ਨੱਥੂਵਾਲਾ ਗਰਬੀ, (ਰਾਜਵੀਰ)- ਮਨੁੱਖ ਇਸ ਕਦਰ ਮਤਲਬੀ ਹੋ ਗਿਆ ਹੈ ਕਿ ਉਹ ਆਪਣੇ ਫਾਇਦੇ ਦੀ ਖਾਤਰ ਕੁਝ ਵੀ ਕਰ ਸਕਦਾ ਹੈ। ਅੱਜ ਮਤਲਬਪ੍ਰਸਤੀ ਸਾਡੇ ’ਤੇ ਇਸ ਕਦਰ ਹਾਵੀ ਹੋ ਚੁੱਕੀ ਹੈ ਕਿ ਅਸੀਂ ਆਪਣੇ ਇਕ ਸੌ ਰੁਪਏ ਦੀ ਖਾਤਰ ਦੂਜਿਆਂ ਜਾਂ ਕੁਦਰਤੀ ਸਾਧਨਾਂ ਦਾ 1000 ਰੁਪਏ ਦਾ ਨੁਕਸਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ।ਕੋਈ ਸਮਾਂ ਸੀ ਜਦੋਂ ਪੰਜਾਬ ਦਾ ਪੌਣ-ਪਾਣੀ, ਹਵਾ, ਮਿੱਟੀ ਸਭ ਕੁਝ ਬਹੁਤ ਪਵਿੱਤਰ ਸੀ, ਲੋਕ ਇਸ ਦੀ ਪੂਜਾ ਕਰਿਆ ਕਰਦੇ ਸਨ ਪੂਰਾ ਪੰਜਾਬ ਹਰਿਆ ਭਰਿਆ ਹੁੰਦਾ ਸੀ।
ਦਰੱਖਤਾਂ ’ਤੇ ਜਾਨਵਰ ਆਲਣੇ ਪਾਇਆ ਕਰਦੇ ਸਨ।ਸਵੇਰੇ ਕੁੱਕਡ਼ਾਂ ਦੀ ਬਾਂਗ ਅਤੇ ਜਾਨਵਰਾਂ ਦੀ ਮਿੱਠੀ-ਸੁਰੀਲੀ ਅਾਵਾਜ਼ ਦੇ ਨਾਲ ਲੋਕ ਉੱਠ ਕੇ ਆਪਣੇ ਕੰਮਾਂਕਾਰਾਂ ’ਚ ਮਸ਼ਰੂਫ ਹੋ ਜਾਇਆ ਕਰਦੇ ਸਨ। ਲੋਕ ਇੰਨਾ ਜ਼ਿਆਦਾ ਕੰਮਕਾਰ ਕਰਦੇ ਪਰ ਫਿਰ ਵੀ ਕਦੇ ਬੀਮਾਰ ਨਹੀਂ ਹੁੰਦੇ ਸਨ ਪਰ ਅੱਜ ਪੰਜਾਬ ਦਾ ਕੋਈ ਵੀ ਘਰ ਅਜਿਹਾ ਨਹੀਂ ਹੈ, ਜਿਥੇ ਕਿਸੇ ਨਾ ਕਿਸੇ ਬੀਮਾਰੀ ਨੇ ਦਸਤਕ ਨਾ ਦਿੱਤੀ ਹੋਵੇ। ਬਹੁਤ ਸਾਰੇ ਪਰਿਵਾਰਾਂ ਦੇ ਪਰਿਵਾਰ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਖਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਜਿਥੇ ਆਪਣੀ ਜਿੰਦਗੀ ਤੋਂ ਹੱਥ ਧੋ ਬੈਠੇ ਉੱਥੇ ਹੀ ਸਾਰਾ ਕੁਝ ਵੇਚ ਵੱਟ ਕੇ ਵੀ ਇਹ ਲੋਕ ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਮੌਤ ਦੇ ਮੂੰਹ ’ਚੋਂ ਨਹੀਂ ਬਚਾ ਸਕੇ। ਇਹ ਸਭ ਕੁਝ ਦੇ ਕੀ ਕਾਰਨ ਹਨ ਕਿ ਅਸੀ ਕੁਝ ਸਾਲਾਂ ’ਚ ਹੀ ਖਤਰਨਾਕ ਬੀਮਾਰੀਆਂ ਦੀ ਲਪੇਟ ’ਚ ਆ ਗਏ ਹਾਂ?
