ਲੁਧਿਆਣਾ (ਖੁਰਾਣਾ)- ਬਿਜਲੀ ਮੀਟਰਾਂ ਦੀ ਰੀਡਿੰਗ ਦੌਰਾਨ ਸਾਫਟਵੇਅਰ ਦੇ ਨਾਲ ਛੇੜਛਾੜ ਕਰ ਕੇ ਆਪਣੀਆਂ ਜੇਬਾਂ ਭਰਨ ਵਾਲੇ 40 ਦੇ ਕਰੀਬ ਮੁਲਜ਼ਮ ਮੁਲਾਜ਼ਮਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਨੌਕਰੀ ਤੋਂ ਫਾਰਗ ਕਰਨ ਸਮੇਤ ਬਿਜਲੀ ਵਿਭਾਗ ਨੂੰ ਪਹੁੰਚਾਏ ਗਏ ਆਰਥਿਕ ਨੁਕਸਾਨ ਦੀ ਭਰਪਾਈ ਕਰਨ ਦੀ ਕਾਰਵਾਈ ਕਰਨ ’ਚ ਜੁਟ ਗਏ ਹਨ। ਵਿਭਾਗੀ ਸੂਤਰਾਂ ਨਾਲ ਸਬੰਧਤ ਪਾਵਰਕਾਮ ਵਿਭਾਗ ਦੇ ਈਸਟ, ਵੈਸਟ ਅਤੇ ਸਬ-ਅਰਬਨ ਸਰਕਲ ਸਮੇਤ ਖੰਨਾ, ਦੋਰਾਹਾ ਆਦਿ ਇਲਾਕਿਆਂ ’ਚ ਤਾਇਨਾਤ ਮੁਲਾਜ਼ਮਾਂ ਖਿਲਾਫ ਅਧਿਕਾਰੀਆਂ ਦਾ ਜਲਦ ਵੱਡਾ ਐਕਸ਼ਨ ਹੋਵੇਗਾ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ’ਚ ਤਾਇਨਾਤ ਬਿਜਲੀ ਮੀਟਰ ਰੀਡਰਾਂ ਵਲੋਂ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਖਪਤਕਾਰਾਂ ਦੇ ਘਰਾਂ ’ਚ ਲੱਗੇ ਬਿਜਲੀ ਦੇ ਮੀਟਰਾਂ ਦੀ ਰੀਡਿੰਗ ਲੈਣ ਦੌਰਾਨ ਓ. ਸੀ. ਆਰ. ਅਤੇ ਸਕੈਨਿੰਗ ਐੱਪ ਤਕਨੀਕ ਦੀ ਜਗ੍ਹਾ ਮੈਨੂਅਲ ਬਿੱਲ ਜਾਰੀ ਕਰ ਕੇ ਖਪਤਕਾਰਾਂ ਵਲੋਂ ਵਰਤੇ ਗਏ ਬਿਜਲੀ ਯੂਨਿਟਾਂ ਨੂੰ ਘੱਟ ਦਿਖਾ ਕੇ ਬਿਜਲੀ ਦੇ ਜ਼ੀਰੋ ਬਿੱਲ ਜਾਰੀ ਕਰ ਕੇ ਨਾ ਸਿਰਫ ਆਪਣੀਆਂ ਜੇਬਾਂ ਗਰਮ ਕੀਤੀਆਂ, ਸਗੋਂ ਪਾਵਰਕਾਮ ਵਿਭਾਗ ਦੇ ਖਜ਼ਾਨੇ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ।
ਕਾਬਿਲੇਗੌਰ ਹੈ ਕਿ ਮੀਟਰ ਰੀਡਰਾਂ ਵਲੋਂ ਕੀਤੇ ਗਏ ਵੱਡੇ ਘਪਲੇ ਦਾ ਪਰਦਾਫਾਸ਼ ਸਭ ਤੋਂ ਪਹਿਲਾਂ ‘ਜਗ ਬਾਣੀ’ ਵਲੋਂ 26 ਨਵੰਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਖ਼ਬਰ ‘ਪੰਜਾਬ ਭਰ ਵਿਚ ਬਿਜਲੀ ਮੀਟਰਾਂ ਦੀ ਮੈਨੁਅਲ ਰੀਡਿੰਗ ਦੌਰਾਨ ਵੱਡੇ ਘਪਲੇ ਦੀ ਚਰਚਾ ਨਾਲ ਮਚੀ ਹਫੜਾ-ਦਫੜੀ’ ਰਾਹੀਂ ਕੀਤਾ ਗਿਆ ਹੈ। ‘ਜਗ ਬਾਣੀ’ ਵਿਚ ਪ੍ਰਕਾਸ਼ਿਤ ਖ਼ਬਰ ਤੋਂ ਬਾਅਦ ਹਰਕਤ ’ਚ ਆਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਆਈ. ਟੀ. ਸੈੱਲ. ਦੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਇਸ ਦੌਰਾਨ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ।
