ਚੰਡੀਗੜ੍ਹ (ਰਮਨਜੀਤ)-ਹਾਲ ਹੀ ਵਿਚ ਸੰਪੰਨ ਹੋਏ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਤੋਂ ਜ਼ਿਆਦਾਤਰ ਆਮ ਆਦਮੀ ਪਾਰਟੀ ਵਿਧਾਇਕ ਨਿਰਾਸ਼ ਹਨ। ਕਾਰਨ, ਆਪਣੇ ਮੁੱਦਿਆਂ, ਸਵਾਲਾਂ ਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਵਿਚ ਰੱਖਣ ਦਾ ਮੌਕਾ ਨਾ ਮਿਲਣਾ ਹੈ। ਰਹੀ-ਸਹੀ ਕਸਰ 'ਅਣਜਾਣੇ' ਵਿਚ ਹੋਈਆਂ ਗਲਤੀਆਂ ਨੇ ਪੂਰੀ ਕਰ ਦਿੱਤੀ।
ਇੰਨਾ ਹੀ ਨਹੀਂ, ਇਸ ਬਜਟ ਸੈਸ਼ਨ ਵਿਚ 'ਆਪ' ਦਾ ਰਾਜਨੀਤਿਕ ਤੌਰ 'ਤੇ ਬੜਾ ਨੁਕਸਾਨ ਹੋਇਆ, ਜਿਸ ਦਾ ਕਾਰਨ ਬਣਿਆ ਬਿਕਰਮ ਸਿੰਘ ਮਜੀਠੀਆ ਦੇ ਨਾਲ ਕਾਰ ਸ਼ੇਅਰ ਕਰਨਾ। ਹਾਲਾਂਕਿ ਪਾਰਟੀ ਲੀਡਰਸ਼ਿਪ ਵਲੋਂ ਇਸ ਨੁਕਸਾਨ ਦੀ ਲਿੱਪਾ-ਪੋਚੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਸ ਦਾ ਅਸਰ ਨਹੀਂ ਦਿਸਿਆ।
ਆਮ ਆਦਮੀ ਪਾਰਟੀ ਦੇ ਵਿਧਾਇਕ, ਜਿਨ੍ਹਾਂ ਵਿਚ ਸੁਖਪਾਲ ਸਿੰਘ ਖਹਿਰਾ ਤੇ ਅਮਨ ਅਰੋੜਾ ਨੂੰ ਛੱਡ ਕੇ ਬਾਕੀ ਸਾਰੇ ਪਹਿਲੀ ਵਾਰ ਵਿਧਾਇਕ ਬਣੇ ਹਨ, ਨੂੰ ਬਜਟ ਸੈਸ਼ਨ ਤੋਂ ਕਾਫੀ ਉਮੀਦਾਂ ਸਨ। ਪਹਿਲੀ ਵਾਰ ਬੋਲਣ ਦਾ ਮੌਕਾ ਮਿਲਣਾ ਸੀ ਤੇ ਕਈ ਵਿਧਾਇਕਾਂ ਵਲੋਂ ਸਵਾਲਾਂ ਦੀ ਲੰਬੀ ਚੌੜੀ ਲਿਸਟ ਵੀ ਵਿਧਾਨ ਸਭਾ ਵਿਚ ਜਮ੍ਹਾ ਕਰਵਾਈ ਗਈ ਸੀ। ਬਹਿਸ ਦੀ ਵੀ ਤਿਆਰੀ ਕੀਤੀ ਗਈ ਸੀ ਪਰ ਤਿਆਰੀ ਧਰੀ ਧਰਾਈ ਹੀ ਰਹਿ ਗਈ। ਪਹਿਲੇ ਹੀ ਦਿਨ ਸ਼ੁਰੂ ਹੋਏ ਸੱਤਾ ਧਿਰ ਤੇ ਵਿਰੋਧੀ ਧਿਰ ਦੇ ਸੰਘਰਸ਼ ਦੀ ਭੇਟ 'ਆਪ' ਵਿਧਾਇਕਾਂ ਦੀ ਤਿਆਰੀ ਚੜ੍ਹ ਗਈ। ਹਾਲਾਂਕਿ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਦੌਰਾਨ ਚੁਣੇ ਹੋਏ 'ਆਪ' ਵਿਧਾਇਕਾਂ ਨੂੰ ਬੋਲਣ ਦਾ ਮੌਕਾ ਮਿਲਿਆ ਤੇ ਉਨ੍ਹਾਂ ਵਲੋਂ ਇਹ ਸਾਬਿਤ ਵੀ ਕੀਤਾ ਗਿਆ ਕਿ 'ਆਪ' ਵਿਧਾਇਕ ਪੂਰੀ ਤਰ੍ਹਾਂ ਤਿਆਰੀ ਕਰਕੇ ਆਏ ਹਨ ਪਰ ਉਸ ਦਾ ਜ਼ਿਆਦਾ ਫਾਇਦਾ ਨਹੀਂ ਮਿਲਿਆ। ਆਪ ਵਿਧਾਇਕਾਂ ਵਲੋਂ ਕਈ ਸਵਾਲ ਲਾਏ ਗਏ ਸਨ ਪਰ ਜ਼ਿਆਦਾਤਰ ਬੈਠਕਾਂ ਵਿਚ ਪ੍ਰਸ਼ਨ ਕਾਲ ਦੌਰਾਨ ਹੀ ਹੰਗਾਮਾ ਹੋਣ ਦੇ ਕਾਰਨ ਉਨ੍ਹਾਂ ਸਵਾਲਾਂ 'ਤੇ ਸਰਕਾਰ ਨਾਲ ਸਾਰਥਿਕ ਬਹਿਸ ਵੀ ਨਹੀਂ ਹੋ ਸਕੀ।
'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਡੇ ਕੋਲ ਸਰਕਾਰ ਤੇ ਪਿਛਲੀ ਸੱਤਾਧਾਰੀ ਪਾਰਟੀ ਨੂੰ ਘੇਰਨ ਲਈ ਬਹੁਤ ਮੁੱਦੇ ਸਨ ਤੇ ਸਾਰਿਆਂ ਲਈ ਸਾਥੀ ਵਿਧਾਇਕਾਂ ਵਲੋਂ ਤਿਆਰੀ ਵੀ ਕੀਤੀ ਗਈ ਸੀ ਪਰ ਸਪੀਕਰ ਰਾਣਾ ਕੇ. ਪੀ. ਤੇ ਸੱਤਾ ਧਿੱਰ ਦੀ ਸਾਜ਼ਿਸ਼ ਦੇ ਕਾਰਨ ਇਹ ਹੋ ਨਹੀਂ ਸਕਿਆ। ਖਹਿਰਾ ਨੇ ਕਿਹਾ ਕਿ ਸਾਨੂੰ ਨਿਰਾਸ਼ਾ ਜ਼ਰੂਰ ਹੋਈ ਪਰ ਸਰਕਾਰ ਨੂੰ ਸਦਨ ਦੇ ਅੰਦਰ ਤੇ ਬਾਹਰ ਕਿਤੇ ਵੀ ਭ੍ਰਿਸ਼ਟਾਚਾਰ ਦੇ ਸਵਾਲਾਂ ਤੋਂ ਬਚਣ ਨਹੀਂ ਦਿੱਤਾ ਜਾਵੇਗਾ।
ਪਤਨੀ ਨੇ ਛਿੜਕਿਆ ਤੇਲ, ਬੇਟੇ ਨੇ ਲਾਈ ਅੱਗ, 40 ਫੀਸਦੀ ਝੁਲਸਿਆ, ਹਸਪਤਾਲ 'ਚ ਇਲਾਜ ਅਧੀਨ
NEXT STORY