ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਨਗਰ ਹਲਕੇ ਦੀ ਹੱਦ ’ਤੇ ਵਸੇ ਪਿੰਡ ਸ਼ਿਵਪੁਰ ਕੁਕਰੀਆ ਅਤੇ ਗੁਰੂਹਰਸਹਾਏ ਹਲਕੇ ਦੇ ਪਿੰਡ ਲੈਪੋ ਨੂੰ ਜੋੜਦਾ ਗੋਲੇਵਾਲਾ ਡਰੇਨ ਦਾ ਪੁਲ ਬੀਤੇ 8 ਸਾਲ ਤੋਂ ਟੁੱਟਿਆ ਹੋਇਆ ਹੈ ਅਤੇ ਬਰਸਾਤਾਂ ਦੇ ਮੌਸਮ ’ਚ ਇਹ ਹਿੰਦ-ਪਾਕਿ ਬਾਰ਼ਡਰ ਬਣ ਜਾਂਦਾ ਹੈ। ਇਸ ਦੇ ਬਾਵਜੂਦ ਸਰਕਾਰਾਂ ਦਾ ਇਸ ਵੱਲ ਧਿਆਨ ਹੀ ਨਹੀਂ ਹੈ। ਲੋਕਾਂ ਵੱਲੋ ਰਸਤੇ ਲਈ ਆਰਜੀ ਪੁਲ ਬਣਾਇਆ ਜੋ ਬਾਰਿਸ਼ਾਂ ਦਾ ਮੌਸਮ ’ਚ ਸਾਲ ’ਚ ਦੋ ਤਿੰਨ ਵਾਰ ਰੁੜ ਜਾਂਦਾ ਅਤੇ ਪਿੰਡ ਵਾਸੀ ਉਸਨੂੰ ਆਪਣੇ ਪੱਧਰ ’ਤੇ ਫਿਰ ਬਣਾਉਂਦੇ ਹਨ। ਲੋਕਾਂ ਦੀ ਮੰਨੀਏ ਤਾਂ ਉਹ ਸਰਕਾਰੀ ਦਫਤਰਾਂ ਦੇ ਚੱਕਰ ਕੱਢ, ਥਾਂ-ਥਾਂ ਲਿਖਤੀ ਅਰਜੀਆਂ ਦੇ ਥੱਕ ਗਏ ਹਨ ਪਰ ਪੰਜਾਬੀ ਦੇ ਅਖਾਣ ਪੰਚਾਇਤ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ ਵਾਂਗ ਸਿਰਫ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲਿਆ।
ਸਰਕਾਰਾਂ ਆਉਂਦੀਆਂ ਤੇ ਚਲੀਆਂ ਜਾਂਦੀਆਂ ਮਣਾਮੂੰਹੀ ਦਾਅਵੇ ਅਤੇ ਵਾਅਦੇ ਇਨ੍ਹਾਂ ਸਰਕਾਰਾਂ ਵੱਲੋ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ’ਤੇ ਸੱਚਾਈ ਕੁਝ ਹੋਰ ਹੀ ਸਾਹਮਣੇ ਆਉਂਦੀ ਹੈ। ਪਿੰਡ ਵਾਸੀਆਂ ਅਨੁਸਾਰ ਇਸ ਡਰੇਨ ਦੀ ਬੁਰਜੀ ਨੰਬਰ 32700 ’ਤੇ ਬਣਿਆ ਪੁਲ 2013 ’ਚ ਰੁੜ ਗਿਆ। ਉਸ ਤੋਂ ਬਾਅਦ ਪਿੰਡ ਵਾਲਿਆਂ ਵੱਲੋ ਹਰ ਵਾਰ ਸਾਲ ’ਚ ਦੋ ਵਾਰ ਆਰਜੀ ਪੁਲ ਬਣਾਇਆ ਜਾਂਦਾ ਜੋ ਬਰਸਾਤ ਦੇ ਮੌਸਮ ’ਚ ਰੁੜ ਜਾਂਦਾ ਹੈ। ਬਰਸਾਤ ਦੇ ਮੌਸਮ ’ਚ ਦੋਵਾਂ ਪਿੰਡਾਂ ਦੇ ਲੋਕਾਂ ਨੂੰ 20 ਕਿਲੋਮੀਟਰ ਦਾ ਵੱਧ ਸਫਰ ਤੈਅ ਕਰਕੇ ਗੁਆਂਢੀ ਪਿੰਡਾਂ ’ਚ ਜਾਣਾ ਪੈਂਦਾ ਹੈ। ਪਿੰਡ ਵਾਸੀਆਂ ਅਨੁਸਾਰ 8 ਸਾਲ ਤੋਂ ਉਹ ਸਰਕਾਰੇ ਦਰਬਾਰੇ, ਸਬੰਧਤ ਵਿਭਾਗਾਂ ਦੇ ਦਫਤਰਾਂ ਦੇ ਗੇੜੇ ਕੱਢ-ਕੱਢ ਕੇ ਹਾਰ ਗਏ ਪਰ ਕਿਸੇ ਨੇ ਇਕ ਨਹੀਂ ਸੁਣੀ।