ਲੁਧਿਆਣਾ (ਨਰਿੰਦਰ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵਲੋਂ ਪੰਜਾਬ 'ਚ ਅਗਲੇ 2 ਦਿਨ ਮਤਲਬ ਕਿ 13 ਅਤੇ 14 ਦਸੰਬਰ ਨੂੰ ਵੀ ਮੀਂਹ ਅਤੇ ਗੜ੍ਹੇਮਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ, ਹਾਲਾਂਕਿ ਬੀਤੀ ਰਾਤ ਤੋਂ ਹੀ ਪੰਜਾਬ ਦੇ ਕਈ ਇਲਾਕਿਆਂ 'ਚ ਹਲਕੀ ਬੂੰਦਾਬਾਂਦੀ ਹੋ ਰਹੀ ਹੈ, ਜਿਸ ਕਾਰਨ ਹੱਡੀ ਚੀਰਵੀਂ ਠੰਢ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਮੀਂਹ ਪੈਣ ਨਾਲ ਠੰਢ 'ਚ ਤਾਂ ਵਾਧਾ ਹੋਵੇਗਾ ਹੀ, ਨਾਲ ਹੀ ਧੁੰਦ ਵੀ ਪੈਣੀ ਸ਼ੁਰੂ ਹੋ ਜਾਵੇਗੀ।
ਮੌਸਮ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ 13 ਅਤੇ 14 ਦਸੰਬਰ ਨੂੰ ਉੱਤਰੀ ਭਾਰਤੀ ਦੇ ਕਈ ਹਿੱਸਿਆਂ 'ਚ ਵੈਸਟਰਨ ਡਿਸਟਰਬੈਂਸ ਕਾਰਨ ਕਾਫੀ ਮਜ਼ਬੂਤ ਸਿਸਟਮ ਬਣ ਰਿਹਾ ਹੈ, ਜਿਸ ਨਾਲ ਮੀਂਹ ਅਤੇ ਗੜ੍ਹੇਮਾਰੀ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਮੀਂਹ ਤੋਂ ਬਾਅਦ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਸੀਤ ਲਹਿਰਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਉਣ ਵਾਲੇ ਕੁਝ ਦਿਨਾਂ ਤੱਕ ਕਣਕ ਨੂੰ ਪਾਣੀ ਨਾ ਲਾਉਣ ਕਿਉਂਕਿ ਜੇਕਰ ਮੀਂਹ ਪੈਣ ਕਾਰਨ ਖੇਤਾਂ 'ਚ ਜ਼ਿਆਦਾ ਪਾਣੀ ਖੜ੍ਹਾ ਹੋ ਗਿਆ ਤਾਂ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ।
ਜਲੰਧਰ ਨਗਰ ਨਿਗਮ ਹੋਇਆ ਸਖਤ, ਨਾਜਾਇਜ਼ ਬਿਲਡਿੰਗਾਂ 'ਤੇ ਚੱਲੇਗੀ ਡਿੱਚ
NEXT STORY