ਚੰਡੀਗੜ੍ਹ (ਭੁੱਲਰ) : ਪੰਜਾਬ ਵਿਧਾਨ ਸਭਾ ਦਾ 2 ਅਗਸਤ ਤੋਂ ਸ਼ੁਰੂ ਹੋ ਰਿਹਾ ਮਾਨਸੂਨ ਇਜਲਾਸ ਭਾਵੇਂ ਛੋਟਾ ਹੈ ਪਰ ਇਸ ਦੇ ਦਿਲਚਸਪ ਅਤੇ ਹੰਗਾਮਾ ਭਰਪੂਰ ਰਹਿਣ ਦੀ ਪੂਰੀ ਸੰਭਾਵਨਾ ਹੈ। ਇਸ 3 ਦਿਨਾ ਸੈਸ਼ਨ 'ਚ ਹੋਰਨਾਂ ਮੁੱਦਿਆਂ ਤੋਂ ਇਲਾਵਾ ਸੀ. ਬੀ. ਆਈ. ਵੱਲੋਂ ਬਰਗਾੜੀ ਬੇਅਦਬੀ ਮੁੱਦੇ ਨੂੰ ਲੈ ਕੇ ਸੱਤਾ ਧਿਰ ਅਤੇ ਵਿਰੋਧੀ ਮੈਂਬਰਾਂ ਵਿਚਕਾਰ ਪੂਰਾ ਘਮਾਸਾਨ ਛਿੜੇਗਾ। ਜਿਥੇ ਵਿਰੋਧੀ ਪਾਰਟੀਆਂ ਅਕਾਲੀ ਦਲ ਤੇ 'ਆਪ' ਕਲੋਜ਼ਰ ਰਿਪੋਰਟ ਨੂੰ ਲੈ ਕੇ ਸੱਤਾ ਧਿਰ ਨੂੰ ਘੇਰਨ ਦੀ ਤਿਆਰੀ 'ਚ ਹਨ, ਉਥੇ ਸੱਤਾ ਧਿਰ ਵੱਲੋਂ ਬੇਅਦਬੀ ਮਾਮਲਿਆਂ ਅਤੇ ਕਲੋਜ਼ਰ ਰਿਪੋਰਟ ਨੂੰ ਲੈ ਕੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਇਜਲਾਸ ਦੌਰਾਨ ਨਸ਼ਿਆਂ ਦਾ ਮੁੱਦਾ ਵਿਸ਼ੇਸ਼ ਤੌਰ 'ਤੇ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ, ਅਮਨ-ਕਾਨੂੰਨ ਦੀ ਸਥਿਤੀ, ਮਹਿੰਗੀ ਬਿਜਲੀ ਤੋਂ ਇਲਾਵਾ ਮੁਲਾਜ਼ਮਾਂ ਅਤੇ ਦਲਿਤਾਂ ਦੇ ਮੁੱਦੇ ਵਿਰੋਧੀ ਦਲਾਂ ਵਲੋਂ ਮੁੱਖ ਤੌਰ 'ਤੇ ਚੁੱਕੇ ਜਾਣਗੇ।
ਨਵਜੋਤ ਸਿੱਧੂ ਦੀ ਸ਼ਮੂਲੀਅਤ 'ਤੇ ਸਭ ਦੀਆਂ ਨਜ਼ਰਾਂ
ਮੰਤਰੀ ਮੰਡਲ ਤੋਂ ਬਾਹਰ ਹੋ ਚੁੱਕੇ ਨਵਜੋਤ ਸਿੰਘ ਸਿੱਧੂ ਦੀ ਇਜਲਾਸ 'ਚ ਸ਼ਮੂਲੀਅਤ 'ਤੇ ਵੀ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਪਰ ਸਥਿਤੀ ਹਾਲੇ ਪੂਰੀ ਤਰ੍ਹਾਂ ਉਨ੍ਹਾਂ ਵੱਲੋਂ ਧਾਰੀ ਖਾਮੋਸ਼ੀ ਕਾਰਨ ਅਸਪੱਸ਼ਟ ਹੈ। ਚਰਚਾ ਹੈ ਕਿ ਪ੍ਰਗਟ ਸਿੰਘ ਨੇ ਸਿੱਧੂ ਨੂੰ ਇਜਲਾਸ 'ਚ ਸ਼ਾਮਲ ਹੋਣ ਲਈ ਮਨਾਉਣ ਦੇ ਯਤਨ ਕੀਤੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕਿ ਸਿੱਧੂ ਇਜਲਾਸ 'ਚ ਆਉਣ। ਜੇ ਸਿੱਧੂ ਇਜਲਾਸ 'ਚ ਆ ਜਾਂਦੇ ਹਨ ਤਾਂ ਕਲੋਜ਼ਰ ਰਿਪੋਰਟ ਨੂੰ ਲੈ ਕੇ ਬੇਅਦਬੀ ਮੁੱਦੇ 'ਤੇ ਹੋਣ ਵਾਲੀ ਚਰਚਾ ਦੌਰਾਨ ਕੈਪਟਨ ਲਈ ਉਹ ਮੁਸ਼ਕਿਲ ਵਾਲੀ ਸਥਿਤੀ ਪੈਦਾ ਕਰ ਸਕਦੇ ਹਨ।

ਕਈ ਗਰੁੱਪਾਂ 'ਚ ਵੰਡੀ 'ਆਪ' ਕਾਰਨ ਸਥਿਤੀ ਦਿਲਸਚਪ
