ਭਦੌੜ(ਰਾਕੇਸ਼)—ਪੰਜਾਬ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਵਿਅਕਤੀਆਂ ਲਈ ਸਮੇਂ-ਸਮੇਂ 'ਤੇ ਵੱਖ-ਵੱਖ ਸਕੀਮਾਂ ਚਲਾਈਆਂ ਜਾਂਦੀਆਂ ਹਨ ਪਰ ਜੇਕਰ ਲੋੜਵੰਦ ਲੋਕਾਂ ਤੱਕ ਇਨ੍ਹਾਂ ਸਕੀਮਾਂ ਦਾ ਲਾਭ ਨਾ ਪਹੁੰਚੇ ਤਾਂ ਉਨ੍ਹਾਂ ਵੱਲੋਂ ਸਰਕਾਰ ਖਿਲਾਫ ਆਪਣਾ ਗੁੱਸਾ ਕੱਢਣਾ ਜਾਇਜ਼ ਹੈ। ਅਜਿਹੀ ਹੀ ਇਕ ਘਟਨਾ ਪਿੰਡ ਦੀਪਗੜ੍ਹ ਵਿਚ ਦੇਖਣ ਨੂੰ ਮਿਲੀ, ਜਦੋਂ ਭਗਤ ਪੂਰਨ ਸਿੰਘ ਬੀਮਾ ਯੋਜਨਾ ਦੇ ਕਾਰਡ ਗਰੀਬ ਲੋੜਵੰਦ ਵਿਅਕਤੀਆਂ ਕੋਲ ਪਹੁੰਚਣ ਦੀ ਥਾਂ ਦੀਪਗੜ੍ਹ ਦੇ ਰਜਬਾਹੇ ਵਿਚ ਸੁੱਟੇ ਹੋਏ ਮਿਲੇ। ਕਾਂਗਰਸ ਦੇ ਇਕਾਈ ਪ੍ਰਧਾਨ ਜਗਰੂਪ ਸਿੰਘ ਦੀਪਗੜ੍ਹ, ਜਨਰਲ ਸਕੱਤਰ ਜੋਗਿੰਦਰ ਸਿੰਘ ਮਠਾੜੂ ਅਤੇ ਗੁਰਚਰਨ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਵਿਚੋਂ ਲੰਘਦੇ ਰਜਬਾਹੇ ਦੀ ਬੰਦੀ ਕਾਰਨ ਇਥੇ ਸਫਾਈ ਕੀਤੀ ਜਾ ਰਹੀ ਸੀ ਕਿ ਬੇਲਦਾਰਾਂ ਨੂੰ ਇਕ ਬੰਦ ਲਿਫਾਫਾ ਮਿਲਿਆ। ਜਦੋਂ ਇਹ ਲਿਫਾਫਾ ਖੋਲ੍ਹ ਕੇ ਦੇਖਿਆ ਤਾਂ ਉਸ ਵਿਚੋਂ ਭਗਤ ਪੂਰਨ ਸਿੰੰਘ ਬੀਮਾ ਯੋਜਨਾ ਦੇ 25 ਸ਼ਨਾਖਤੀ ਕਾਰਡ ਮਿਲੇ, ਜੋ ਉਨ੍ਹਾਂ ਨੇ ਉਕਤ ਆਗੂਆਂ ਨੂੰ ਸੌਂਪ ਦਿੱਤੇ।
ਦੋਸ਼ੀ ਕਰਮਚਾਰੀਆਂ 'ਤੇ ਕਾਰਵਾਈ ਦੀ ਮੰਗ : ਪਿੰਡ ਦੇ ਪਤਵੰਤੇ ਇਹ ਵੱਡੀ ਕੁਤਾਹੀ ਦੇਖ ਕੇ ਹੈਰਾਨ ਹੋ ਗਏ ਅਤੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਇਸ ਦੀ ਵੱਡੀ ਪੱਧਰ 'ਤੇ ਜਾਂਚ ਕਰਵਾ ਕੇ ਸਬੰਧਤ ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋੜਵੰਦ ਵਿਅਕਤੀ ਇਸ ਵੱਡੀ ਕੁਤਾਹੀ ਕਾਰਨ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹਨ।
ਕਿਨ੍ਹਾਂ ਦੇ ਸਨ ਭਗਤ ਪੂਰਨ ਸਿੰਘ ਬੀਮਾ ਯੋਜਨਾ ਦੇ ਕਾਰਡ : ਚਰਨਜੀਤ ਕੌਰ ਵਿਧਵਾ ਜੈ ਸਿੰਘ, ਗੁਰਦੀਪ ਕੌਰ ਵਿਧਵਾ ਨੱਥਾ ਸਿੰਘ, ਬੂਟਾ ਸਿੰਘ ਪੁੱਤਰ ਮਹਿੰਦਰ ਸਿੰਘ, ਜਰਨੈਲ ਸਿੰਘ ਪੁੱਤਰ ਜਗਸੀਰ ਸਿੰਘ, ਸੁਖਦੇਵ ਸਿੰਘ ਪੁੱਤਰ ਮੇਜਰ ਸਿੰਘ, ਬੀਰਬਲ ਸਿੰਘ ਪੁੱਤਰ ਦਲੀਪ ਸਿੰਘ, ਮਹਿੰਦਰ ਸਿੰਘ ਪੁੱਤਰ ਚਾਨਣ ਸਿੰਘ, ਪਾਲ ਸਿੰਘ ਯੂ. ਪੀ. ਵਾਲਾ, ਨਾਇਬ ਸਿੰਘ ਪੁੱਤਰ ਭਗਤ ਸਿੰਘ, ਬੂਟਾ ਸਿੰਘ ਪੁੱਤਰ ਬਿੱਕਰ ਸਿੰਘ ਤੋਂ ਇਲਾਵਾ ਹੋਰ ਵੀ ਵਿਅਕਤੀਆਂ ਦੇ ਨਾਂ ਵਾਲੇ ਕਾਰਡ ਹਨ, ਜਿਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ।
ਭਗਵਾਨ ਸਿੰਘ ਚੌਹਾਨ ਨੇ ਬਸਪਾ ਨੂੰ ਕਿਹਾ ਅਲਵਿਦਾ
NEXT STORY