ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ 'ਵੀਰ ਬਾਲ ਦਿਵਸ' ਦੇ ਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਆਹਮੋ-ਸਾਹਮਣੇ ਹੋ ਗਏ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਜਦੋਂ 'ਵੀਰ ਬਾਲ ਦਿਵਸ' ਦੇ ਨਾਂ ਨੂੰ ਲੈ ਕੇ ਹੋ ਰਹੀ ਚਰਚਾ ਦਾ ਜ਼ਿਕਰ ਕੀਤਾ ਤਾਂ 'ਆਪ' ਪ੍ਰਧਾਨ ਅਮਨ ਅਰੋੜਾ ਨੇ ਉਨ੍ਹਾਂ ਤੋਂ ਇਹ ਨਾਂ ਸੁਝਾਉਣ ਵਾਲੇ ਦਾ ਨਾਂ ਪੁੱਛ ਲਿਆ। ਹਾਲਾਂਕਿ ਅਸ਼ਵਨੀ ਸ਼ਰਮਾ ਨੇ ਇਹ ਕਹਿ ਕੇ ਗੱਲ ਮੁਕਾ ਦਿੱਤੀ ਕਿ ਅੱਜ ਦੇ ਦਿਨ ਉਹ ਇਸ ਮਸਲੇ 'ਤੇ ਕੋਈ ਸਿਆਸੀ ਗੱਲਬਾਤ ਨਹੀਂ ਕਰਨੀ ਚਾਹੁੰਦੇ।
ਦਰਅਸਲ, ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ ਤੇ ਕਿਹਾ ਕਿ ਇਹ ਦਿਹਾੜੇ ਸਿਆਸੀ ਨਜ਼ਰੀਏ ਤੋਂ ਵੱਖਰੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਕੰਨੜ, ਤਮਿਲ, ਕੇਰਲਾ ਵਿਚ ਸਾਹਿਬਜ਼ਾਦਿਆਂ ਦਾ ਬਲਿਦਾਨ ਦਿਵਸ ਮਨਾਇਆ ਗਿਆ ਤੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਪੜ੍ਹਾਇਆ ਜਾ ਰਿਹਾ ਹੈ, ਪਰ ਅਸੀਂ ਸਿਰਫ਼ ਇਸ ਦਿਹਾੜੇ ਦੇ ਨਾਂ ਦੇ ਚੱਕਰ ਵਿਚ ਹੀ ਫਸੇ ਹੋਏ ਹਾਂ। ਉਨ੍ਹਾਂ ਕਿਹਾ ਕਿ ਵੀਰ ਬਾਲ ਦਿਵਸ ਨਾਂ ਦਾ ਸੁਝਾਅ ਕਿਸ ਨੇ ਦਿੱਤਾ, ਇਹ ਬੜਾ ਲੰਮਾ ਮਾਮਲਾ ਹੈ। ਅਸ਼ਵਨੀ ਸ਼ਰਮਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ਦਾ ਹਵਾਲਾ ਦਿੱਤਾ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜੇਕਰ ਨੌਵੇਂ ਪਾਤਸ਼ਾਹ ਨਾ ਹੁੰਦੇ ਤਾਂ ਤੇ ਇਹ ਬਲਿਦਾਨ ਨਾ ਦਿੱਤਾ ਹੁੰਦਾ ਤਾਂ ਹਿੰਦੁਸਤਾਨ ਵਿਚ ਕੋਈ ਧਰਮ ਨਾ ਹੁੰਦਾ, ਨਾ ਕੋਈ ਹਿੰਦੂ ਹੁੰਦਾ ਤੇ ਨਾ ਹੀ ਕੋਈ ਸਿੱਖ ਹੁੰਦਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹੋ ਸਾਡਾ ਆਦਰਸ਼ ਹੈ ਤੇ ਉਨ੍ਹਾਂ ਨੇ ਜਿਸ ਮੰਤਵ ਨਾਲ ਇਹ ਬਲਿਦਾਨ ਦਿੱਤੇ, ਸਾਨੂੰ ਉਸ 'ਤੇ ਪਹਿਰਾ ਦੇਣਾ ਚਾਹੀਦਾ ਹੈ ਤੇ ਪੰਜਾਬ ਤੇ ਹਿੰਦੁਸਤਾਨ ਨੂੰ ਜੋੜਣ ਦੀ ਗੱਲ ਕਰਨੀ ਚਾਹੀਦੀ ਹੈ।
ਇਸ 'ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਇਸ ਸੈਸ਼ਨ ਵਿਚ ਇਹ ਜ਼ਰੂਰ ਦੱਸਣ ਕਿ ਇਸ ਦਿਹਾੜੇ ਦਾ ਨਾਂ 'ਵੀਰ ਬਾਲ ਦਿਵਸ' ਰੱਖਣ ਦਾ ਸੁਝਾਅ ਕਿਸ ਨੇ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵੀਰ ਬਾਲ ਦਿਵਸ ਦਾ ਨਾਂ ਬਦਲ ਕੇ 'ਸਾਹਿਬਜ਼ਾਦਾ ਸ਼ਹਾਦਤ ਦਿਵਸ' ਰੱਖਣ ਦੀ ਵੀ ਮੰਗ ਚੁੱਕੀ। ਇਸ ਦੇ ਜਵਾਬ ਵਿਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਆਤਮਾ ਤੇ ਦਿਲ ਨਹੀਂ ਮੰਨਦਾ ਕਿ ਉਹ ਇਸ ਮਸਲੇ 'ਤੇ ਅੱਜ ਕੋਈ ਸਿਆਸੀ ਗੱਲ ਕਰਨ, ਇਸ ਬਾਰੇ ਸੋਸ਼ਲ ਮੀਡੀਆ 'ਤੇ ਬਹੁਤ ਕੁਝ ਪਹਿਲਾਂ ਹੀ ਪਿਆ ਹੈ, ਜਿਸ ਬਾਰੇ ਸਾਰੇ ਹੀ ਜਾਣੂੰ ਹਨ।
ਮਾਂ, ਧੀ ਤੇ ਸੱਸ ਨੇ ਅੰਤਰਰਾਸ਼ਟਰੀ ਮੰਚ ’ਤੇ ਰਚਿਆ ਇਤਿਹਾਸ, ਹੁਣ ਸੁੰਦਰਤਾ ਮੁਕਾਬਲਿਆਂ 'ਚ ਭਾਰਤ ਦੀ...
NEXT STORY