ਜਿਸ ਤਰੀਕੇ ਨਾਲ ਅਸੀਂ ਅੰਨ੍ਹੇਵਾਹ, ਬੇਖੌਫ ਹੋ ਕੇ ਖਤਰਨਾਕ ਜਹਿਰਾਂ ਦੀ ਵਰਤੋਂ ਕਰ ਰਹੇ ਹਾਂ ਜੇਕਰ ਇਹ ਵਰਤਾਰਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ 40-50 ਸਾਲਾਂ ਤੱਕ ਅਸੀ ਬੱਚੇ ਪੈਦਾ ਕਰਨ ਦੀ ਕੁਦਰਤੀ ਸ਼ਕਤੀ ਨੂੰ ਖੋਹ ਦੇਵਾਂਗੇ। ਇਸ ਦਾ ਸ਼ਿਕਾਰ ਮਨੁੱਖੀ ਜਾਤੀ ਹੀ ਨਹੀਂ ਸਗੋਂ ਪਸ਼ੂ, ਪੰਛੀ ਵੀ ਹੋਣਗੇ ਕਿਉਂਕਿ ਉਹ ਵੀ ਸਾਡੇ ਨਾਲ ਹੀ ਰਹਿ ਰਹੇ ਹਨ। ਇਸ ਦੀ ਪ੍ਰਤੱਖ ਉਦਾਹਰਨ ਹੈ ਕਿ ਅੱਜ ਤੋਂ ਪੰਜਾਹ ਸਾਲ ਪਹਿਲਾਂ ਕੋਈ ਵੀ ਕੇਸ ਅਜਿਹਾ ਨਹੀਂ ਹੁੰਦਾ ਸੀ, ਜਿਸ ਦੇ ਬੱਚਾ ਨਾ ਹੋਇਆ ਹੋਵੇ ਅਤੇ ਅੱਜ ਤਕਰੀਬਨ 50 ਫੀਸਦੀ ਕੇਸ ਅਜਿਹੇ ਹੁੰਦੇ ਹਨ ਜਿਨ੍ਹਾਂ ਜੋਡ਼ਿਆਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਹਰ ਸਾਲ ਪ੍ਰਤੀ 1 ਫੀਸਦੀ ਦੀ ਦਰ ਨਾਲ ਇਹ ਬੀਮਾਰੀ ’ਚ ਵਾਧਾ ਹੋ ਰਿਹਾ ਹੈ ਇਹ ਸਭ ਅਸਤੁੰਲਿਤ ਖਾਣ ਪੀਣ, ਗੰਧਲੇ ਵਾਤਾਵਰਣ ਦੇ ਕਾਰਣ ਹੀ ਹੈ।
ਖਤਰਨਾਕ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਬਣੀ ਮਨੁੱਖਤਾ ਲਈ ਘਾਤਕ
ਪੰਜਾਬ ਅੱਜ ਬਹੁਤ ਹੀ ਖਤਰਨਾਕ ਦੌਰ ’ਚੋਂ ਲੰਘ ਰਿਹਾ ਹੈ। ਇਸ ਦਾ ਕਾਰਣ ਅਸੀ ਖੁਦ ਹਾਂ ਕਿਉਕਿ ਅਸੀ ਵੱਖ-ਵੱਖ ਕਿਸਮ ਦੇ ਖਤਰਨਾਕ ਰਸਾਇਣਾਂ, ਕੀਟਨਾਸ਼ਕਾਂ ਅਤੇ ਜਹਿਰਾਂ ਦੀ ਬਹੁਤ ਵੱਡੀ ਪੱਧਰ ’ਤੇ ਵਰਤੋਂ ਕਰ ਰਹੇ ਹਾਂ ਇਨ੍ਹਾਂ ਨੂੰ ਵਰਤਣਾ ਸਾਡੀ ਕੋਈ ਮਜਬੂਰੀ ਨਹੀਂ ਹੈ ਬਲਕਿ ਅਸੀਂ ਵੱਧ ਫਸਲ ਪੈਦਾ ਕਰਨ ਦੇ ਚੱਕਰ ’ਚ ਹੀ ਆਪਣੀ ਜਿੰਦਗੀ ਦਾਅ ’ਤੇ ਲਾ ਦਿੱਤੀ ਹੈ। ਇਨ੍ਹਾਂ ਕੈਮੀਕਲਾਂ ਦੀ ਵਰਤੋਂ ਨਾਲ ਹਵਾ, ਪਾਣੀ, ਮਿੱਟੀ, ਊਰਜ਼ਾ, ਅਕਾਸ਼ ਆਦਿ ਸਭ ਕੁਝ ਨੂੰ ਅਸੀਂ ਜ਼ਹਿਰੀਲਾ ਕਰ ਦਿੱਤਾ ਹੈ।
ਫੈਕਟਰੀਆਂ ਦਾ ਗੰਦਾ ਪਾਣੀ ਜਨਮ ਦੇ ਰਿਹੈ ਖਤਰਨਾਕ ਬੀਮਾਰੀਆਂ ਨੂੰ
ਜਿਥੇ ਕਿਸਾਨ ਭਰਾ ਫਸਲਾਂ ਤੇ ਖਤਰਨਾਕ ਰਸਾਇਣਾਂ ਦੀ ਵਰਤੋਂ ਕਰਦੇ ਹਨ, ਉੱਥੇ ਹੀ ਵਪਾਰੀ ਵਰਗ ਵੀ ਵੱਡੇ ਪੱਧਰ ’ਤੇ ਬੀਮਾਰੀਆਂ ਫੈਲਾਉਣ ’ਚ ਭਾਗੀਦਾਰ ਹੈ। ਇਸ ਦਾ ਕਾਰਣ ਫੈਕਟੀਆਂ ’ਚੋਂ ਨਿਕਲਦਾ ਗੰਦਾ ਪਾਣੀ ਜਿਸ ਵਿਚ ਬਹੁਤ ਹੀ ਖਤਰਨਾਕ ਰਸਾਇਣ ਮਿਲੇ ਹੁੰਦੇ ਹਨ। ਇਹ ਪਾਣੀ ਵੀ ਸਾਡੀ ਜਿੰਦਗੀ ’ਚ ਵੱਡੇ ਪੱਧਰ ’ਤੇ ਤਬਾਹੀ ਮਚਾਉਣ ’ਚ ਸਹਾਈ ਹੋ ਰਿਹਾ ਹੈ। ਇਨ੍ਹਾਂ ਫੈਕਟਰੀਆਂ ’ਚੋਂ ਨਿਕਲਦੇ ਗੰਦੇ ਪਾਣੀ ਨੂੰ ਦੁਬਾਰਾ ਸਾਫ ਕਰ ਕੇ ਬਰਤਣ ਦੀ ਬਜਾਏ, ਪਾਣੀ ਦੇ ਹੋਰ ਸੋਮਿਆਂ (ਜਿਵੇਂ ਨਹਿਰਾ, ਕੱਸੀਆਂ, ਸੇਮ ਨਾਲਿਆਂ ਆਦਿ ’ਚ ਸੁੱਟ ਕੇ ਬਾਕੀ ਪਾਣੀ ਨੂੰ ਵੀ ਗੰਧਲਾ ਕਰ ਦਿੱਤਾ ਗਿਆ ਹੈ।
12 ਖਤਰਨਾਕ ਕੀਟਨਾਸ਼ਕ ਨੂੰ ਡਬਲਯੂ. ਐੱਚ. ਓ. ਵੱਲੋਂ ਬੈਨ ਕਰਨ ਦੇ ਬਾਵਜੂਦ ਵੀ ਅਸੀਂ ਕਰਦੇ ਹਾਂ ਵਰਤੋਂ
