ਜਲੰਧਰ (ਸ਼ੋਰੀ)— ਪੰਜਾਬ 'ਚ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਕਿਸੇ ਦੀ ਨਜ਼ਰ ਲੱਗ ਚੁੱਕੀ ਹੈ। ਹੈਰੋਇਨ ਨੇ ਪਹਿਲਾਂ ਹੀ ਪੰਜਾਬ ਦੇ ਜ਼ਿਆਦਾਤਰ ਨੌਜਵਾਨਾਂ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ ਅਤੇ ਪੰਜਾਬ ਦਾ ਸ਼ਾਇਦ ਹੀ ਅਜਿਹਾ ਕੋਈ ਪਿੰਡ ਜਾਂ ਸ਼ਹਿਰ ਹੋਵੇਗਾ, ਜਿੱਥੇ ਨੌਜਵਾਨ ਨਸ਼ਿਆਂ ਦਾ ਸੇਵਨ ਨਾ ਕਰਦਾ ਹੋਵੇ। ਪੰਜਾਬ ਕਾਂਗਰਸ ਨੂੰ ਲੋਕਾਂ ਨੇ ਇਸ ਲਈ ਜਿਤਾਇਆ ਸੀ ਕਿ ਅਕਾਲੀ-ਭਾਜਪਾ ਦੇ 10 ਸਾਲਾਂ 'ਚ ਪੰਜਾਬ 'ਚ ਚਿੱਟਾ ਪੂਰੇ ਜ਼ੋਰਾਂ 'ਤੇ ਵਿਕਿਆ ਅਤੇ ਸਰਕਾਰ ਦੇ ਮੰਤਰੀਆਂ 'ਤੇ ਵੀ ਇਹ ਦੋਸ਼ ਲੱਗੇ ਕਿ ਉਨ੍ਹਾਂ ਦੇ ਲਿੰਕ ਨਸ਼ਾ ਸਮੱਗਲਰਾਂ ਨਾਲ ਸਨ। ਨਸ਼ਾ ਕਰਨ ਵਾਲਿਆਂ ਲਈ ਸਰਕਾਰੀ ਹਸਪਤਾਲਾਂ 'ਚ ਨਸ਼ਾ ਛੁਡਾਊ ਕੇਂਦਰ ਵੀ ਬਣਾਏ ਗਏ ਅਤੇ ਉਨ੍ਹਾਂ ਦਾ ਇਲਾਜ ਵੀ ਫ੍ਰੀ ਕੀਤਾ ਗਿਆ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਇਆ ਜਾ ਸਕੇ। ਹੁਣ ਮਹਾਨਗਰ 'ਚ 10 ਸਾਲ ਦੇ ਬੱਚੇ ਵੀ ਨਸ਼ਾ ਕਰਨ ਲੱਗ ਪਏ ਹਨ। ਅੱਜਕਲ੍ਹ ਦੇ ਬੱਚੇ ਫਲਿਊਡ ਰੁਮਾਲ 'ਤੇ ਪਾ ਕੇ ਉਸ ਨੂੰ ਸੁੰਘ ਕੇ ਨਸ਼ਾ ਕਰਦੇ ਹਨ। ਮਹਾਨਗਰ 'ਚ ਅਜਿਹੇ ਬੱਚਿਆਂ ਦੀ ਗੈਂਗ ਤਿਆਰ ਹੋ ਚੁੱਕੀ ਹੈ। ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਸਿਵਲ ਹਸਪਤਾਲ 'ਚ ਫੜੇ ਗਏ ਹਨ ਅਜਿਹੇ ਬੱਚੇ
ਕੁਝ ਸਾਲ ਪਹਿਲਾਂ ਸਿਵਲ ਹਸਪਤਾਲ 'ਚ ਪਰਚੀਆਂ ਵਾਲੇ ਕਾਊਂਟਰ 'ਚ ਲਾਈਨ 'ਚ ਲੱਗੀਆਂ ਔਰਤਾਂ ਅਤੇ ਆਦਮੀਆਂ ਦੇ ਪਰਸ ਚੋਰੀ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ, ਪੁਲਸ ਨੇ ਟਰੈਪ ਲਾਇਆ ਤਾਂ ਪਤਾ ਲੱਗਾ ਕਿ ਹਸਪਤਾਲ 'ਚ 5 ਬੱਚੇ ਜਿਨ੍ਹਾਂ ਦੀ ਉਮਰ 10 ਤੋਂ 15 ਸਾਲ ਤੱਕ ਦੀ ਸੀ, ਉਹ ਲਾਈਨ 'ਚ ਖੜ੍ਹੇ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਸ ਨੇ ਤਲਾਸ਼ੀ ਦੌਰਾਨ ਉਨ੍ਹਾਂ ਦੀ ਜੇਬ 'ਚੋਂ ਚੋਰੀ ਕੀਤੇ ਪੈਸੇ ਅਤੇ ਫਲਿਊਡ ਵੀ ਬਰਾਮਦ ਕੀਤਾ। ਪੁਲਸ ਨੇ ਸਾਰਿਆਂ ਨੂੰ ਥਾਣਾ ਨੰ. 