ਪਠਾਨਕੋਟ: ਅੱਜ ਤੜਕਸਾਰ ਪੰਜਾਬ ਪੁਲਸ ਦੇ ਮੁਲਾਜ਼ਮ ਦੀ AK-47 ਰਾਈਫ਼ਲ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ASI ਰਾਮ ਸਿੰਘ ਵਜੋਂ ਹੋਈ ਹੈ, ਜੋ ਪਠਾਨਕੋਟ ਵਿਚ ਨਾਈਟ ਮੁੰਸ਼ੀ ਵਜੋਂ ਤਾਇਨਾਤ ਸੀ। ਪੁਲਸ ਦਾ ਕਹਿਣਾ ਹੈ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਰਾਮ ਸਿੰਘ ਰਾਈਫ਼ਲ ਨੂੰ ਸਾਫ਼ ਕਰ ਰਹੇ ਸਨ ਤਾਂ ਅਚਾਨਕ ਗੋਲ਼ੀ ਚੱਲ ਗਈ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ASI ਰਾਮ ਸਿੰਘ ਨਾਈਟ ਡਿਊਟੀ 'ਤੇ ਸਨ ਤੇ ਸਵੇਰੇ-ਸਵੇਰੇ ਆਪਣੀ ਰਾਈਫ਼ਲ ਸਾਫ਼ ਕਰ ਰਹੇ ਸਨ। ਇਸ ਦੌਰਾਨ ਅਚਾਨਕ ਟ੍ਰਿਗਰ ਦੱਬ ਗਿਆ ਤੇ ਉਨ੍ਹਾਂ ਦੇ ਗੋਲ਼ੀ ਲੱਗ ਗਈ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿਸ ਮਗਰੋਂ ਉਸ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।
ਇਸ ਮਾਮਲੇ ਵਿਚ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕੀਤੀ ਹੈ ਤੇ ਫੋਰੈਂਸਿਕ ਸਾਇੰਸ ਲੈਬ ਦੀ ਟੀਮ ਵੱਲੋਂ ਵੀ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਗੋਲ਼ੀ ਕਿਵੇਂ ਅਤੇ ਕਿੰਨ੍ਹਾਂ ਹਾਲਾਤ ਵਿਚ ਚੱਲੀ।
ਪੰਜਾਬ 'ਚ ਬਦਲਿਆ ਮੌਸਮ! ਕਈ ਇਲਾਕਿਆਂ 'ਚ ਪਿਆ ਮੀਂਹ ਤੇ ਕਈਆਂ 'ਚ ਪਏ ਗੜ੍ਹੇ
NEXT STORY