ਵਰਲਡ ਹੈਂਲਥ ਆਰਗੇਨਾਈਜ਼ੇਸ਼ਨ ਵੱਲੋਂ ਪੂਰੀ ਦੁਨੀਆਂ ’ਚ 12 ਕਿਸਮ ਦੇ ਖਤਰਨਾਕ ਰਸਾਇਣਾਂ ਦੀ ਵਰਤੋਂ ’ਤੇ ਪਾਬੰਦੀ ਲਾਈ ਗਈ ਹੈ। ਇਸ ਰਿਪੋਰਟ ਨੂੰ ਅਾਧਾਰ ਬਣਾ ਕੇ ਬਹੁਤ ਸਾਰੇ ਵਿਕਸਿਤ ਦੇਸ਼ ਜਿਵੇਂ ਅਮਰੀਕਾ, ਕੈਨੇਡਾ, ਫਰਾਂਸ, ਇੰਗਲੈਂਡ ਆਦਿ ਨੇ ਇਨ੍ਹਾਂ ਰਸਾਇਣਾਂ ਦੀ ਵਰਤੋਂ ਆਪਣੇ-ਆਪਣੇ ਦੇਸ਼ ’ਚ ਸਖਤੀ ਨਾਲ ਬੰਦ ਕੀਤੀ ਹੋਈ ਹੈ ਪਰ ਸਾਡੇ ਦੇਸ਼ ’ਚ ਕੁਝ ਵੀ ਸੰਭਵ ਹੈ। ਇਨ੍ਹਾਂ ਖਤਰਨਾਕ ਰਸਾਇਣਾਂ ਦੇ ਖਤਰਨਾਕ ਨਤੀਜਿਆਂ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਅਸੀ ਇਨ੍ਹਾਂ ਦੀ ਵਰਤੋਂ ਨਿਰਸੰਕੋਚ ਕਰ ਰਹੇ ਹਾਂ ਅਤੇ ਇਹ ਸਭ ਕੁਝ ਸ਼ਰੇਆਮ ਬਾਜ਼ਾਰਾਂ ’ਚ ਡੀਲਰਾਂ ਵੱਲੋਂ ਵੇਚਿਆ ਵੀ ਜਾ ਰਿਹਾ ਹੈ।
ਪਸ਼ੂ, ਪੰਛੀਆਂ ਤੋਂ ਇਲਾਵਾ ਖਤਰਨਾਕ ਰਸਾਇਣਕ ਸਭ ਤੋਂ ਵੱਧ ਘਾਤਕ ਹੁੰਦੇ ਹਨ ਅਣਜੰਮੇ ਬੱਚਿਆਂ ਵਾਸਤੇ
ਸਾਡੀਆਂ ਗਲਤੀਆਂ ਨਾਲ ਜਿਥੇ ਅਸੀ ਖੁਦ ਖਮਿਆਜ਼ਾ ਭੁਗਤ ਰਹੇ ਹਾਂ ਉੱਥੇ ਹੀ ਪਸ਼ੂ, ਪੰਛੀਆਂ ਤੋਂ ਇਲਾਵਾ ਛੋਟੇ ਬੱਚੇ (ਮਾਂ ਦੇ ਗਰਭ ’ਚ ਪਲ ਰਹੇ) ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਅੱਜ ਬੱਚਿਅਾਂ ’ਚ ਖੂਨ ਦੀ ਕਮੀ, ਅੱਖਾਂ ਦੀ ਨਜ਼ਰ ਦਾ ਕਮਜੋਰ ਹੋਣਾ, ਬੱਚਿਆਂ ’ਚ ਸ਼ੂਗਰ ਦੀ ਬੀਮਾਰੀ ਹੋਣਾ, ਬੱਚਿਅਾਂ ਦਾ ਮੰਦਬੁੱਧੀ ਪੈਦਾ ਹੋਣਾ, ਅਣਵਿਕਸਿਤ ਬੱਚਿਆ ਦਾ ਪੈਦਾ ਹੋਣਾ, ਬੱਚਿਆਂ ਦਾ ਮਾਂ ਦੇ ਗਰਭ ’ਚ ਹੀ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਣਾ ਇਹ ਸਭ ਕੁਝ ਰਸਾਇਣਕ ਖਾਧਾਂ ਦੀ ਜਿਆਦਾਂ ਹੋ ਰਹੀ ਵਰਤੋਂ ਦਾ ਹੀ ਨਤੀਜਾ ਹੈ।
