100 ਤੋਂ 200 ਫੁੱਟ ਦੀ ਡੂੰਘਾਈ 'ਤੇ ਹੈ, ਜੋ 10 ਸਾਲ ਪਹਿਲਾਂ ਸੁੱਕ ਗਈ ਸੀ। ਤੀਜੀ ਪਰਤ 350 ਫੁੱਟ ਤੋਂ ਡੂੰਘੀ ਹੈ। ਜੋ ਆਉਣ ਵਾਲੇ ਸਮੇਂ 'ਚ ਖਤਮ ਹੋ ਜਾਵੇਗੀ। ਫਿਰ ਪੀਣ ਲਈ ਵੀ ਪਾਣੀ ਨਹੀਂ ਬਚੇਗਾ। ਪਾਣੀ ਦੀ ਇਕ-ਇਕ ਬੂੰਦ ਨੂੰ ਲੋਕ ਤਰਸਣਗੇ।
ਪੰਜਾਬ ਦੇ 14 ਲੱਖ 32 ਹਜ਼ਾਰ ਟਿਊਬਵੈੱਲ ਪਾਣੀ ਦਾ ਲੈਵਲ ਹਰ ਵਰ੍ਹੇ ਕਰ ਦਿੰਦੇ ਹਨ 20 ਫੁੱਟ ਥੱਲੇ
ਪੰਜਾਬ 'ਚ 14 ਲੱਖ 32 ਹਜ਼ਾਰ ਦੇ ਕਰੀਬ ਟਿਊਬਵੈੱਲ ਲੱਗੇ ਹੋਏ ਹਨ, ਜੋ ਹਰ ਸਾਲ ਪਾਣੀ ਦਾ ਲੈਵਲ ਧਰਤੀ ਤੋਂ 20 ਫੁੱਟ ਥੱਲੇ ਕਰ ਦਿੰਦੇ ਹਨ। ਅਗਲੇ 15 ਸਾਲਾਂ 'ਚ ਜ਼ਿਆਦਾਤਰ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ। ਉਦੋਂ ਪੰਜਾਬ ਦੇ ਲੋਕਾਂ ਲਈ ਇਲਾਕਾ ਛੱਡਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ। ਇਕ ਅਨੁਮਾਨ ਅਨੁਸਾਰ 1.18 ਬਿਲੀਅਨ ਲੋਕ ਸੀਵਰੇਜ ਨਾਲ ਪ੍ਰਦੂਸ਼ਿਤ ਪਾਣੀ ਦਾ ਪ੍ਰਯੋਗ ਕਰ ਰਹੇ ਹਨ, ਜਿਸ ਨਾਲ ਹੈਜ਼ਾ, ਟਾਈਫਾਇਡ ਅਤੇ ਪੇਟ ਦੀਆਂ ਬੀਮਾਰੀਆਂ ਦੇ ਕਾਰਣ ਲਗਭਗ 8 ਲੱਖ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ।
ਜਾਰੀ ਕੀਤੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਵਾਏ ਸਰਕਾਰ, ਫਿਰ ਹੀ ਬਚੇਗਾ ਪਾਣੀ
ਆੜ੍ਹਤੀਆ ਐਸੋ. ਦੇ ਜਨਰਲ ਸਕੱਤਰ ਇਕਬਾਲ ਸਰਾਂ ਨੇ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਸਰਕਾਰ ਨਿਰਦੇਸ਼ ਤਾਂ ਜਾਰੀ ਕਰ ਦਿੰਦੀ ਹੈ ਪਰ ਜ਼ਮੀਨੀ ਪੱਧਰ 'ਤੇ ਇਸ ਨੂੰ ਲਾਗੂ ਕਰਵਾਉਣ ਲਈ ਸਰਕਾਰ ਸਖਤ ਕਾਰਵਾਈ ਨਹੀਂ ਕਰਦੀ। ਇਸ ਕਾਰਣ ਇਹ ਹੁਕਮ ਲਾਗੂ ਨਹੀਂ ਹੋ ਪਾਉਂਦੇ। ਇਹ ਹੁਕਮ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ। ਪਾਣੀ ਦਾ ਪੱਧਰ ਦਿਨ-ਪ੍ਰਤੀਦਿਨ ਥੱਲੇ ਜਾ ਰਿਹਾ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਨਹੀਂ ਮਿਲੇਗਾ ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਰਕਾਰ ਨੂੰ ਜਾਰੀ ਕੀਤੇ ਗਏ ਨਿਰਦੇਸ਼ ਸਖਤੀ ਨਾਲ ਲਾਗੂ ਕਰਵਾਉਣੇ ਚਾਹੀਦੇ ਹਨ ਤਾਂ ਕਿ ਸਾਨੂੰ ਪਾਣੀ ਨਸੀਬ ਹੋ ਸਕੇ।
ਫਿਲਟਰ ਵਾਲੇ ਵੇਸਟ ਪਾਣੀ ਨੂੰ ਇਕੱਠਾ ਕਰ ਕੇ ਕੀਤਾ ਜਾਵੇ ਪ੍ਰਯੋਗ
