ਚੰਡੀਗੜ੍ਹ (ਅੰਕੁਰ): ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖ਼ਿਲਾਫ਼ ਨਿੰਦਾ ਪ੍ਰਤਸਾਵ ਲਿਆਉਣ ਦੀ ਪੇਸ਼ਕਸ਼ ਕੀਤੀ। ਜਿਵੇਂ ਹੀ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖ਼ਿਲਾਫ਼ ਨਿੰਦਾ ਪ੍ਰਸਤਾਵ ਦੀ ਗੱਲ ਸਦਨ ਵਿਚ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਤੁਰੰਤ ਦਖ਼ਲ ਦਿੱਤਾ। ਸਪੀਕਰ ਨੇ ਸਪਸ਼ਟ ਕਿਹਾ ਕਿ ਇਹ ਗੱਲ ਸਦਨ ਵਿਚ ਮਨਜ਼ੂਰ ਨਹੀਂ ਹੈ ਅਤੇ ਉਨ੍ਹਾਂ ਨੇ ਤਿੰਨ ਵਾਰ “ਨਾਟ ਅਲਾਊਡ, ਨਾਟ ਅਲਾਊਡ, ਨਾਟ ਅਲਾਊਡ” ਕਹਿ ਕੇ ਬਾਜਵਾ ਨੂੰ ਰੋਕ ਦਿੱਤਾ। ਸੱਤਾਧਿਰ ਵੱਲੋਂ ਵੀ ਇਸ ਮਗਰੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ, ਜਿਸ ਮਗਰੋਂ ਵਿਧਾਨ ਸਭਾ ਦੀ ਕਾਰਵਾਈ 20 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ।
ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਸੁਖਪਾਲ ਖਹਿਰਾ ਖ਼ਿਲਾਫ਼ ਲਿਆਂਦੇ ਪ੍ਰਸਤਾਵ ਬਾਰੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਕੱਲ੍ਹ ਇਕ ਮੈਂਬਰ ਦੇ ਖ਼ਿਲਾਫ਼ ਬਿਨਾਂ ਮੌਕਾ ਦਿੱਤੇ ਨਿੰਦਾ ਪ੍ਰਸਤਾਵ ਲਿਆ ਗਿਆ, ਉਹ ਠੀਕ ਪ੍ਰਕਿਰਿਆ ਨਹੀਂ ਹੈ ਅਤੇ ਉਸ ਮੈਂਬਰ ਨੂੰ ਪਹਿਲਾਂ ਆਪਣੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਸੀ। ਬਾਜਵਾ ਨੇ ਸਦਨ ਵਿਚ ਕਿਹਾ ਕਿ ਪਹਿਲੀ ਗੱਲ ਇਹ ਹੈ ਕਿ ਵਿਧਾਨ ਸਭਾ ਇਸ ਤਰ੍ਹਾਂ ਦਾ ਫੈਸਲਾ ਤੁਰੰਤ ਨਹੀਂ ਲੈ ਸਕਦੀ। ਦੂਜੀ ਗੱਲ ਇਹ ਹੈ ਕਿ ਵਿਰੋਧੀ ਧਿਰ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਸਬੰਧਿਤ ਮੈਂਬਰ ਨੂੰ ਆ ਕੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇ ਉਸ ਤੋਂ ਬਾਅਦ ਵੀ ਸਦਨ ਨੂੰ ਲੱਗਦਾ ਹੈ ਕਿ ਕੋਈ ਗਲਤੀ ਹੋਈ ਹੈ ਤਾਂ ਹਾਊਸ ਉਸ ਮਾਮਲੇ ਤੇ ਫੈਸਲਾ ਕਰ ਸਕਦਾ ਸੀ।
ਬਾਜਵਾ ਨੇ ਇਹ ਵੀ ਕਿਹਾ ਕਿ ਕੱਲ੍ਹ ਬਿਨਾਂ ਉਸ ਮੈਂਬਰ ਨੂੰ ਮੌਕਾ ਦਿੱਤੇ ਸਰਬਸੰਮਤੀ ਨਾਲ ਨਿੰਦਾ ਪ੍ਰਸਤਾਵ ਲਿਆ ਗਿਆ, ਜੋ ਲੋਕਤੰਤਰਿਕ ਪਰੰਪਰਾਵਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਨੇ ਸਪੀਕਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਅੱਜ ਜਦੋਂ ਉਹ ਮੈਂਬਰ ਸਦਨ ਵਿਚ ਮੌਜੂਦ ਹੈ ਤਾਂ ਉਸ ਨੂੰ ਆਪਣੀ ਗੱਲ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ।
ਵਿਧਾਨ ਸਭਾ 'ਚ ਸੁਖਪਾਲ ਖਹਿਰਾ ਤੇ ਹਰਪਾਲ ਚੀਮਾ ਵਿਚਾਲੇ ਤਿੱਖੀ ਬਹਿਸ, ਸਦਨ 'ਚ ਭਖਿਆ ਮਾਹੌਲ
NEXT STORY