ਅਸੀਂ ਖੁਦ ਪੈਦਾ ਕੀਤੈ ਰਸਾਇਣਾਂ ਦਾ ਅੱਤਵਾਦ
ਪੰਜਾਬ ਨੂੰ ਸਮੇਂ-ਸਮੇਂ ’ਤੇ ਬਹੁਤ ਹੀ ਖਤਰਨਾਕ ਮਾਰਾਂ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਪੰਜਾਬ ਦੇ ਵਿਕਾਸ ਤੇ ਵੱਡੇ ਪੱਧਰ ਤੇ ਅਸਰ ਪਿਆ। ਸਾਡੀਆਂ ਖੁਦ ਜਾਂ ਸਰਕਾਰਾਂ ਦੀਆਂ ਗਲਤੀਆਂ ਦੇ ਕਾਰਣ ਪੰਜਾਬ ਹਮੇਸ਼ਾ ਪਿੱਛੇ ਵੱਲ ਨੂੰ ਹੀ ਜਾਂਦਾ ਰਿਹਾ।ਅਸੀ ਅੱਜ ਜਿਥੇ ਨਸ਼ਿਆਂ, ਬੇਰੁਜ਼ਗਾਰੀ, ਗਰੀਬੀ, ਭੁੱਖਮਾਰੀ, ਕਰਜ਼ੇ ਦੀ ਮਾਰ, ਪਾਣੀ ਦੀ ਸਮੱਸਿਅਾਂ, ਫਸਲਾਂ ਦੀ ਬੇਕਦਰੀ ਵਰਗੇ ਅਹਿਮ ਮੁੱਦਿਆ ਨਾਲ ਲਡ਼੍ਹ ਰਹੇ ਹਾਂ ਉੱਥੇ ਹੀ ਸਭ ਤੋਂ ਖਤਰਨਾਕ ਰਸਾਇਣਾਂ ਦਾ ਅੱਤਵਾਦ ਅਸੀ ਖੁਦ ਪੈਦਾ ਕਰ ਲਿਆ ਹੈ ਜੋ ਆਉਣ ਵਾਲੇ ਸਮੇਂ ’ਚ ਸਾਨੂੰ ਅਤੇ ਸਾਡੀ ਭਵਿੱਖ ਦੀ ਪੀਡ਼ੀ ਨੂੰ ਨਿਗਲ ਜਾਵੇਗਾ।
ਜੇ ਹੁਣ ਵੀ ਨਾ ਸੰਭਲੇ ਤਾਂ ਖੋਹ ਦੇਵਾਂਗੇ ਸਭ ਕੁਝ
ਅੱਜ ਤੱਕ ਅਸੀ ਆਪਣੇ ਪੰਜਾਬ ਦਾ 50 ਫੀਸਦੀ ਨੁਕਸਾਨ ਜ਼ਹਿਰਾਂ ਨਾਲ ਕਰ ਦਿੱਤਾ ਹੈ ਜੇਕਰ ਅਸੀਂ ਹੁਣ ਵੀ ਨਹੀਂ ਸੰਭਲ ਦੇ ਤਾਂ ਆਉਣ ਵਾਲਾ ਸਾਡਾ ਭਵਿੱਖ ਧੁੰਦਲਾ ਤਾਂ ਹੋਵੇਗਾ ਹੀ, ਨਾਲ ਹੀ ਇਤਿਹਾਸ ਵੀ ਸਾਨੂੰ ਕਦੇ ਮਾਫ ਨਹੀਂ ਕਰੇਗਾ।