ਲੁਧਿਆਣਾ (ਰਾਜ): ਪੰਜਾਬ ਦੀ ਕਾਨੂੰਨ-ਵਿਵਸਥਾ ਤੇ ਗੰਨ ਕਲਚਰ ਨੂੰ ਲੈ ਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੇਹੱਦ ਤਿੱਖੇ ਤੇਵਰ ਦਿਖਾਏ ਹਨ। ਮਹਾਨਗਰ ਵਿਚ ਇਕ ਨਿੱਜੀ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਪਹੁੰਚੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਸੁਰੱਖਿਆ ਹਾਲਾਤ 'ਤੇ ਸਿੱਧਾ ਪ੍ਰਹਾਰ ਕੀਤਾ। ਉਨ੍ਹਾਂ ਦੇ ਟੁੱਕ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਵਿਚ ਰੋਜ਼ਾਨਾ ਜਿਸ ਤਰ੍ਹਾਂ ਦੀਆਂ ਸੰਗੀਨ ਅਪਰਾਧਿਕ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਉਸ ਨੂੰ ਵੇਖਦੇ ਹੋਏ ਕਾਨੂੰਨ-ਵਿਵਸਥਾ ਨੂੰ ਕਿਸੇ ਵੀ ਹਾਲ ਵਿਚ ਤਸੱਲੀਬਖਸ਼ ਨਹੀਂ ਠਹਿਰਾਇਆ ਜਾ ਸਕਦਾ। ਇਸ ਸਖ਼ਤ ਬਿਆਨ ਨੇ ਪੰਜਾਬ ਦੀ ਸਿਆਸਤ ਵਿਚ ਇਕ ਨਵਾਂ ਉਬਾਲ ਲਿਆ ਦਿੱਤਾ ਹੈ।
ਕਿਹਾ- 'ਪਟਾਕਿਆਂ ਵਾਂਗ ਗੋਲ਼ੀਆਂ ਤੇ ਬੱਚਿਆਂ ਦੇ ਹੱਥ 'ਚ ਪਿਸਤੌਲ'
ਪੰਜਾਬ ਵਿਚ ਗੱਲ-ਗੱਲ 'ਤੇ ਹੋਣ ਵਾਲੀ ਫ਼ਾਇਰਿੰਗ ਦੀਆਂ ਘਟਨਾਵਾਂ 'ਤੇ ਡੂੰਘੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਇੱਥੇ ਅਪਰਾਧੀਆਂ ਤੇ ਨੌਜਵਾਨਾਂ ਵਿਚ ਗੋਲ਼ੀ ਚਲਾਉਣ ਦਾ ਖ਼ੌਫ਼ ਖ਼ਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਤਿੱਖਾ ਤੰਜ ਕੱਸਦਿਆਂ ਕਿਹਾ, ਪੰਜਾਬ ਵਿਚ ਹਾਲਾਤ ਅਜਿਹੇ ਬਣ ਗਏ ਹਨ ਕਿ ਜਿਵੇਂ ਹਰ ਵਿਅਕਤੀ ਨੂੰ ਸ਼ੂਟ ਕਰਨ ਦੀ ਆਦਤ ਪੈ ਗਈ ਹੋਵੇ। ਜਿਵੇਂ ਕੋਈ ਤਿਉਹਾਰ 'ਤੇ ਪਟਾਕਾ ਚਲਾਉਂਦਾ ਹੈ, ਬਿਲਕੁੱਲ ਉਸੇ ਅੰਦਾਜ਼ ਵਿਚ ਇੱਥੇ ਗੋਲ਼ੀਆਂ ਚਲਦੀਆਂ ਹਨ। ਚਿੰਤਾਜਨਕ ਗੱਲ ਇਹ ਹੈ ਕਿ ਹਰ ਛੋਟੀ-ਛੋਟੀ ਰੰਜਿਸ਼ 'ਤੇ ਛੋਟਾ ਬੱਚਾ ਵੀ ਪਿਸਤੌਲ ਚਲਾ ਦਿੰਦਾ ਹੈ। ਇਹ ਸਿਰਫ਼ ਪੁਲਸ ਜਾਂ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਪੂਰੇ ਸਮਾਜ ਦੇ ਸਾਹਮਣੇ ਇਕ ਵੱਡੀ ਚੁਣੌਤੀ ਹੈ।
ਨਸ਼ੇ ਦੇ ਖ਼ਾਤਮੇ ਲਈ ਅੱਗੇ ਆਵੇ ਸਮਾਜ
