ਤਰਨਤਾਰਨ (ਰਮਨ) : ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਇਕ ਨਵੀਂ ਸੂਚੀ ਜਾਰੀ ਕਰਦੇ ਹੋਏ ਪੰਜਾਬ ਸੂਬੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਦੇ ਸ਼ਹਿਰੀ ਅਤੇ ਪੇਂਡੂ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਦੀ ਪੁਰਾਣੀ ਸੂਚੀ ਨੂੰ ਭੰਗ ਕਰਦੇ ਹੋਏ ਨਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਿਸ ਦੇ ਚੱਲਦਿਆਂ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਵਿਚ ਬੀਤੇ ਕੁਝ ਸਾਲਾਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਨੂੰ ਰੱਦ ਕਰਦੇ ਹੋਏ ਬੀਤੇ ਕੱਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ ਵੇਨੂਗੋਪਾਲ ਵਲੋਂ ਰਾਜਬੀਰ ਸਿੰਘ ਭੁੱਲਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ।
ਜਾਰੀ ਕੀਤੇ ਗਏ ਪ੍ਰੈਸ ਰਿਲੀਜ਼ ਵਿਚ ਦੱਸਿਆ ਗਿਆ ਹੈ ਕਿ ਸੂਬੇ ਅੰਦਰ ਮੌਜੂਦ ਸਮੂਹ ਜ਼ਿਲ੍ਹਿਆਂ ਦੇ ਸ਼ਹਿਰੀ ਅਤੇ ਪੇਂਡੂ 27 ਕਾਂਗਰਸ ਪ੍ਰਧਾਨਾਂ ਨਾਲ ਦਿੱਲੀ ਵਿਚ ਰੂਬਰੂ ਹੁੰਦੇ ਹੋਏ ਵਿਸ਼ੇਸ਼ ਮੁਲਾਕਾਤ ਕਰਦੇ ਹੋਏ ਜਲਦ ਹੀ ਮੀਟਿੰਗ ਕੀਤੀ ਜਾਵੇਗੀ। ਇੱਥੇ ਦੱਸਣ ਯੋਗ ਹੈ ਕਿ ਜ਼ਿਲ੍ਹੀ ਤਰਨਤਾਰਨ ਵਿਚ ਨਿਯੁਕਤ ਕੀਤੇ ਗਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਜੋ ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਚੋਣ ਲੜਨ ਦੇ ਸੰਭਾਵੀ ਉਮੀਦਵਾਰ ਵੀ ਸਨ ਪ੍ਰੰਤੂ ਉਨ੍ਹਾਂ ਦੀ ਜਗ੍ਹਾ ਕਾਂਗਰਸ ਹਾਈ ਕਮਾਂਡ ਵੱਲੋਂ ਕਰਨਬੀਰ ਸਿੰਘ ਬੁਰਜ ਨੂੰ ਆਪਣਾ ਉਮੀਦਵਾਰ ਜ਼ਿਮਨੀ ਚੋਣ ਵਿਚ ਐਲਾਨ ਦਿੱਤਾ ਗਿਆ ਸੀ। ਸਾਬਕਾ ਵਿਧਾਇਕ ਤਰਨਤਾਰਨ ਡਾਕਟਰ ਧਰਮਬੀਰ ਅਗਨੀਹੋਤਰੀ ਦੇ ਦੇਹਾਂਤ ਤੋਂ ਬਾਅਦ ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਦਿਨ ਰਾਤ ਮਿਹਨਤ ਕਰਦੇ ਹੋਏ ਸਿਰ ਕੱਢ ਸੀਨੀਅਰ ਕਾਂਗਰਸੀ ਆਗੂ ਰਾਜਬੀਰ ਸਿੰਘ ਭੁੱਲਰ ਵੱਲੋਂ ਜਿੱਥੇ ਕਾਂਗਰਸ ਹਾਈਕਮਾਂਡ ਵਿਚ ਆਪਣਾ ਨਾਮ ਬਣਾ ਲਿਆ ਗਿਆ ਹੈ। ਉੱਥੇ ਹੀ ਸੂਬੇ ਦੀ ਪ੍ਰਮੁੱਖ ਕਾਂਗਰਸ ਲੀਡਰਸ਼ਿਪ ਨਾਲ ਕਾਫੀ ਜ਼ਿਆਦਾ ਨਜ਼ਦੀਕੀਆਂ ਵੱਧ ਚੁੱਕੀਆਂ ਹਨ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਰਾਜਵੀਰ ਸਿੰਘ ਭੁੱਲਰ ਨੇ ਦੱਸਿਆ ਕਿ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਇਸ ਵੱਡੀ ਜ਼ਿੰਮੇਵਾਰੀ ਦਾ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਵਰਤੋਂ ਕਰਦੇ ਹੋਏ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿਚ ਦਿਨ ਰਾਤ ਇਕ ਕਰ ਦੇਣਗੇ। ਭੁੱਲਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੇ ਸੀਨੀਅਰ ਅਤੇ ਜੂਨੀਅਰ ਕਾਂਗਰਸੀ ਵਰਕਰਾਂ ਅਤੇ ਸਾਬਕਾ ਵਿਧਾਇਕਾਂ ਨਾਲ ਇੱਕਜੁੱਟ ਹੋ 2027 ਦੀਆਂ ਤਿਆਰੀਆਂ ਲਈ ਪੂਰੀ ਮਿਹਨਤ ਕੀਤੀ ਜਾਵੇਗੀ ਅਤੇ ਇਸ ਦੌਰਾਨ ਪਿੰਡਾਂ ਅਤੇ ਕਸਬਿਆਂ ਵਿਚ ਨਵੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ਉੱਪਰ ਧੰਨਵਾਦ ਵੀ ਕੀਤਾ ਹੈ।
ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣਾਉਣ ’ਤੇ ਖੁਸ਼ੀ ਦੀ ਲਹਿਰ
NEXT STORY