4 ਦੇ ਹਵਾਲੇ ਕੀਤਾ ਅਤੇ ਉਨ੍ਹਾਂ ਦੇ ਘਰ ਵਾਲਿਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ।
ਕਈ ਅਜਿਹੇ ਕੇਸ ਆ ਰਹੇ ਹਨ ਸਿਵਲ ਹਸਪਤਾਲ 'ਚ : ਡਾ. ਗੌਰਵ
ਸਿਵਲ ਹਸਪਤਾਲ 'ਚ ਸਥਾਪਤ ਨਸ਼ਾ ਛੁਡਾਊ ਕੇਂਦਰ 'ਚ ਤਾਇਨਾਤ ਨਸ਼ਾ ਛੁਡਾਊ ਮਾਹਰ ਡਾ. ਗੌਰਵ ਭਗਤ ਦਾ ਮੰਨਣਾ ਹੈ ਕਿ ਬੱਚਿਆਂ ਦੇ ਫਲਿਊਡ ਦਾ ਨਸ਼ਾ ਕਰਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕੋਲ 3 ਅਜਿਹੇ ਬੱਚੇ ਹਨ ਜੋ ਫਲਿਊਡ ਦਾ ਨਸ਼ਾ ਕਰਨ ਦੇ ਆਦੀ ਹਨ। ਡਾ. ਭਗਤ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਨੂੰ ਆਪਣੇ ਬੱਚਿਆਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਬੱਚਿਆਂ ਨੂੰ ਦੌਰੇ ਪੈਣੇ, ਭੁੱਖ ਨਾ ਲੱਗਣੀ, ਸੁਭਾਅ 'ਚ ਬਦਲਾਅ ਅਤੇ ਜ਼ਿਆਦਾ ਸਮਾਂ ਬਾਹਰ ਰਹਿਣਾ, ਪੜ੍ਹਾਈ 'ਚ ਦਿਲ ਨਾ ਲੱਗਣਾ ਆਦਿ ਇਸ ਦੇ ਮੁੱਖ ਲੱਛਣ ਹਨ। ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਬੱਚੇ ਨੂੰ ਨਸ਼ਾ ਛੁਡਾਊ ਕੇਂਦਰ 'ਚ ਲਿਆਓ ਅਤੇ ਉਸ ਦਾ ਚੈੱਕਅਪ ਕਰਵਾਉਣ ਦੇ ਨਾਲ-ਨਾਲ ਉਸ ਦਾ ਸਹੀ ਤਰੀਕੇ ਨਾਲ ਇਲਾਜ ਵੀ ਕਰਵਾਓ। ਅਜਿਹੇ ਕਈ ਬੱਚਿਆਂ ਨੂੰ ਉਹ ਠੀਕ ਕਰ ਕੇ ਘਰ ਭੇਜ ਚੁੱਕੇ ਹਨ। ਪੰਜਾਬ ਸਰਕਾਰ ਨੇ ਨਸ਼ਾ ਕਰਨ ਵਾਲਿਆਂ ਲਈ ਸਪੈਸ਼ਲ ਤੌਰ 'ਤੇ ਚੰਗੇ ਵਾਰਡ 'ਚ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹੋਈਆਂ ਹਨ।
ਸੁਖਦੇਵ ਢੀਂਡਸਾ ਦੀ ਬਗਾਵਤ 'ਤੇ ਅਕਾਲੀ ਦਲ ਦਾ ਵੱਡਾ ਬਿਆਨ (ਵੀਡੀਓ)
NEXT STORY