ਨੈਸ਼ਨਲ ਡੈਸਕ- ਦੇਸ਼ ਦੇ ਹਜ਼ਾਰਾਂ ਪਰਿਵਾਰਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਇਕ ਵੱਡੇ ਰਾਸ਼ਟਰੀ ਅਧਿਐਨ ’ਚ ਖੁਲਾਸਾ ਹੋਇਆ ਹੈ ਕਿ ਕੈਂਸਰ ਦਾ ਇਲਾਜ ਪੂਰਾ ਕਰਨ ਵਾਲੇ 94.5 ਫੀਸਦੀ ਬੱਚੇ 5 ਸਾਲ ਬਾਅਦ ਵੀ ਜਿਊਂਦੇ ਰਹੇ। ਇਹ ਅੰਕੜਾ ਭਾਰਤ ਵਿਚ ਬੱਚਿਆਂ ਦੇ ਕੈਂਸਰ ਦੇ ਇਲਾਜ ਦੀ ਸਫਲਤਾ ਦੀ ਨਵੀਂ ਉਮੀਦ ਜਗਾਉਂਦਾ ਹੈ। ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ ’ਤੇ ਜਾਰੀ ਇਸ ਰਿਪੋਰਟ ਵਿਚ ਦੇਸ਼ ਦੇ ਪ੍ਰਮੁੱਖ ਮੈਡੀਕਲ ਕੇਂਦਰਾਂ ਦੇ ਅੰਕੜੇ ਸ਼ਾਮਲ ਕੀਤੇ ਗਏ ਹਨ। ਅਧਿਐਨ ’ਚ ਦਿੱਲੀ, ਮੁੰਬਈ, ਚੇਨਈ, ਕੋਲਕਾਤਾ ਅਤੇ ਬੈਂਗਲੁਰੂ ਸਮੇਤ 20 ਕੇਂਦਰਾਂ ’ਚ ਇਲਾਜ ਪੂਰਾ ਕਰਨ ਵਾਲੇ 5,400 ਤੋਂ ਵੱਧ ਬੱਚਿਆਂ ’ਤੇ ਨਜ਼ਰ ਰੱਖੀ ਗਈ। ‘ਇੰਡੀਅਨ ਪੀਡੀਆਟ੍ਰਿਕ ਹੇਮਾਟੋਲੋਜੀ ਓਨਕੋਲੋਜੀ ਗਰੁੱਪ’ ਵਲੋਂ 2016 ਵਿਚ ਸ਼ੁਰੂ ਕੀਤਾ ਗਿਆ ਇਹ ਅਧਿਐਨ ‘ਦਿ ਲੈਂਸੇਟ ਰੀਜਨਲ ਹੈਲਥ ਸਾਊਥਈਸਟ ਏਸ਼ੀਆ’ ’ਚ ਪ੍ਰਕਾਸ਼ਿਤ ਹੋਇਆ ਹੈ। ਇਸ ਦੀ ਮੁੱਖ ਲੇਖਿਕਾ ਡਾ. ਰਚਨਾ ਸੇਠ, ਏਮਜ਼ ਨਵੀਂ ਦਿੱਲੀ ਦੇ ਬਾਲ ਰੋਗ ਵਿਭਾਗ ਵਿਚ ਓਨਕੋਲੋਜੀ ਡਵੀਜ਼ਨ ਦੀ ਮੁਖੀ ਹਨ।
ਬਲੱਡ ਕੈਂਸਰ ਸਭ ਤੋਂ ਆਮ- 41 ਫੀਸਦੀ ਮਾਮਲੇ
ਰਿਪੋਰਟ ਅਨੁਸਾਰ ਬੱਚਿਆਂ ’ਚ ਕੈਂਸਰ ਦੇ ਮਾਮਲਿਆਂ ਵਿਚ ਲਿਊਕੇਮੀਆ (ਬਲੱਡ ਕੈਂਸਰ) ਸਭ ਤੋਂ ਵੱਧ ਪਾਇਆ ਗਿਆ, ਜੋ ਕੁੱਲ ਮਾਮਲਿਆਂ ਦਾ 41 ਫੀਸਦੀ ਹੈ। ਇਸ ਤੋਂ ਇਲਾਵਾ ਹੌਜਕਿਨ ਲਿਮਫੋਮਾ, ਹੱਡੀਆਂ ਦੇ ਟਿਊਮਰ ਅਤੇ ਰੈਟੀਨੋਬਲਾਸਟੋਮਾ ਵੀ ਪ੍ਰਮੁੱਖ ਕੈਂਸਰਾਂ ’ਚ ਸ਼ਾਮਲ ਰਹੇ। ਅਧਿਐਨ ’ਚ ਸਾਹਮਣੇ ਆਇਆ ਕਿ ਲਗਭਗ ਸਾਰੇ ਬੱਚਿਆਂ ਨੂੰ ਕੀਮੋਥੈਰੇਪੀ ਦਿੱਤੀ ਗਈ। ਕਰੀਬ ਇਕ-ਚੌਥਾਈ ਨੂੰ ਰੇਡੀਓਥੈਰੇਪੀ ਦੀ ਲੋੜ ਪਈ। ਲਗਭਗ ਇਕ-ਤਿਹਾਈ ਬੱਚਿਆਂ ਦੀ ਸਰਜਰੀ ਹੋਈ। ਅੱਧੇ ਤੋਂ ਵੱਧ ਬੱਚਿਆਂ ਨੂੰ ਖੂਨ ਚੜ੍ਹਾਉਣਾ ਪਿਆ। ਮਾਹਿਰਾਂ ਅਨੁਸਾਰ ਇਲਾਜ ਤੋਂ ਬਾਅਦ ਵੀ ਬੱਚਿਆਂ ਨੂੰ ਲੰਬੇ ਸਮੇਂ ਤੱਕ ਨਿਗਰਾਨੀ ਹੇਠ ਰੱਖਣ ਦੀ ਲੋੜ ਹੁੰਦੀ ਹੈ।
ਕੀ ਕਹਿੰਦੇ ਹਨ ਅਧਿਐਨ ਦੇ ਮੁਖੀ?