ਦੱਸਿਆ ਜਾ ਰਿਹਾ ਹੈ ਕਿ ਵੱਖ-ਵੱਖ ਇਲਾਕਿਆਂ ’ਚ ਬਿਜਲੀ ਮੀਟਰ ਰੀਡਰਾਂ ਵੱਲੋਂ ਸਰਕਾਰੀ ਡਿਵਾਈਸ ਨਾਲ ਛੇੜਛਾੜ ਕਰ ਕੇ ਖਪਤਕਾਰਾਂ ਵਲੋਂ ਬਾਲੇ ਗਏ ਬਿਜਲੀ ਯੂਨਿਟਾਂ ਨੂੰ ਘੱਟ ਦਿਖਾਉਣ ਬਦਲੇ 2 ਨੰਬਰ ’ਚ ਲੱਖਾਂ ਰੁਪਏ ਵਸੂਲੇ ਗਏ ਅਤੇ ਮਾਮਲੇ ਦੀ ਭਿਣਕ ਲੱਗਣ ’ਤੇ ਪਾਵਰਕਾਮ ਵਿਭਾਗ ਦੇ ਆਈ. ਟੀ. ਸੈੱਲ. ਵਲੋਂ ਪੰਜਾਬ ਭਰ ਵਿਚ ਪਾਵਰਕਾਮ ਵਿਭਾਗ ਦੇ ਚੀਫ ਇੰਜੀਨੀਅਰ ਨੂੰ ਮੀਟਰ ਰੀਡਰ ਵਲੋਂ ਬਿਜਲੀ ਦੇ ਜਾਰੀ ਕੀਤੇ ਗਏ ਮੈਨੂਅਲ ਬਿੱਲਾਂ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ।
ਅਜਿਹੇ ’ਚ ਅਧਿਕਾਰੀਆਂ ਵਲੋਂ ਛੁੱਟੀ ਵਾਲੇ ਦਿਨ ਅਤੇ ਦੇਰ ਰਾਤ ਤੱਕ ਸਾਰੇ ਸ਼ੱਕੀ ਬਿੱਲਾਂ ਨੂੰ ਚੈੱਕ ਕੀਤਾ ਗਿਆ, ਜਿਸ ਵਿਚ ਖਪਤਕਾਰਾਂ ਨੂੰ ਫਰਜ਼ੀ ਬਿੱਲ ਜਾਰੀ ਕਰਨ ਵਾਲੇ ਕਈ ਮੀਟਰ ਰੀਡਰ ਦੋਸ਼ੀ ਪਾਏ ਗਏ ਹਨ। ਅਜਿਹੇ ਸਾਰੇ ਮੁਲਜ਼ਮਾਂ ਦੀ ਪਾਵਰਕਾਮ ਅਧਿਕਾਰੀਆਂ ਵਲੋਂ ਲਿਸਟ ਤਿਆਰ ਕਰ ਲਈ ਗਈ ਹੈ। ਲੁਧਿਆਣਾ ਜ਼ਿਲੇ ਵਿਚ ਇਨ੍ਹਾਂ ਦੀ ਕੁੱਲ ਗਿਣਤੀ 40 ਤੋਂ 50 ਦੇ ਕਰੀਬ ਦੱਸੀ ਜਾ ਰਹੀ ਹੈ।
ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ : ਚੀਫ ਇੰਜੀਨੀਅਰ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸੈਂਟਰਲ ਜ਼ੋਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਦੱਸਿਆ ਕਿ ਵਿਭਾਗੀ ਜਾਂਚ ਦੌਰਾਨ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ, ਜਿਨ੍ਹਾਂ ਵਿਚ ਮੀਟਰ ਰੀਡਰਾਂ ਵਲੋਂ ਖਪਤਕਾਰਾਂ ਨੂੰ ਫਰਜ਼ੀ ਤਰੀਕੇ ਨਾਲ ਜ਼ੀਰੋ ਬਿਜਲੀ ਬਿੱਲ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਾਵਰਕਾਮ ਵਿਭਾਗ ਦੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮੁਲਜ਼ਮਾਂ ਖਿਲਾਫ ਸਖ਼ਤ ਵਿਭਾਗੀ ਕਾਰਵਾਈ ਕਰਨ ਸਮੇਤ ਪਾਵਰਕਾਮ ਨੂੰ ਹੋਏ ਨੁਕਸਾਨ ਦੀ ਭਰਪਾਈ ਵੀ ਸਬੰਧਤ ਮੁਲਾਜ਼ਮਾਂ ਤੋਂ ਕੀਤੀ ਜਾਵੇਗੀ।
ਜਲੰਧਰ 'ਚ ਮਸ਼ਹੂਰ ਸਵੀਟ ਸ਼ਾਪ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਈਆਂ ਭਾਜੜਾਂ
NEXT STORY