ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕੇ ਮਹਿਲ ਕਲਾਂ ਦੇ ਪਿੰਡ ਗਹਿਲ ਵਿਚ ਅੱਜ ਸੋਗ ਦਾ ਮਾਹੌਲ ਛਾਇਆ ਰਿਹਾ, ਜਦੋਂ ਇਕੋ ਦਿਨ ਤਿੰਨ ਨੌਜਵਾਨਾਂ ਦੇ ਅੰਤਿਮ ਸਸਕਾਰ ਕੀਤੇ ਗਏ। ਇਹ ਤਿੰਨੋ ਅੰਮ੍ਰਿਤਪਾਲ ਸਿੰਘ (20), ਅਕਾਸ਼ਦੀਪ ਸਿੰਘ (24) ਅਤੇ ਪਰਵਿੰਦਰ ਸਿੰਘ (21) ਸ਼ਨੀਵਾਰ ਨੂੰ ਮੁੱਲਾਂਪੁਰ ਨੇੜਲੇ ਪਿੰਡ ਬੋਪਾਰਾਏ ਦੇ ਕੋਲ ਹੋਏ ਸੜਕ ਹਾਦਸੇ ਵਿਚ ਮੌਤ ਦੇ ਮੂੰਹ ਵਿਚ ਸਮਾ ਗਏ ਸਨ।

ਸਵੇਰੇ ਜਦੋਂ ਸਸਕਾਰ ਦੀਆਂ ਤਿਆਰੀਆਂ ਹੋ ਰਹੀਆਂ ਸਨ, ਉਸ ਵੇਲੇ ਮਾਹੌਲ ਹੋਰ ਵੀ ਗਮਗੀਨ ਹੋ ਗਿਆ, ਜਦੋਂ ਤਿੰਨੋ ਮ੍ਰਿਤਕਾਂ ਦੀਆਂ ਭੈਣਾਂ ਨੇ ਆਪਣੇ ਭਰਾਵਾਂ ਦੇ ਸਿਰ ‘ਤੇ ਸਿਹਰੇ ਬੰਨ੍ਹੇ। ਇਹ ਦ੍ਰਿਸ਼ ਦੇਖ ਕੇ ਹਰ ਅੱਖ ਨਮ ਹੋ ਗਈ। ਸਭ ਤੋਂ ਪਹਿਲਾਂ ਪਿੰਡ ਬੀਹਲਾ ਵੱਲ ਜਾਣ ਵਾਲੇ ਕੱਚੇ ਰਸਤੇ ਨਜ਼ਦੀਕ ਸਥਿਤ ਸਮਸ਼ਾਨਘਾਟ ਵਿਚ ਅੰਮ੍ਰਿਤਪਾਲ ਸਿੰਘ ਦਾ ਸਸਕਾਰ ਕੀਤਾ ਗਿਆ। ਇਸ ਤੋਂ ਅੱਧਾ ਘੰਟਾ ਬਾਅਦ ਉਸੇ ਸਮਸ਼ਾਨਘਾਟ ਵਿਚ ਹੀ ਅਕਾਸ਼ਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਅਗਨੀ ਦਿੱਤੀ ਗਈ। ਕੁਝ ਸਮੇਂ ਬਾਅਦ ਛੀਨੀਵਾਲ ਖੁਰਦ ਸੜਕ ਕੋਲ ਸਥਿਤ ਦੂਜੇ ਸਮਸ਼ਾਨਘਾਟ ਵਿਚ ਪਰਵਿੰਦਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਇੱਕੋ ਦਿਨ ਤਿੰਨ ਚਿਖਾਵਾਂ ਦੇ ਜਲਣ ਨਾਲ ਪਿੰਡ ‘ਤੇ ਕਾਲਾ ਦਿਨ ਛਾ ਗਿਆ ਹੈ। ਸਰਪੰਚ ਬਲਵੀਰ ਸਿੰਘ ਮਾਨ ਅਤੇ ਸਾਵਣ ਸਿੰਘ ਨਾਮਧਾਰੀ ਨੇ ਕਿਹਾ ਕਿ ਇਹ ਤਿੰਨੋ ਹੋਣਹਾਰ ਗੱਭਰੂ ਭਵਿੱਖ ਵਿੱਚ ਆਪਣੇ ਪਰਿਵਾਰਾਂ ਦੀ ਤਾਕਤ ਬਣਨ ਵਾਲੇ ਸਨ ਪਰ ਕਰੂਰ ਹਾਦਸੇ ਨੇ ਮਾਪਿਆਂ ਤੋਂ ਉਹਨਾਂ ਦੇ ਲਾਲ ਛੀਨ ਲਏ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਪੀੜਤ ਪਰਿਵਾਰਾਂ ਦੇ ਇਸ ਅਸਹਿਣੀ ਦੁੱਖ ਵਿੱਚ ਨਾਲ ਖੜ੍ਹੇ ਹਨ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇ। ਇਸ ਮੌਕੇ ਕਾਂਗਰਸ ਕਿਸਾਨ ਸਲਾ ਦੇ ਬਲਾਕ ਪ੍ਰਧਾਨ ਦਲਜੀਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਪ੍ਰਿਤਪਾਲ ਸਿੰਘ ਮਾਨ ਸਾਬਕਾ ਸਰਪੰਚ ਅਮਰਜੀਤ ਸਿੰਘ ਧਾਲੀਵਾਲ, ਪੰਚ ਕਰਮਜੀਤ ਸਿੰਘ ਸਿੱਧੂ, ਰਜਿੰਦਰ ਸਿੰਘ, ਬੇਅੰਤ ਸਿੰਘ, ਪੂਰਨ ਸਿੰਘ ਪੇਂਟਰ, ਬਰਜਿੰਦਰ ਪਾਲ ਸਿੰਘ (ਪੁਨੀਤ ਮਾਨ) ਅਤੇ ਹੋਰ ਕਈ ਪਿੰਡ ਵਾਸੀ ਹਾਜ਼ਰ ਸਨ।
ਬਰਨਾਲਾ ਦੇ ਹੋਟਲ ’ਚ 2 ਸਹੇਲੀਆਂ ਨਾਲ ਜਬਰ-ਜ਼ਿਨਾਹ
NEXT STORY