ਡਾ. ਰਚਨਾ ਸੇਠ ਨੇ ਕਿਹਾ ਕਿ ਕੈਂਸਰ ਨੂੰ ਮਾਤ ਦੇਣ ਵਾਲੇ ਬੱਚਿਆਂ ਨੂੰ ਲੰਬੇ ਸਮੇਂ ਦੀਆਂ ਡਾਕਟਰੀ ਅਤੇ ਮਨੋ-ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਵਿਚ ਪ੍ਰਜਨਨ ਸਬੰਧੀ ਚਿੰਤਾਵਾਂ, ਦਿਲ ਦੀਆਂ ਸਮੱਸਿਆਵਾਂ, ਦਿਮਾਗੀ ਮੁੱਦੇ, ਬਿਮਾਰੀ ਦਾ ਦੁਬਾਰਾ ਹੋਣਾ ਅਤੇ ਦੂਜੇ ਕੈਂਸਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਅਸੀਂ ਪੱਛਮੀ ਦੇਸ਼ਾਂ ਦੇ ਡਾਟਾ ’ਤੇ ਨਿਰਭਰ ਸੀ, ਕਿਉਂਕਿ ਭਾਰਤ ਕੋਲ ਆਪਣਾ ਕੋਈ ਡਾਟਾ ਨਹੀਂ ਸੀ।
2 ਸਾਲ ਬਾਅਦ 98.2 ਫੀਸਦੀ ਤੱਕ ਪਹੁੰਚੀ ਸਰਵਾਈਵਲ ਦਰ
ਰਿਪੋਰਟ ਅਨੁਸਾਰ ਇਲਾਜ ਤੋਂ 2 ਸਾਲ ਬਾਅਦ ਤੱਕ ਜੀਵਤ ਰਹਿਣ ਦੀ ਦਰ ਵਧ ਕੇ 98.2 ਫੀਸਦੀ ਤੱਕ ਪਹੁੰਚ ਗਈ ਹੈ। ਦਸੰਬਰ 2024 ਤੱਕ ਉਪਲਬਧ ਫਾਲੋਅਪ ਅੰਕੜਿਆਂ ’ਚ 92 ਫੀਸਦੀ ਬੱਚੇ ਜੀਵਤ ਅਤੇ ਕੈਂਸਰ-ਮੁਕਤ ਪਾਏ ਗਏ। ਮਾਹਿਰਾਂ ਨੇ ਦੱਸਿਆ ਕਿ ਹੁਣ ਤੱਕ ਭਾਰਤ ’ਚ ਬੱਚਿਆਂ ਦੇ ਕੈਂਸਰ ਸਰਵਾਈਵਰਾਂ (ਕੈਂਸਰ ਨੂੰ ਮਾਤ ਦੇਣ ਵਾਲਿਆਂ) ਬਾਰੇ ਕੋਈ ਠੋਸ ਰਾਸ਼ਟਰੀ ਅੰਕੜੇ ਮੌਜੂਦ ਨਹੀਂ ਸਨ ਅਤੇ ਪੱਛਮੀ ਦੇਸ਼ਾਂ ਦੇ ਅੰਕੜਿਆਂ ’ਤੇ ਹੀ ਨਿਰਭਰ ਕਰਨਾ ਪੈਂਦਾ ਸੀ। ਇਹ ਅਧਿਐਨ ਭਾਰਤ ਲਈ ਆਪਣਾ ਆਧਾਰ ਤਿਆਰ ਕਰਨ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਕਰੀਬ 3.9 ਸਾਲ ਦੀ ਔਸਤ ਫਾਲੋਅਪ ਮਿਆਦ ’ਚ 5.7 ਫੀਸਦੀ ਬੱਚਿਆਂ ’ਚ ਕੈਂਸਰ ਦੁਬਾਰਾ ਪਰਤਿਆ, ਜਦੋਂਕਿ 4.9 ਫੀਸਦੀ ਮੌਤਾਂ ਦਰਜ ਕੀਤੀਆਂ ਗਈਆਂ। ਸੰਦੇਸ਼ ਸਾਫ਼ ਹੈ ਕਿ ਸਮੇਂ ਸਿਰ ਇਲਾਜ ਅਤੇ ਬਿਹਤਰ ਡਾਕਟਰੀ ਸਹੂਲਤਾਂ ਨਾਲ ਬੱਚਿਆਂ ’ਚ ਕੈਂਸਰ ਹੁਣ ਜਾਨਲੇਵਾ ਨਹੀਂ, ਸਗੋਂ ਲੜ ਕੇ ਜਿੱਤਿਆ ਜਾਣ ਵਾਲਾ ਰੋਗ ਬਣਦਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਹੁਲ ਗਾਂਧੀ ਨੂੰ ਸੰਸਦ ਚਲਾਉਣ 'ਚ ਕੋਈ ਦਿਲਚਸਪੀ ਨਹੀਂ : ਕਿਰਨ ਰਿਜਿਜੂ
NEXT STORY