ਇਹ ਇਜਲਾਸ ਇਸ ਲਈ ਵੀ ਦਿਲਚਸਪ ਰਹੇਗਾ ਕਿਉਂਕਿ ਮੁੱਖ ਵਿਰੋਧੀ ਪਾਰਟੀ ਖੁਦ ਚਾਰ ਗਰੁੱਪਾਂ 'ਚ ਵੰਡੀ ਜਾ ਚੁੱਕੀ ਹੈ ਅਤੇ ਸਾਰੇ ਮੈਂਬਰ ਆਪਣੀ ਹੋਂਦ ਜਤਾਉਣ ਲੲੀ ਸਦਨ 'ਚ ਬੋਲਣ ਦੇ ਮੁੱਦੇ 'ਤੇ ਆਪਸ 'ਚ ਭਿੜ ਸਕਦੇ ਹਨ। ਜਿੱਥੇ ਇਕ ਪਾਸੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੀ ਅਗਵਾਈ ਹਰਪਾਲ ਸਿੰਘ ਚੀਮਾ ਕਰਦੇ ਹਨ, ਉੱਥੇ ਸੁਖਪਾਲ ਖਹਿਰਾ ਦੀ ਅਗਵਾਈ 'ਚ 6 ਵਿਧਾਇਕ ਵੱਖਰੇ ਚੱਲਣਗੇ। ਅਮਨ ਅਰੋੜਾ ਅੱਜ ਕੱਲ ਹੋਰਨਾਂ ਮੈਂਬਰਾਂ ਤੋਂ ਵੱਖ ਹੋ ਕੇ ਚੱਲ ਰਹੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਵੱਖਰੀ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਕੰਵਰ ਸੰਧੂ ਵੀ ਖਹਿਰਾ ਤੋਂ ਦੂਰ ਰਹੇ ਹਨ ਅਤੇ ਉਹ ਇਸ ਸਮੇਂ 3 ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਚੱਲ ਰਹੇ ਹਨ, ਜਦਕਿ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਇਕੱਠੇ ਹਨ।

ਪਹਿਲੇ ਦਿਨ ਸਿਰਫ ਕੁਝ ਮਿੰਟਾਂ ਦੀ ਕਾਰਵਾਈ
ਸੈਸ਼ਨ ਦੇ ਪਹਿਲੇ ਦਿਨ 2 ਅਗਸਤ ਦੀ ਬੈਠਕ ਦੇ ਏਜੰਡੇ 'ਚ ਸਿਰਫ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਦਾ ਪ੍ਰੋਗਰਾਮ ਹੈ। 16 ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ ਅਤੇ ਪਹਿਲੇ ਦਿਨ ਦੀ ਕਾਰਵਾਈ 20-25 ਮਿੰਟਾਂ 'ਚ ਖਤਮ ਕਰ ਕੇ ਸਭਾ ਉਠ ਜਾਵੇਗੀ। ਇਸ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਅਤੇ ਮੰਗਲਵਾਰ 5 ਅਤੇ 6 ਅਗਸਤ ਨੂੰ 2 ਦਿਨ ਦੀਆਂ ਬੈਠਕਾਂ ਹੰਗਾਮੇ ਭਰਪੂਰ ਰਹਿਣ ਦੇ ਆਸਾਰ ਹਨ। ਇਨ੍ਹਾਂ ਦੌਰਾਨ ਕੁਝ ਬਿੱਲ ਵੀ ਪਾਸ ਕੀਤੇ ਜਾਣੇ ਹਨ। ਪਹਿਲੇ ਦਿਨ ਜਿਹੜੀਆਂ 16 ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ, ਉਨ੍ਹਾਂ 'ਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸਵ. ਸ਼ੀਲਾ ਦੀਕਸ਼ਤ, ਸਾਬਕਾ ਰਾਜ ਸਭਾ ਮੈਂਬਰ ਸਵ. ਵਰਿੰਦਰ ਕਟਾਰੀਆ, ਸਾਬਕਾ ਵਿਧਾਇਕ ਸਵ. ਚੌਧਰੀ ਨੰਦ ਲਾਲ, ਸਵ. ਕਾਮਰੇਡ ਬਲਵੰਤ ਸਿੰਘ ਦੇ ਨਾਂ ਜ਼ਿਕਰਯੋਗ ਹਨ।
ਲੋਕ ਸਭਾ ਦੇ ਸਪੀਕਰ ਅਤੇ ਭਗਵੰਤ ਮਾਨ 'ਚ ਖੜਕੀ
NEXT STORY