ਨਸ਼ੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਰਾਜਪਾਲ ਨੇ ਕਿਹਾ ਕਿ ਪੰਜਾਬ ਜਿਹੀ ਸੂਰਮਿਆਂ ਤੇ ਯੋਧਿਆਂ ਦੀ ਧਰਤੀ ਨੂੰ ਨਸ਼ਾ ਅੰਦਰੋਂ ਖੋਖਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦਾ ਖ਼ਾਤਮਾ ਸਿਰਫ਼ ਪ੍ਰਸ਼ਾਸਨਿਕ ਡੰਡੇ ਨਾਲ ਸੰਭਵ ਨਹੀਂ, ਸਗੋਂ ਇਸ ਲਈ ਪੂਰੇ ਸਮਾਜ ਨੂੰ ਅੱਗੇ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਬਦਕਿਮਸਤੀ ਨਾਲ ਨਸ਼ੇ ਦੀ ਗ੍ਰਿਫ਼ਤ ਵਿਚ ਆ ਚੁੱਕੇ ਹਨ, ਉਨ੍ਹਾਂ ਤੋਂ ਨਫ਼ਰਤ ਕਰਨ ਜਾਂ ਸਮਾਜ ਤੋਂ ਵੱਖ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਇਕ ਨਸ਼ੇੜੀ ਬੱਚੇ ਨੂੰ ਇਸ ਦਲਦਲ ਤੋਂ ਬਾਹਰ ਕੱਢਣ ਲਈ ਸਿਰਫ਼ ਉਸ ਦੇ ਮਾਪਿਆਂ ਦੀ ਕੋਸ਼ਿਸ਼ ਕਾਫ਼ੀ ਨਹੀਂ ਹੈ, ਸਗੋਂ ਪੂਰੇ ਮੁਹੱਲੇ ਤੇ ਸਮਾਜ ਨੂੰ ਸੰਵੇਦਨਸ਼ੀਲ ਹੋ ਕੇ ਉਸ ਨੂੰ ਸਹਾਰਾ ਦੇਣਾ ਚਾਹੀਦਾ ਹੈ। ਉਨ੍ਹਾਂ ਆਸ ਜਤਾਈ ਕਿ ਜੇਕਰ ਸਮਾਜ ਇਕਜੁੱਟ ਹੋ ਕੇ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਤੋਂ ਬਚਾ ਲਵੇ, ਤਾਂ ਅਗਲੇ 8 ਤੋਂ 10 ਸਾਲਾਂ ਦੇ ਅੰਦਰ ਪੰਜਾਬ ਆਪਣੀ ਗੁਆਚੀ ਸ਼ਾਨ ਦੇ ਨਾਲ ਫ਼ਿਰ ਉੱਠ ਖੜੇਗਾ।
ਸਿਆਸੀ ਸਵਾਲਾਂ ਤੋਂ ਬਣਾਈ ਦੂਰੀ
ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੇ ਜਦੋਂ ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ ਤੇ ਸੂਬੇ ਵਿਚ ਚੱਲ ਰਹੀ ਸਿਆਸੀ ਖਿੱਚੋਤਾਣ ਨੂੰ ਲੈ ਕੇ ਸਵਾਲ ਦਾਗੇ ਤਾਂ ਰਾਜਪਾਲ ਕਟਾਰੀਆ ਨੇ ਬੜੀ ਸਿਆਣਪ ਨਾਲ ਇਨ੍ਹਾਂ ਤੋਂ ਦੂਰੀ ਬਣਾ ਲਈ। ਉਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਉਨ੍ਹਾਂ ਦਾ ਕੰਮ ਸਿਆਸੀ ਪਾਰਟੀਆਂ ਦੇ ਮਾਮਲੇ ਵੇਖਣਾ ਜਾਂ ਸਿਆਸਤ ਕਰਨਾ ਨਹੀਂ ਹੈ, ਉਹ ਜਿਸ ਸੰਵਿਧਾਨਕ ਅਹੁਦੇ 'ਤੇ ਬੈਠੇ ਹਨ, ਉਨ੍ਹਾਂ ਦੀ ਭੂਮਿਕਾ ਤੇ ਹੱਦਾਂ ਨਿਰਧਾਰਤ ਹਨ ਤੇ ਉਹ ਸਿਰਫ਼ ਉਸੇ ਦੀ ਮਰਿਆਦਾ ਵਿਚ ਰਹਿ ਕੇ ਆਪਣੇ ਫਰਜ਼ ਨਿਭਾਉਂਦੇ ਹਨ।
ਪਿੰਡ ਸ਼ੇਰਗੜ੍ਹ ’ਚ ਲੰਬੀ ਮਾਈਨਰ ਦੀਆਂ ਟੇਲਾਂ ਤੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ
NEXT STORY