ਚੰਡੀਗੜ੍ਹ (ਅਸ਼ਵਨੀ) : ਪੰਜਾਬ ਰਾਜ ਭਵਨ 'ਚ ਬੰਕਰ ਨਿਰਮਾਣ ਨੂੰ ਬੇਹੱਦ ਗੰਭੀਰ ਮਸਲਾ ਦੱਸਦਿਆਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਸ਼ਹਿਰ 'ਚ ਰਹਿ ਰਹੇ ਸਾਰੇ ਵਿਸ਼ੇਸ਼ ਆਦਮੀਆਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਜਤਾਈ ਹੈ। ਬਾਂਸਲ ਨੇ ਕਿਹਾ ਕਿ ਇਸ ਮਾਮਲੇ 'ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੂੰ ਤੁਰੰਤ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਸੁਰੱਖਿਆ ਏਜੰਸੀਆਂ ਨਾਲ ਬੈਠਕ ਕਰਨੀ ਚਾਹੀਦੀ ਹੈ ਤਾਂ ਕਿ ਸਾਰੇ ਵਿਸ਼ੇਸ਼ ਆਦਮੀਆਂ ਦੀ ਸੁਰੱਖਿਆ ਦਾ ਰਿਵਿਊ ਹੋ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਰਾਜ ਭਵਨ ਦੀ ਸੁਰੱਖਿਆ ਦੇ ਕਈ ਘੇਰੇ ਹਨ। ਕਾਫ਼ੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਹਨ। ਸੁਰੱਖਿਆ ਏਜੰਸੀਆਂ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਰਾਜ ਭਵਨ 'ਚ ਦਾਖਲ ਨਹੀਂ ਹੋ ਸਕਦਾ। ਸਾਬਕਾ ਕੇਂਦਰੀ ਮੰਤਰੀ ਤੱਕ ਨੂੰ ਰਾਜ ਭਵਨ 'ਚ ਦਾਖਲ ਹੋਣ ਤੋਂ ਪਹਿਲਾਂ ਸੂਚਿਤ ਕਰਨਾ ਪੈਂਦਾ ਹੈ। ਇਸ ਦੇ ਬਾਵਜੂਦ ਵੀ ਜੇਕਰ ਉਨ੍ਹਾਂ ਦੀ ਸੁਰੱਖਿਆ 'ਤੇ ਇੰਨਾ ਗੰਭੀਰ ਸੰਕਟ ਮੰਡਰਾ ਰਿਹਾ ਹੈ ਤਾਂ ਚੰਡੀਗੜ੍ਹ 'ਚ ਰਹਿਣ ਵਾਲੇ ਬਾਕੀ ਵਿਸ਼ੇਸ਼ ਵਿਅਕਤੀਆਂ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵਾਲ ਉਠਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਸਮੇਤ ਪੰਜਾਬ ਤੇ ਹਰਿਆਣਾ ਦੇ ਚੀਫ਼ ਜਸਟਿਸ ਦਾ ਘਰ ਅਤੇ ਹਰਿਆਣਾ ਦਾ ਰਾਜ ਭਵਨ ਵੀ ਹੈ। ਇਸ ਲਈ ਇਸ ਗੱਲ ਦੀ ਤੁਰੰਤ ਸਮੀਖਿਆ ਹੋਣੀ ਚਾਹੀਦੀ ਹੈ ਕਿ ਇਨ੍ਹਾਂ ਵਿਸ਼ੇਸ਼ ਵਿਅਕਤੀਆਂ ਦੀ ਸੁਰੱਖਿਆ ਦਾ ਕੀ ਇੰਤਜ਼ਾਮ ਹੈ। ਸਿਰਫ਼ ਪੰਜਾਬ ਰਾਜ ਭਵਨ 'ਚ ਬੰਕਰ ਬਣਵਾਉਣ ਨਾਲ ਕੰਮ ਨਹੀਂ ਬਣੇਗਾ।
ਰੋਮਾਨੀਆ ਦੇ ਰਾਜੇ ਖੁਦਵਾਉਂਦੇ ਸਨ ਬੰਕਰ
ਬਾਂਸਲ ਨੇ ਕਿਹਾ ਕਿ ਬੰਕਰ ਦਾ ਇਹ ਕੰਸੈਪਟ ਤਾਨਾਸ਼ਾਹੀ ਦੇ ਦੌਰ 'ਚ ਹੁੰਦਾ ਸੀ। ਰੋਮਾਨੀਆ ਦੇ ਰਾਜੇ ਬੰਕਰ ਖੁਦਵਾਉਂਦੇ ਸਨ ਤਾਂ ਕਿ ਉਹ ਵਿਰੋਧੀਆਂ ਤੋਂ ਸੁਰੱਖਿਅਤ ਰਹਿ ਸਕਣ। ਉਨ੍ਹਾਂ ਦੇ ਮਹਿਲ ਹੇਠ ਸੁਰੰਗ ਹੁੰਦੀ ਸੀ, ਜੋ ਬੰਕਰ ਤੱਕ ਪਹੁੰਚਾਉਂਦੀ ਸੀ। ਇਥੇ ਚੰਡੀਗੜ੍ਹ 'ਚ ਤਾਂ ਪਹਿਲੀ ਵਾਰ ਬੰਕਰ ਬਾਰੇ ਸੁਣਨ ਨੂੰ ਮਿਲ ਰਿਹਾ ਹੈ। ਫਿਰ ਵੀ ਜੇਕਰ ਸੁਰੱਖਿਆ ਦਾ ਇੰਨਾ ਗੰਭੀਰ ਮਸਲਾ ਹੈ ਤਾਂ ਬੇਸ਼ੱਕ ਬੰਕਰ ਖੁਦਵਾਏ ਜਾਣ ਪਰ ਬਾਕੀ ਵਿਸ਼ੇਸ਼ ਵਿਅਕਤੀਆਂ ਦੀ ਸੁਰੱਖਿਆ ਬਾਰੇ ਵੀ ਚਿੰਤਾ ਕੀਤੀ ਜਾਣੀ ਚਾਹੀਦੀ ਹੈ। ਇਸ ਕੜੀ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਆਮ ਜਨਤਾ ਦੀ ਸੁਰੱਖਿਆ ਵੀ ਯਕੀਨੀ ਹੋਣੀ ਚਾਹੀਦੀ ਹੈ।
ਰੇਤ ਦੀ ਨਾਜਾਇਜ਼ ਤਰੀਕੇ ਨਾਲ ਨਿਕਾਸੀ ਕਰਨ ਵਾਲੇ ਵਿਅਕਤੀਆਂ ਖਿਲਾਫ ਪਰਚਾ
NEXT STORY