ਸ੍ਰੀ ਮੁਕਤਸਰ ਸਾਹਿਬ, (ਪਵਨ, ਦਰਦੀ, ਸੁਖਪਾਲ)- ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਵੱਲੋਂ ਸੰਤ ਕਬੀਰ ਕਾਲਜ ਆਫ ਐਜੂਕੇਸ਼ਨ ਰਹੂਡ਼ਿਆਂਵਾਲੀ ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ, ਜੋ ਕਿ ਇਸ ਕਾਲਜ ਵਿਚ ਈ. ਟੀ. ਟੀ. ਕਰ ਰਹੇ ਹਨ, ਤੋਂ ਜਬਰੀ ਫੀਸਾਂ ਵਸੂਲਣ ਦੇ ਵਿਰੋਧ ਵਿਚ ਜਥੇਬੰਦੀ ਦੇ ਸੂਬਾ ਕੌਂਸਲ ਮੈਂਬਰ ਸੁਖਵਿੰਦਰ ਮਲੋਟ, ਈ. ਟੀ. ਟੀ. ਸਿਖਿਆਰਥੀ ਸੁਖਜਿੰਦਰ ਫਾਜ਼ਿਲਕਾ ਅਤੇ ਸ਼ਿੰਦਰਪਾਲ ਰਹੂਡ਼ਿਆਂਵਾਲੀ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਪ੍ਰਿੰਸੀਪਲ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ’ਚ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸਮੇਂ ਸਿਖਿਆਰਥੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਛਾਂਗਾ ਰਾਏ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਸਾਰੇ ਹੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ 10ਵੀਂ ਤੋਂ ਬਾਅਦ ਦੀ ਹਰ ਤਰ੍ਹਾਂ ਦੀ ਮੁਫਤ ਪਡ਼੍ਹਾਈ ਕਰਨ ਦਾ ਹੱਕ ਹੈ, ਜਿਸ ਵਿਦਿਆਰਥੀ ਦੇ ਮਾਪਿਆਂ ਦੀ ਸਾਲਾਨਾ ਆਮਦਨ ਢਾਈ ਲੱਖ ਤੱਕ ਜਾਂ ਇਸ ਤੋਂ ਘੱਟ ਹੈ, ਉਹ ਇਸ ਸਕੀਮ ਦੇ ਘੇਰੇ ਵਿਚ ਆਉਂਦਾ ਹੈ ਅਤੇ 10ਵੀਂ ਤੋਂ ਬਾਅਦ ਕਿਸੇ ਵੀ ਸਰਕਾਰੀ, ਅਰਧ-ਸਰਕਾਰੀ ਜਾਂ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵਿਚ ਮੁਫਤ ਸਿੱਖਿਆ ਪ੍ਰਾਪਤ ਕਰ ਸਕਦਾ ਹੈ। ਕੋਈ ਵੀ ਵਿਦਿਅਕ ਸੰਸਥਾ ਵਿਦਿਆਰਥੀ ਤੋਂ ਦਾਖਲੇ ਵੇਲੇ ਪਹਿਲਾਂ ਕੋਈ ਵੀ ਫੀਸ ਵਸੂਲ ਨਹੀਂ ਕਰ ਸਕਦੀ ਅਤੇ ਉਸ ਦੀ ਪਡ਼੍ਹਾਈ ਦਾ ਖਰਚਾ ਸਰਕਾਰ ਨੇ ਕਾਲਜ ਦੇ ਐਸਟੀਮੇਟ ਅਨੁਸਾਰ ਕਾਲਜ ਨੂੰ ਦੇਣਾ ਹੁੰਦਾ ਹੈ।
ਸੂਬਾ ਪ੍ਰਧਾਨ ਨੇ ਕਾਲਜ ਦੀ ਪ੍ਰਿੰਸੀਪਲ ਅਤੇ ਪ੍ਰਬੰਧਕਾਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਕਾਲਜ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸ਼ਰੇਆਮ ਉਲੰਘਣਾ ਕਰ ਕੇ ਇੱਥੇ ਈ. ਟੀ. ਟੀ. ਬੈਚ 2016-18 ਦੇ ਐੱਸ. ਸੀ. ਵਿਦਿਆਰਥੀਆਂ ਤੋਂ ਜਬਰੀ ਫੀਸਾਂ ਵਸੂਲ ਰਹੀ ਹੈ ਅਤੇ ਇਸ ਖਿਲਾਫ ਬੋਲਣ ਵਾਲੇ ਵਿਦਿਆਰਥੀਆਂ ਦਾ ਕਾਲਜ ’ਚੋਂ ਨਾਂ ਤੱਕ ਕੱਟ ਦਿੱਤਾ ਗਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਲਜ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਿੰਸੀਪਲ ਅਤੇ ਕਾਲਜ ਦੀ ਮੁਖੀ ਬਬੀਤਾ ਅਗਰਵਾਲ ਵੱਲੋਂ ਐੱਸ. ਸੀ. ਵਿਦਿਆਰਥੀਆਂ ਨਾਲ ਜਾਤੀ ਤੌਰ ’ਤੇ ਵੀ ਦੁਰਵਰਤਾਓ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਨਾਂ ਤੋਂ ਨਹੀਂ ਸਗੋਂ “ਐੱਸ. ਸੀ. ਕੁਡ਼ੀਆਂ’’ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ।
