ਲੁਧਿਆਣਾ, (ਅਨਿਲ, ਰਾਜ)-ਥਾਣਾ ਜੋਧੇਵਾਲ ਅਧੀਨ ਪੈਂਦੇ ਕਾਕੋਵਾਲ ਰੋਡ ਸਥਿਤ ਗਗਨਦੀਪ ਕਾਲੋਨੀ ਵਿੱਚ ਸ਼ਨੀਵਾਰ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਪੰਜਾਬ ਪੁਲਸ ਵਿੱਚ ਤਾਇਨਾਤ ਇੱਕ ਮੁਲਾਜ਼ਮ ਨੇ ਆਪਣੀ ਸਰਵਿਸ ਏਕੇ-47 ਰਾਈਫਲ ਨਾਲ ਕਥਿਤ ਤੌਰ ’ਤੇ ਹਵਾਈ ਫਾਇਰ ਕਰ ਦਿੱਤੇ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ’ਤੇ ਥਾਣਾ ਜੋਧੇਵਾਲ ਦੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਪੁਲਸ ਮੁਲਾਜ਼ਮ ਅਤੇ ਉਸ ਦੇ ਦੋਸਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਵੇਂ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਆਪ੍ਰੇਸ਼ਨ ਸੰਦੀਪ ਵਢੇਰਾ ਨੇ ਦੱਸਿਆ ਕਿ ਥਾਣਾ ਜੋਧੇਵਾਲ ਦੇ ਮੁਖੀ ਅਮਰਜੀਤ ਸਿੰਘ ਧੰਜੂ ਨੂੰ ਐਤਵਾਰ ਸਵੇਰੇ ਕਰੀਬ 8 ਵਜੇ ਸੂਚਨਾ ਮਿਲੀ ਸੀ ਕਿ ਪੰਜਾਬ ਪੁਲਸ ਵਿੱਚ ਤਾਇਨਾਤ ਮੁਲਾਜ਼ਮ ਲਵਪ੍ਰੀਤ ਸਿੰਘ ਨੰਬਰ 1729 ਨੇ ਆਪਣੇ ਸਰਕਾਰੀ ਹਥਿਆਰ ਏਕੇ-47 ਨਾਲ ਹਵਾਈ ਫਾਇਰ ਕੀਤੇ ਹਨ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਘਟਨਾ ਸਥਾਨ ’ਤੇ ਪਹੁੰਚੀ ਅਤੇ ਉੱਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕਰਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਏਡੀਸੀਪੀ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਲਵਪ੍ਰੀਤ ਸਿੰਘ ਦੇ ਦੋਸਤ ਵਰੁਣ ਕੁਮਾਰ ਦਾ ਇਸੇ ਇਲਾਕੇ ਵਿੱਚ ਰਹਿਣ ਵਾਲੇ ਰਾਜਕੁਮਾਰ ਪੁੱਤਰ ਪ੍ਰਕਾਸ਼ ਨਾਥ ਗੁਪਤਾ ਨਾਲ ਪੁਰਾਣਾ ਵਿਵਾਦ ਚੱਲ ਰਿਹਾ ਸੀ। ਇਸੇ ਵਿਵਾਦ ਨੂੰ ਲੈ ਕੇ ਸ਼ਨੀਵਾਰ ਰਾਤ ਦੋਵਾਂ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਦੋਸ਼ ਹੈ ਕਿ ਉਸ ਸਮੇਂ ਪੁਲਸ ਮੁਲਾਜ਼ਮ ਲਵਪ੍ਰੀਤ ਸਿੰਘ ਅਤੇ ਉਸ ਦਾ ਦੋਸਤ ਵਰੁਣ ਕੁਮਾਰ ਨਸ਼ੇ ਦੀ ਹਾਲਤ ਵਿੱਚ ਸਨ। ਬਹਿਸ ਦੌਰਾਨ ਮਾਮਲਾ ਵਧਣ ’ਤੇ ਲਵਪ੍ਰੀਤ ਸਿੰਘ ਨੇ ਰਾਜਕੁਮਾਰ ਨੂੰ ਡਰਾਉਣ ਅਤੇ ਧਮਕਾਉਣ ਲਈ ਆਪਣੇ ਸਰਕਾਰੀ ਏਕੇ-47 ਹਥਿਆਰ ਨਾਲ ਕਈ ਹਵਾਈ ਫਾਇਰ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੌਰਾਨ ਕਿਸੇ ਵੀ ਵਿਅਕਤੀ ਨੂੰ ਗੋਲੀ ਨਹੀਂ ਲੱਗੀ ਅਤੇ ਨਾ ਹੀ ਕੋਈ ਹੋਰ ਸਰੀਰਕ ਨੁਕਸਾਨ ਹੋਇਆ।
ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਪੁਲਿਸ ਮੁਲਾਜ਼ਮ ਅਤੇ ਉਸ ਦੇ ਦੋਸਤ ਨੇ ਰਾਜਕੁਮਾਰ ਨਾਲ ਹੱਥੋਪਾਈ ਵੀ ਕੀਤੀ ਅਤੇ ਉਸ ਨਾਲ ਗਾਲੀ-ਗਲੋਚ ਕੀਤਾ। ਘਟਨਾ ਤੋਂ ਬਾਅਦ ਲਵਪ੍ਰੀਤ ਸਿੰਘ ਅਤੇ ਵਰੁਣ ਕੁਮਾਰ ਮੌਕੇ ਤੋਂ ਫਰਾਰ ਹੋ ਗਏ। ਏਡੀਸੀਪੀ ਸੰਦੀਪ ਵਢੇਰਾ ਨੇ ਦੱਸਿਆ ਕਿ ਪੁਲਸ ਨੇ ਰਾਜਕੁਮਾਰ ਪੁੱਤਰ ਪ੍ਰਕਾਸ਼ ਨਾਥ ਗੁਪਤਾ ਦੀ ਸ਼ਿਕਾਇਤ ’ਤੇ ਪੁਲਸ ਮੁਲਾਜ਼ਮ ਲਵਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਵਰੁਣ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਮੁਲਜ਼ਮ ਪੁਲਸ ਮੁਲਾਜ਼ਮ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
4 ਨਵੰਬਰ ਦੀ ਸੰਗਰੂਰ ਰੈਲੀ 'ਚ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਅਹਿਮ ਮੁੱਦੇ ਚੁੱਕਣਗੇ ਰਾਹੁਲ ਗਾਂਧੀ: ਚੰਨੀ
NEXT STORY