ਬਰਨਾਲਾ (ਵਿਵੇਕ ਸਿੰਧਵਾਨੀ/ਰਵੀ): ਨਗਰ ਕੌਂਸਲ ਬਰਨਾਲਾ ਦੇ ਸਾਬਕਾ ਕੌਂਸਲਰ ਜੱਗਾ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਨੇ ਅੱਜ ਤੜਕਸਾਰ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਤੜਕਸਾਰ 2 ਵਜੇ ਵਾਪਰੀ ਇਸ ਘਟਨਾ ਦੀ ਖ਼ਬਰ ਫੈਲਦਿਆਂ ਹੀ ਸ਼ਹਿਰ ਦੇ ਸਿਆਸੀ ਅਤੇ ਵਪਾਰਕ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਇਸ ਮਾਮਲੇ ਵਿਚ ਸਭ ਤੋਂ ਅਹਿਮ ਅਤੇ ਦਿਲ ਨੂੰ ਹਲੂਣਾ ਦੇਣ ਵਾਲਾ ਖੁਲਾਸਾ ਮ੍ਰਿਤਕ ਜੱਗਾ ਸਿੰਘ ਦੇ ਭਰਾ ਤੇ ਨਾਮਵਰ ਠੇਕੇਦਾਰ ਮਲਕੀਤ ਸਿੰਘ ਮੀਤਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜੱਗਾ ਸਿੰਘ ਨੇ ਮਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਲਿਖਿਆ ਸੀ। ਇਸ ਨੋਟ ਵਿਚ ਮ੍ਰਿਤਕ ਨੇ ਦੋ ਕਾਲੋਨਾਈਜ਼ਰਾਂ ਵੱਲੋਂ ਪਿਛਲੇ ਇਕ ਸਾਲ ਤੋਂ ਉਸ ਦੇ ਪੈਸੇ ਦੇਣ ਵਿਚ ਕੀਤੀ ਜਾ ਰਹੀ ਟਾਲ-ਮਟੋਲ ਦਾ ਜ਼ਿਕਰ ਕੀਤਾ ਹੈ। ਸੁਸਾਈਡ ਨੋਟ ਵਿਚ ਜੱਗਾ ਸਿੰਘ ਨੇ ਸਾਫ਼ ਸ਼ਬਦਾਂ ਵਿਚ ਲਿਖਿਆ ਕਿ ਉਹ ਇਨ੍ਹਾਂ ਦੋਵਾਂ ਕਲੋਨਾਈਜ਼ਰਾਂ ਦੇ ਧੋਖੇ ਤੋਂ ਤੰਗ ਆ ਕੇ ਇਹ ਕਦਮ ਚੁੱਕ ਰਿਹਾ ਹੈ। ਨੋਟ ਵਿਚ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਮੁਆਫ਼ੀ ਵੀ ਮੰਗੀ ਹੈ।
'ਇਨਸਾਫ਼ ਤੋਂ ਪਹਿਲਾਂ ਸਸਕਾਰ ਨਹੀਂ'
ਮਲਕੀਤ ਸਿੰਘ ਮੀਤਾ ਨੇ ਦੁੱਖ ਅਤੇ ਰੋਹ ਨਾਲ ਭਰੀ ਆਵਾਜ਼ ਵਿਚ ਐਲਾਨ ਕੀਤਾ ਕਿ ਜਦੋਂ ਤੱਕ ਦੋਸ਼ੀ ਕਾਲੋਨਾਈਜ਼ਰਾਂ ਵਿਰੁੱਧ ਪੁਲਸ ਪਰਚਾ ਦਰਜ ਨਹੀਂ ਹੁੰਦਾ, ਉਦੋਂ ਤੱਕ ਪਰਿਵਾਰ ਜੱਗਾ ਸਿੰਘ ਦਾ ਸਸਕਾਰ ਨਹੀਂ ਕਰੇਗਾ। ਇਹ ਐਲਾਨ ਸਿਰਫ਼ ਇਕ ਪਰਿਵਾਰ ਦਾ ਦਰਦ ਨਹੀਂ, ਬਲਕਿ ਇਕ ਅਜਿਹੇ ਸਮਾਜ ਦੀ ਚੀਕ ਹੈ ਜਿੱਥੇ ਤਾਕਤਵਰ ਲੋਕ ਆਮ ਇਨਸਾਨ ਦੀ ਮਿਹਨਤ ਦਾ ਫਲ ਦੱਬ ਲੈਂਦੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ-1 ਬਰਨਾਲਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਐੱਸ.ਐੱਚ.ਓ. ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਸੁਸਾਈਡ ਨੋਟ ਵਿਚੋਂ ਕਿਸੇ ਦੇ ਖ਼ਿਲਾਫ਼ ਦੋਸ਼ ਸਾਬਤ ਹੁੰਦੇ ਹਨ ਤਾਂ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
20 ਸਾਲ ਦੇ ਨੌਜਵਾਨ ਦੀ ਰਹੱਸਮਈ ਹਾਲਾਤ ’ਚ ਮੌਤ, ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ
NEXT STORY