ਜੋ ਆਰਜੀ ਪੁਲ ਉਹ ਦੋਵਾਂ ਪਾਸਿਆਂ ਨੂੰ ਜੋੜਣ ਲਈ ਬਣਾਉਂਦੇ ਹਨ ਉਹ ਦੋ ਘੰਟੇ ਬਾਰਿਸ਼ ਤੋਂ ਬਾਅਦ ਰੁੜ ਜਾਂਦਾ ਹੈ ਜਦ ਬਾਰਿਸ਼ ਹੁੰਦੀ ਤਾਂ ਪਿੰਡ ਦੇ ਬਾਸ਼ਿੰਦਿਆਂ ਨੂੰ ਆਰਜੀ ਪੁਲ ਬੰਨਣ ਦੀ ਫਿਕਰ ਹੁੰਦੀ।
ਹਰ ਸਾਲ ਜਦ ਡਰੇਨਾਂ ਦੀ ਸਫਾਈ ਹੁੰਦੀ ਤਾਂ ਵਿਭਾਗ ਦੇ ਉਚ ਅਧਿਕਾਰੀ ਵੀ ਇੱਥੇ ਪਹੁੰਚਦੇ ਹਨ ਪਰ ਪਿੰਡ ਵਾਸੀਆਂ ਅਨੁਸਾਰ ਸਰਕਾਰਾਂ ਭਾਵੇਂ ਬਦਲੀਆਂ ਪਰ ਵਿਭਾਗੀ ਅਧਿਕਾਰੀਆਂ ਦਾ ਇਕੋ ਜਵਾਬ ਹੈ ਕਿ ਜਿਵੇਂ ਫੰਡ ਆਉਂਦੈ ਹੱਲ ਹੋ ਜਾਵੇਗਾ। ਸਮੱਸਿਆਵਾਂ ’ਚ ਘਿਰੇ ਇਨ੍ਹਾਂ ਪਿੰਡਾਂ ਦੀ ਗੱਲ ਕਰੀਏ ਤਾਂ ਸ਼ਿਵਪੁਰ ਕੁਕਰੀਆ ਸ੍ਰੀ ਮੁਕਤਸਰ ਸਾਹਿਬ ਹਲਕੇ ਦਾ ਪਿੰਡ ਹੈ ਜਿਥੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਹਨ ਜਦਕਿ ਪਿੰਡ ਲੈਪੋ ਗੁਰੂਹਰਸਹਾਏ ਹਲਕੇ ਦਾ ਪਿੰਡ ਹੈ, ਜਿਥੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਿਧਾਇਕ ਹਨ ਪਰ ਇਨ੍ਹਾਂ ਲੋਕਾਂ ਦੀ ਸਮੱਸਿਆ ਬੀਤੇ ਅੱਠ ਸਾਲ ਤੋਂ ਜਿਉਂ ਦੀ ਤਿਉਂ ਹੈ। ਪਤਾ ਨਹੀਂ ਹੋਰ ਕਿੰਨਾਂ ਸਮਾਂ ਲੋਕਾਂ ਨੂੰ ਇਸੇ ਖੇਡ ’ਚ ਇਹ ਸਰਕਾਰਾਂ ਉਲਝਾਈ ਰੱਖਣਗੀਆਂ ਕਿ ਬਾਰਿਸ਼ ਆਰਜੀ ਪੁਲ ਰੋੜ ਲਿਜਾਇਆ ਕਰੇਗੀ ਤੇ ਇਹ ਬਾਰਿਸ਼ ਦੇ ਮੌਸਮ ਤੋਂ ਬਾਅਦ ਪੁਲ ਬੰਨਿਆ ਕਰਨਗੇ।
ਹਾਦਸੇ 'ਚ ਜਵਾਨ ਮੁੰਡੇ ਦੀ ਮੌਤ ਮਗਰੋਂ ਭੜਕੀ ਭੀੜ ਨੇ ਕੀਤਾ ਪੁਲਸ 'ਤੇ ਪਥਰਾਅ, ਮਹਿਲਾ ਥਾਣਾ ਪ੍ਰਭਾਰੀ ਜ਼ਖਮੀ (ਤਸਵੀਰਾਂ)
NEXT STORY