ਕਾਲਜ ਮੁਖੀ ਦੇ ਅਜਿਹੇ ਵਰਤਾਓ ’ਤੇ ਗੁੱਸਾ ਪ੍ਰਗਟ ਕਰਦਿਆਂ ਸੂਬਾ ਪ੍ਰਧਾਨ ਛਾਂਗਾ ਰਾਏ ਨੇ ਕਿਹਾ ਕਿ ਇਹ ਕਾਲਜ ਇਕ ਪਾਸੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਉੁਲੰਘਣਾ ਕਰ ਰਿਹਾ ਹੈ, ਦੂਜੇ ਪਾਸੇ ‘ਅਨੁਸੂਚਿਤ ਜਾਤੀਆਂ ਵਿਰੁੱਧ ਅੱਤਿਆਚਾਰ ਰੋਕੂ ਕਾਨੂੰਨ’ ਦੀ ਵੀ ਉਲੰਘਣਾ ਕਰ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਏ. ਆਈ. ਐੱਸ. ਐੱਫ. ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਮਲੋਟ ਨੇ ਕਿਹਾ ਕਿ ਪੀਡ਼ਤ ਈ. ਟੀ. ਟੀ. ਵਿਦਿਆਰਥੀ ਉਕਤ ਕਾਲਜ ਦੀਆਂ ਵਧੀਕੀਆਂ ਵਿਰੁੱਧ ਜ਼ਿਲਾ ਪ੍ਰਸ਼ਾਸਨ, ਜਿਸ ’ਚ ਜ਼ਿਲਾ ਭਲਾਈ ਅਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤਾਂ ਕਰ ਕੇ ਇਨਸਾਫ ਦਿਵਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਗਈ। ਪ੍ਰਦਰਸ਼ਨਕਾਰੀਆਂ ਨੇ ਕਾਲਜ ਪ੍ਰਬੰਧਨ ਅਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅੰਤ ’ਚ ਵਿਦਿਆਰਥੀ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਸੰਤ ਕਬੀਰ ਕਾਲਜ ਦੀਆਂ ਕਥਿਤ ਮਨਮਾਨੀਆਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਉਨ੍ਹਾਂ ਨੂੰ ਉਕਤ ਕਾਲਜ ’ਚ ਆਪਣੀ ਪਡ਼੍ਹਾਈ ਜਾਰੀ ਰੱਖਣ ਲਈ ਫੀਸਾਂ ਲਈ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਸਰਕਾਰ ਜਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਤੁਰੰਤ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਭਵਿੱਖ ’ਚ ਕਾਲਜ ਸਮੇਤ ਜ਼ਿਲਾ ਪ੍ਰਸ਼ਾਸਨ ਖਿਲਾਫ਼ ਵੀ ਸੰਘਰਸ਼ ਤੇਜ਼ ਕੀਤਾ ਜਾਵੇਗਾ। ਵਿਦਿਆਰਥੀਆਂ ਦੇ ਇਸ ਰੋਸ ਪ੍ਰਦਰਸ਼ਨ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਰਕਰਾਂ ਵੱਲੋਂ ਵੀ ਹਮਾਇਤ ਕੀਤੀ ਗਈ।
ਇਸ ਧਰਨੇ ਨੂੰ ਅੰਕੁਸ਼ ਕੁਮਾਰ, ਰਿਸ਼ਵ ਮਲੋਟ, ਈ. ਟੀ. ਟੀ. ਸਿਖਿਆਰਥੀ ਲਖਬੀਰ ਕੌਰ, ਪਰਮਿੰਦਰ ਕੌਰ, ਵੀਰਪਾਲ ਕੌਰ, ਸ਼ਿੰਦਰਪਾਲ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਆਗੂ ਤਰਸੇਮ ਖੁੰਡੇ ਹਲਾਲ ਅਤੇ ਕਾਕਾ ਸਿੰਘ ਨੇ ਵੀ ਸੰਬੋਧਨ ਕੀਤਾ।
ਸੂਬੇ 'ਚ 30 ਥਾਵਾਂ ਨੂੰ ਸੈਲਾਨੀ ਕੇਂਦਰਾਂ ਵਜੋਂ ਕੀਤਾ ਜਾਵੇਗਾ ਵਿਕਸਤ : ਸਿੱਧੂ
NEXT STORY