ਹਲਵਾਰਾ (ਲਾਡੀ) : ਰਾਜ ਸਭਾ ਮੈਂਬਰ ਸੰਜੀਵ ਅਰੋੜਾ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਭਾਰਤੀ ਹਵਾਈ ਸੈਨਾ (ਆਈ.ਏ.ਐਫ.) ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਏਅਰ ਫੋਰਸ ਸਟੇਸ਼ਨ ਅਤੇ ਸਿਵਲ ਟਰਮੀਨਲ 'ਤੇ ਚੱਲ ਰਹੇ ਆਖਰੀ ਮੀਲ ਕਨੈਕਟੀਵਿਟੀ ਕਾਰਜਾਂ ਦਾ ਮੁਲਾਂਕਣ ਕੀਤਾ। ਮੀਟਿੰਗ ਦੌਰਾਨ, ਹਲਵਾਰਾ ਏਅਰਫੋਰਸ ਸਟੇਸ਼ਨ ਦੇ ਮੁੱਖ ਪ੍ਰਬੰਧਕੀ ਅਫਸਰ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਕੁਲਪ੍ਰੀਤ ਸਿੰਘ, ਏ.ਸੀ.ਏ. ਗਲਾਡਾ ਵਿਨੀਤ ਕੁਮਾਰ, ਐਸ.ਡੀ.ਐਮ. ਰਾਏਕੋਟ ਸਿਮਰਦੀਪ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦੇ ਹੋਰ ਅਧਿਕਾਰੀਆਂ ਦੇ ਨਾਲ-ਨਾਲ ਠੇਕੇਦਾਰੀ ਕੰਪਨੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਉਨ੍ਹਾਂ ਰਨਵੇਅ ਪ੍ਰਗਤੀ, ਕਾਸਟਿੰਗ ਦੇ ਕੰਮਾਂ, ਸੰਕੇਤਾਂ ਤੋਂ ਇਲਾਵਾ ਹੋਰ ਮੁੱਖ ਮੁੱਦਿਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਠੇਕਾ ਆਧਾਰਿਤ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਇਨ੍ਹਾਂ ਕਾਰਜ਼ਾਂ ਨੂੰ ਜਲਦ ਮੁਕੰਮਲ ਕਰਨ ਦੀ ਅਪੀਲ ਕੀਤੀ ਅਤੇ ਸਾਰੇ ਸਬੰਧਤ ਅਧਿਕਾਰੀਆਂ ਨਾਲ ਪ੍ਰਭਾਵੀ ਤਾਲਮੇਲ ਦੀ ਲੋੜ 'ਤੇ ਜ਼ੋਰ ਦਿੰਦਿਆਂ ਸੰਭਾਵੀ ਹਰ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਸੰਸਦ ਮੈਂਬਰ ਨੇ ਕਿਹਾ ਕਿ ਉਹ ਏਅਰ ਇੰਡੀਆ ਨਾਲ ਟਰਮੀਨਲ ਬਿਲਡਿੰਗ 'ਤੇ ਆਪਣਾ ਦਫਤਰ ਖੋਲ੍ਹਣ ਲਈ ਗੱਲਬਾਤ ਕਰਨਗੇ ਕਿਉਂਕਿ ਹਲਵਾਰਾ ਹਵਾਈ ਅੱਡੇ 'ਤੇ ਟਰਮੀਨਲ ਵਾਲੀ ਥਾਂ 'ਤੇ ਸਿਵਲ ਕਾਰਜ਼ 100 ਫੀਸਦ ਮੁਕੰਮਲ ਹੋ ਚੁੱਕੇ ਹਨ। ਹਲਵਾਰਾ ਏਅਰਪੋਰਟ ਨੂੰ ਪਹਿਲਾਂ ਹੀ ਕੋਡ ਜਾਰੀ ਕੀਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ, ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੁਝ ਦਿਨਾਂ ਦੇ ਅੰਦਰ-ਅੰਦਰ ਹਵਾਈ ਅੱਡੇ ਦੇ ਆਲੇ ਦੁਆਲੇ ਦੇ ਸਾਰੇ ਮਲਬੇ ਨੂੰ ਹਟਾਉਣ ਲਈ ਇੱਕ ਵਿਸਤ੍ਰਿਤ ਸੋਇਲਡ ਵੇਸਟ ਮੈਨੇਜਮੈਂਟ ਯੋਜਨਾ ਤਿਆਰ ਕਰਨ, ਕਿਉਂਕਿ ਅਜਿਹੀਆਂ ਥਾਵਾਂ ਪੰਛੀਆਂ ਨੂੰ ਆਕਰਸ਼ਿਤ ਕਰ ਸਕਦੀਆਂ ਹਨ। ਰਾਜ ਸਭਾ ਮੈਂਬਰ ਸੰਜੀਵ ਅਰੋੜਾ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਦੋਵਾਂ ਨੇ ਉਮੀਦ ਪ੍ਰਗਟਾਈ ਕਿ ਹਵਾਈ ਅੱਡਾ ਉਦਯੋਗ, ਨਿਰਯਾਤ, ਰੁਜ਼ਗਾਰ, ਰੀਅਲ ਅਸਟੇਟ ਅਤੇ ਹੋਰਨਾਂ ਲਈ ਆਰਥਿਕ ਉਤਪ੍ਰੇਰਕ ਵਜੋਂ ਕੰਮ ਕਰੇਗਾ।
ਨਸ਼ਿਆਂ ’ਤੇ ਕਾਬੂ ਪਾਉਣ 'ਚ ਪੰਜਾਬ ਬਣੇਗਾ ਮਾਡਲ ਸੂਬਾ : ਸਿਹਤ ਮੰਤਰੀ
NEXT STORY