ਮਾਰਕੀਟ ਕਮੇਟੀ ਬਰਨਾਲਾ ਦੇ ਸਾਬਕਾ ਚੇਅਰਮੈਨ ਅਤੇ ਸਮਾਜ ਸੇਵੀ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਹਰ ਘਰ ਵਿਚ ਪਾਣੀ ਸਾਫ ਕਰਨ ਲਈ ਫਿਲਟਰ ਲੱਗੇ ਹੋਏ ਹਨ, ਜਿੰਨਾ ਪਾਣੀ ਫਿਲਟਰ ਹੁੰਦਾ ਹੈ, ਉਸ ਤੋਂ ਵੀ ਜ਼ਿਆਦਾ ਪਾਣੀ ਵੇਸਟ ਨਾਲੀਆਂ ਵਿਚ ਚਲਾ ਜਾਂਦਾ ਹੈ। ਇਸ ਵੇਸਟ ਪਾਣੀ ਨੂੰ ਬਚਾਉਣ ਲਈ ਕਿਸੇ ਬਰਤਨ 'ਚ ਇਕੱਠਾ ਕਰਨਾ ਚਾਹੀਦਾ ਹੈ ਅਤੇ ਇਸ ਪਾਣੀ ਨੂੰ ਫਰਸ਼ ਧੋਣ, ਕੱਪੜੇ ਧੋਣ ਆਦਿ ਵਿਚ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਨਾਲ ਕਰੋੜਾਂ ਲਿਟਰ ਪਾਣੀ ਦੀ ਬੱਚਤ ਹੋਵੇਗੀ।
ਬਾਰਸ਼ ਦੇ ਪਾਣੀ ਨੂੰ ਬਚਾਉਣ ਲਈ ਲਾਏ ਜਾਣ ਰੇਨ ਹਾਰਵੈਸਟਿੰਗ ਸਿਸਟਮ
ਕਾਂਗਰਸੀ ਆਗੂ ਐਡਵੋਕੇਟ ਰਾਜੀਵ ਲੂਬੀ ਨੇ ਕਿਹਾ ਕਿ ਜੇਕਰ ਪਾਣੀ ਦਾ ਪੱਧਰ ਜ਼ਮੀਨ ਤੋਂ ਉਪਰ ਚੁੱਕਣਾ ਹੈ ਤਾਂ ਪੂਰੇ ਦੇਸ਼ ਵਿਚ ਥਾਂ-ਥਾਂ 'ਤੇ ਰੇਨ ਹਾਰਵੈਸਟਿੰਗ ਸਿਸਟਮ ਲਾਉਣੇ ਚਾਹੀਦੇ ਹਨ ਤਾਂ ਕਿ ਬਾਰਸ਼ ਦਾ ਪਾਣੀ ਬੇਕਾਰ ਨਾ ਜਾਵੇ, ਬਾਰਸ਼ ਦਾ ਪਾਣੀ ਪੂਰਾ ਦਾ ਪੂਰਾ ਜ਼ਮੀਨ ਵਿਚ ਚਲਾ ਜਾਵੇ। ਜੇਕਰ ਇਹ ਪਾਣੀ ਜ਼ਮੀਨ ਵਿਚ ਜਾਣ ਲੱਗਿਆ ਤਾਂ ਆਪਣੇ ਆਪ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਉਪਲੱਬਧ ਹੋ ਸਕੇਗਾ। ਅੱਜ ਦੇ ਜੋ ਹਾਲਾਤ ਹਨ, ਇਸ ਤੋਂ ਡਰ ਲੱਗਣ ਲੱਗਿਆ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਮਿਲੇਗਾ ਜਾਂ ਨਹੀਂ।
ਦੇਸ਼ ਦੀਆਂ ਸਾਰੀਆਂ ਨਦੀਆਂ ਨੂੰ ਜੋੜਨ ਨਾਲ ਪਾਣੀ ਦੀ ਸਮੱਸਿਆ ਤੋਂ ਮਿਲੇਗੀ ਰਾਹਤ
ਸਪਰਿੰਗ ਵਿਲਾ ਦੇ ਐੱਮ. ਡੀ. ਸਤੀਸ਼ ਕੁਮਾਰ ਨੇ ਕਿਹਾ ਕਿ ਜੇਕਰ ਦੇਸ਼ 'ਚ ਪਾਣੀ ਨੂੰ ਬਚਾਉਣਾ ਹੈ ਤਾਂ ਦੇਸ਼ ਦੀਆਂ ਨਦੀਆਂ ਨੂੰ ਇਕ ਦੂਜੇ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਪਾਣੀ ਦੀ ਬਰਬਾਦੀ ਨਾ ਹੋਵੇ ਜੇਕਰ ਪੂਰੇ ਦੇਸ਼ ਦੀਆਂ ਨਦੀਆਂ ਨੂੰ ਇਕ ਦੂਜੇ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਖੇਤਾਂ ਨੂੰ ਪਾਣੀ ਵੀ ਮਿਲੇਗਾ, ਖੇਤਾਂ ਨੂੰ ਪਾਣੀ ਮਿਲਣ ਨਾਲ ਜ਼ਮੀਨ 'ਚੋਂ ਪਾਣੀ ਦੀ ਨਿਕਾਸੀ ਘੱਟ ਹੋਵੇਗੀ। ਜ਼ਮੀਨ ਵਿਚ ਜਦੋਂ ਪਾਣੀ ਦੀ ਨਿਕਾਸੀ ਘੱਟ ਹੋਣ ਲੱਗੀ ਤਾਂ ਪੱਧਰ ਥੱਲੇ ਨਹੀਂ ਜਾਵੇਗਾ। ਸਰਕਾਰ ਨੂੰ ਇਸ ਯੋਜਨਾ ਨੂੰ ਜਲਦੀ ਤੋਂ ਜਲਦੀ ਅਮਲ ਵਿਚ ਲਿਆਉਣਾ ਚਾਹੀਦਾ ਹੈ।
ਨਿਊਜ਼ੀਲੈਂਡ 'ਚ ਕੁਕਰੀ ਅਤੇ ਨਰਸਿੰਗ ਦੇ ਖੇਤਰ 'ਚ ਬੇਹੱਦ ਸੰਭਾਵਨਾਵਾਂ
NEXT STORY