ਅਸੀ ਖੁਦ ਆਪਣੇ ਮੁਨਾਫੇ ਵਾਸਤੇ ਆਪਣੀ ਅੌਲਾਦ ਲਈ ਕੰਡੇ ਬੀਜ਼ ਰਹੇ ਹਾਂ। ਪੰਜਾਬ ਨੂੰ ਭਾਈ ਘਨੱਈਆ ਜੀ ਦੇ ਵਾਰਿਸ਼ਾਂ ਦੀ ਧਰਤੀ ਕਿਹਾ ਜਾਂਦਾ ਹੈ। ਆਉਣ ਵਾਲੇ ਸਮੇ ਵਿੱਚ ਨਾ ਤਾਂ ਸ਼ੁੱਧ ਪਾਣੀ ਮਿਲੇਗਾ ਅਤੇ ਨਾ ਹੀ ਸ਼ਬੀਲਾਂ ਲਾਉਣ ਵਾਲੇ ਤੰਦਰੁਸਤ ਨੌਜਵਾਨ। ਫਿਰ ਦੱਸੋਂ ਕਿੱਥੋਂ ਲੱਭਾਗੇਂ ਭਾਈ ਘਨੱਈਆ ਜੀ ਦੇ ਵਾਰਿਸ਼?
ਕੁਦਰਤੀ ਖੇਤੀ ਵੱਲ ਪਰਤਣ ਦੀ ਲੋਡ਼ : ਬੁੱਧੀਜੀਵੀ
ਇਸ ਸਬੰਧੀ ਗੱਲ ਕਰਦੇ ਹੋਏ ਨੈਸ਼ਨਲ ਐਵਾਰਡ ਪ੍ਰਾਪਤ ਅਧਿਆਪਕ ਅਤੇ ਉੱਘੇ ਸਾਹਿਤਕਾਰ ਅਮਰੀਕ ਤਲਵੰਡੀ, ਪ੍ਰਿੰਸੀਪਲ ਸੁਰੇਸ਼ ਕੁਮਾਰ, ਡਾਇਰੈਕਟਰ ਡਾ. ਅਮਿਤ ਕੁਮਾਰ ਮਨੋਚਾ, ਉੱਘੇ ਸਾਹਿਤਕਾਰ ਬਲਜਿੰਦਰ ਸਿੰਘ ਸੰਘਾ ਕੈਲਗਰੀ, ਸਫਲ ਕਿਸਾਨ ਗੁਰਜੀਤ ਸਿੰਘ ਘੁਮਾਣ, ਸਾਹਿਕਾਰ ਜਸਵੀਰ ਭਲੂਰੀਆ ਅਤੇ ਹੋਰ ਵੱਖ-ਵੱਖ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸਾਨੂੰ ਇਸ ਰਸਾਇਣਕ ਅੱਤਵਾਦ ਦੇ ਖਾਤਮੇ ਵਾਸਤੇ ਕੁਦਰਤੀ ਖੇਤੀ ਵੱਲ ਪਰਤਣਾ ਪਵੇਗਾ ਅਤੇ ਇਨ੍ਹਾਂ ਰਸਾਇਣਾਂ ਦਾ ਤਿਆਗ ਕਰਨਾ ਪਵੇਗਾ ਤਾਂ ਹੀ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਾਂ ਨਹੀ ਤਾਂ ਇਸ ਦਾ ਨੁਕਸਾਨ ਜਪਾਨ ਦੇ ਸ਼ਹਿਰਾਂ ਨਾਗਾਸਾਕੀ ਅਤੇ ਹੀਰੋਸ਼ੀਮਾਂ ਤੋਂ ਵੀ ਬੁਰਾ ਹੋਵੇਗਾ ਜਿਸ ’ਤੇ ਅਮਰੀਕਾ ਨੇ ਪ੍ਰਮਾਣੂ ਬੰਬ ਸੁੱਟੇ ਸਨ।ਰਸਾਇਣਕ ਅੱਤਵਾਦ ਇਸ ਪ੍ਰਮਾਣੂ ਬੰਬ ਵਾਂਗ ਬਹੁਤ ਖਤਰਨਾਕ ਹੈ। ਇਸ ਤੋਂ ਬਚਣ ਦੀ ਬਹੁਤ ਜਰੂਰਤ ਹੈ।
