ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ 'ਚ ਲੱਖਾਂ ਦੀ ਗਿਣਤੀ 'ਚ ਅਜਿਹੇ ਲੋਕ ਹਨ, ਜਿਨ੍ਹਾਂ ਦੀ ਜੀਵਨ-ਗੱਡੀ ਪਟੜੀ ਤੋਂ ਥਿੜਕ ਚੁੱਕੀ ਹੈ। ਇਨ੍ਹਾਂ ਵਿਚ ਉਹ ਪਰਿਵਾਰ ਵੀ ਸ਼ਾਮਲ ਹਨ, ਜਿਨ੍ਹਾਂ ਨੇ ਅੱਤਵਾਦ ਦਾ ਕਹਿਰ ਸਹਿਣ ਕੀਤਾ ਅਤੇ ਜਾਨੀ-ਮਾਲੀ ਨੁਕਸਾਨ ਵੀ ਝੱਲਿਆ। ਹਜ਼ਾਰਾਂ ਅੱਤਵਾਦ ਪੀੜਤ ਪਰਿਵਾਰਾਂ ਨੂੰ ਆਪਣੇ ਘਰ-ਘਾਟ ਛੱਡ ਕੇ ਦੂਰ-ਦੁਰਾਡੇ ਥਾਵਾਂ 'ਤੇ ਰੁਲਣਾ ਪਿਆ ਅਤੇ ਆਪਣੇ ਕੰਮ-ਧੰਦੇ, ਕਾਰੋਬਾਰ ਸਭ ਗੁਆ ਲਏ। ਇਸੇ ਤਰ੍ਹਾਂ ਉਨ੍ਹਾਂ ਲੋਕਾਂ ਦੀ ਕਤਾਰ ਵੀ ਬਹੁਤ ਲੰਬੀ ਹੈ, ਜਿਹੜੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੰਢੇ ਸਥਿਤ ਪਿੰਡਾਂ 'ਚ ਰਹਿਣ ਵਾਲੇ ਹਨ ਅਤੇ ਨਿੱਤ ਦਿਨ ਸਰਹੱਦ ਪਾਰ ਤੋਂ ਹੋਣ ਵਾਲੀ ਗੋਲੀਬਾਰੀ ਦਾ ਨਿਸ਼ਾਨਾ ਬਣਦੇ ਹਨ। ਇਨ੍ਹਾਂ ਪਰਿਵਾਰਾਂ ਲਈ ਸਿਰ ਲੁਕਾਉਣ ਵਾਸਤੇ ਛੱਤ ਦਾ ਸੰਕਟ ਬਣ ਗਿਆ ਅਤੇ ਰੋਜ਼ੀ-ਰੋਟੀ ਦੇ ਵੀ ਮੁਥਾਜ ਹੋ ਗਏ। ਆਮ ਨਾਗਰਿਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝੇ ਇਨ੍ਹਾਂ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਵਿਚ ਸਮੇਂ ਦੀਆਂ ਸਰਕਾਰਾਂ ਦੀ ਭੂਮਿਕਾ ਨਾਮਾਤਰ ਹੀ ਰਹੀ ਹੈ। ਅੱਤਵਾਦ ਅਤੇ ਗੋਲੀਬਾਰੀ ਦੀ ਮਾਰ ਸਹਿਣ ਵਾਲੇ ਲੋਕਾਂ ਦੀ ਸਹਾਇਤਾ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਪਿਛਲੇ 20 ਸਾਲਾਂ ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 504ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਜੰਮੂ ਦੇ ਸੁੰਦਰਬਨੀ ਖੇਤਰ ਨਾਲ ਸਬੰਧਤ ਪਰਿਵਾਰਾਂ ਲਈ ਭਿਜਵਾਈ ਗਈ ਸੀ।
ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਬਾਬਾ ਕਸ਼ਮੀਰਾ ਸਿੰਘ ਜਨ ਸੇਵਾ ਟਰੱਸਟ (ਰਜਿ.) ਗੜ੍ਹਾ ਰੋਡ, ਜਲੰਧਰ ਵੱਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਟਰੱਸਟ ਦੇ ਸੰਸਥਾਪਕ ਸੁਆਮੀ ਬਾਬਾ ਕਸ਼ਮੀਰਾ ਸਿੰਘ ਜੀ ਦੇ ਆਸ਼ੀਰਵਾਦ ਸਦਕਾ, ਟਰੱਸਟ ਦੇ ਸੈਕਟਰੀ ਸ. ਮਹਿੰਦਰ ਸਿੰਘ ਪਰਵਾਨਾ, ਬਾਬਾ ਜੀ ਦੇ ਪੋਤਰੇ ਸਰਤਾਜ ਸਿੰਘ ਰਿਆੜ, ਬਾਬਾ ਜੀ ਦੇ ਬੇਟੇ ਸ. ਮਨਿੰਦਰ ਸਿੰਘ ਰਿਆੜ, ਸ. ਬਲਦੇਵ ਸਿੰਘ, ਰੇਸ਼ਮ ਸਿੰਘ ਅਤੇ ਸ. ਜਗਦੇਵ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ, 5 ਕਿਲੋ ਚਾਵਲ, 2 ਕਿਲੋ ਮੂੰਗੀ ਦੀ ਦਾਲ, 2 ਕਿਲੋ ਛੋਲਿਆਂ ਦੀ ਦਾਲ ਅਤੇ ਇਕ ਕੰਬਲ ਸ਼ਾਮਲ ਸੀ।
ਰਾਹਤ ਮੁਹਿੰਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੀ ਟੀਮ 'ਚ ਰਜਿੰਦਰ ਸ਼ਰਮਾ (ਭੋਲਾ ਜੀ), ਸਮਾਜ ਸੇਵਿਕਾ ਪ੍ਰੋਮਿਲਾ ਅਰੋੜਾ, ਡੌਲੀ ਹਾਂਡਾ ਅਤੇ ਸੁੰਦਰਬਨੀ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਜਿੰਦਰ ਰੈਨਾ ਵੀ ਸ਼ਾਮਲ ਸਨ।
ਕੈਪਟਨ ਤੋਂ ਬਾਅਦ ਹੁਣ ਰਾਹੁਲ ਗਾਂਧੀ ਬੋਲ ਰਹੇ ਝੂਠ : ਖਹਿਰਾ
NEXT STORY