ਬੀਮਾਰੀਆਂ ਵੱਧ ਰਹੀਆਂ ਹਨ ਅਤੇ ਸਰਕਾਰੀ ਸਹੂਲਤਾਂ ’ਚ ਹੋ ਰਹੀ ਹੈ ਕਮੀ
ਅਸੀਂ ਦੇਖ ਰਹੇ ਹਾਂ ਕਿ ਸਾਡੀਆਂ ਗਲਤੀਆਂ ਨਾਲ ਬੀਮਾਰੀਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਦਿਖਾਈ ਦਿੰਦੀ ਹੈ। ਸਮੇਂ ਦੀ ਮੰਗ ਮੁਤਾਬਕ ਦੇਸ਼ ਦੇ ਹਰ ਨਾਗਰਿਕ ਦਾ ਮੁੱਢਲਾ ਹੱਕ ਹੈ ਕਿ ਉਹ ਸੰਵਿਧਾਨ ਮੁਤਾਬਕ ਆਪਣੇ ਮੁੱਢਲੇ ਹੱਕ ਜਿਵੇਂ ਸਿਹਤ ਸਹੂਲਤਾਂ, ਰੋਟੀ, ਕਪਡ਼ਾ, ਮਕਾਨ ਆਦਿ ਸਰਕਾਰ ਤੋਂ ਪ੍ਰਾਪਤ ਕਰੇ ਪਰ ਹੋ ਸਭ ਕੁਝ ਇਸ ਦੇ ਉਲਟ ਰਿਹਾ ਹੈ। ਸਰਕਾਰ ਨੇ ਆਪਣੀ ਪੰਜ ਸਾਲਾ ਯੋਜਨਾ ’ਚ ਪਿਛਲੀ ਪੰਜ ਸਾਲਾਂ ਯੋਜਨਾ ਨਾਲੋਂ ਸਿਹਤ ਸਹੂਲਤਾਂ ਦਾ ਬਜਟ ਘਟਾ ਦਿੱਤਾ ਹੈ। ਹਸਪਤਾਲਾਂ ’ਚ ਲੋਡ਼ੀਂਦੀਆਂ ਸਹੂਲਤਾਂ ਸਾਜੋਂ ਸਮਾਨ, ਦਵਾਈਆਂ, ਡਾਕਟਰਾਂ, ਪੈਰਾਮੈਡੀਕਲ ਸਟਾਫ ਦੀ ਘਾਟ ਹੈ। ਲੋਕ ਇਲਾਜ ਵਾਸਤੇ ਦਰ ਦਰ ਧੱਕੇ ਖਾਣ ਵਾਸਤੇ ਮਜਬੂਰ ਹਨ ਪਰ ਇਸ ਦੇ ਮੁਕਾਬਲੇ ਪ੍ਰਾਈਵੇਟ ਹਸਪਤਾਲ ਖੁੰਬਾ ਵਾਂਗ ਬਣ ਰਹੇ ਹਨ ਅਤੇ ਪ੍ਰਾਈਵੇਟ ਅਦਾਰੇ ਮਰੀਜ਼ਾਂ ਦੇ ਇਲਾਜ ਦੀ ਆਡ਼ ’ਚ ਖੂਬ ਲੁੱਟ-ਖਸੁੱਟ ਕਰ ਰਹੇ ਹਨ ਪਰ ਸਰਕਾਰ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਗੂਡ਼ੀ ਨੀਂਦ ਸੁੱਤੇ ਹੋਏ ਹਨ।
ਪੰਚਾਇਤੀ ਗਊਸ਼ਾਲਾ ਰੋਡ ’ਤੇ ਪਈ ਰਹਿੰਦੀ ਹੈ ਗੰਦਗੀ
NEXT STORY