ਭਵਾਨੀਗੜ੍ਹ/ਆਸਟ੍ਰੇਲੀਆ (ਵਿਕਾਸ, ਬਲਜਿੰਦਰ, ਸ਼ਸ਼ੀਪਾਲ)— ਆਸਟ੍ਰੇਲੀਆ 'ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਮਿਲਣ ਗਏ ਪੰਜਾਬੀ ਨੌਜਵਾਨ ਸਮੇਤ ਉੱਥੇ ਰਹਿੰਦੇ ਉਸ ਦੇ ਚਾਚਾ-ਚਾਚੀ ਦੀ ਇਕ ਦਰਦਨਾਕ ਹਾਦਸੇ 'ਚ ਮੌਤ ਹੋ ਗਈ। ਜਦੋਂਕਿ ਇਕ ਮਾਸੂਮ ਬੱਚੇ ਸਣੇ ਦੋ ਲੋਕ ਜ਼ਖਮੀ ਹੋ ਗਏ।

ਮਿਲੀ ਜਾਣਕਾਰੀ ਮੁਤਾਬਕ ਭਵਾਨੀਗੜ੍ਹ ਸਬ-ਡਿਵੀਜ਼ਨ ਦੇ ਪਿੰਡ ਝਨੇੜੀ ਦੀ ਜੰਮਪਲ ਅਤੇ ਜ਼ਿਲਾ ਪਟਿਆਲਾ ਦੇ ਨਮਾਦਾ ਪਿੰਡ ਵਿਆਹੀ ਗੁਰਮੀਤ ਕੌਰ ਕੁਝ ਦਿਨ ਪਹਿਲਾਂ ਆਪਣੇ ਨੌਜਵਾਨ ਪੁੱਤ ਇਸ਼ਪ੍ਰੀਤ ਸਿੰਘ (16) ਨਾਲ ਅਪਣੇ ਦਿਓਰ ਸਵਰਨਜੀਤ ਸਿੰਘ ਅਤੇ ਦਰਾਣੀ ਅਮਨਦੀਪ ਕੌਰ ਨੂੰ ਆਸਟਰੇਲੀਆ ਮਿਲਣ ਲਈ ਗਏ ਸਨ।

ਉਥੋਂ ਜਦੋਂ ਪਰਿਵਾਰ ਮੈਲਬੋਰਨ ਘੁੰਮਣ ਗਿਆ ਸੀ ਤਾਂ ਰਾਹ 'ਚ ਦਰਖਤ ਦਾ ਇਕ ਵੱਡਾ ਹਿੱਸਾ ਟੁੱਟ ਕੇ ਉਨ੍ਹਾਂ ਦੀ ਕਾਰ 'ਤੇ ਡਿੱਗ ਪਿਆ, ਜਿਸ ਕਾਰਨ ਕਾਰ 'ਚ ਸਵਾਰ ਸਵਰਨਜੀਤ ਸਿੰਘ ਉਸ ਦੀ ਪਤਨੀ ਅਮਨਦੀਪ ਕੌਰ ਅਤੇ ਉਨ੍ਹਾਂ ਦੇ ਭਤੀਜੇ ਇਸ਼ਪ੍ਰੀਤ ਸਿੰਘ ਦੀ ਦਰਦਨਾਕ ਮੌਤ ਹੋ ਗਈ ਜਦੋਂਕਿ ਸਵਰਨਜੀਤ ਸਿੰਘ ਦਾ 4 ਸਾਲਾ ਬੱਚਾ ਅਤੇ ਇਸ਼ਪ੍ਰੀਤ ਸਿੰਘ ਦੀ ਮਾਤਾ ਗੁਰਮੀਤ ਕੌਰ ਇਸ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਵਿਦੇਸ਼ 'ਚ ਵਾਪਰੇ ਇਸ ਦਰਦਨਾਕ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਝਨੇੜੀ ਅਤੇ ਨਮਾਦਾ ਪਿੰਡ 'ਚ ਸੋਗ ਦੀ ਲਹਿਰ ਛਾ ਗਈ ਹੈ।

ਜ਼ਿਕਰਯੋਗ ਹੈ ਕਿ ਇਸ਼ਪ੍ਰੀਤ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਵਿਖੇ 11ਵੀਂ ਜਮਾਤ 'ਚ ਪੜ੍ਹਦਾ ਸੀ। ਇਸ਼ਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਨਮਾਦਾ ਸਿੱਖਿਆ ਹਾਸਲ ਕਰਨ ਲਈ ਇਕ ਟੈਸਟ ਦੇਣ ਲਈ ਆਪਣੀ ਮਾਂ ਗੁਰਮੀਤ ਦੇ ਨਾਲ ਆਸਟ੍ਰੇਲੀਆ ਤੋਂ ਪਿੰਡ ਆਈ ਆਪਣੀ ਚਾਚੀ ਨਾਲ 16 ਫਰਵਰੀ ਨੂੰ ਆਸਟ੍ਰੇਲੀਆ ਗਿਆ ਸੀ। ਐਤਵਾਰ ਨੂੰ ਇਸ਼ਪ੍ਰੀਤ ਚਾਚਾ ਅਤੇ ਚਾਚੀ ਦੇ ਨਾਲ ਗੱਡੀ 'ਚ ਸਵਾਰ ਹੋ ਕੇ ਮੈਲਬੋਰਨ 'ਚ ਘੁੰਮਣ ਗਿਆ ਸੀ, ਜਿੱਥੇ ਵਾਪਸੀ ਦੌਰਾਨ ਇਹ ਸੜਕ ਹਾਦਸਾ ਵਾਪਰ ਗਿਆ। ਪਰਿਵਾਰਕ ਮੈਂਬਰ ਬਲਕਾਰ ਸਿੰਘ ਮੁਤਾਬਕ ਹਾਦਸੇ 'ਚ ਮਾਰਿਆ ਗਿਆ ਇਸ਼ਪ੍ਰੀਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਵਾਲਿਆਂ ਨੇ ਲਾਸ਼ਾਂ ਨੂੰ ਤੁਰੰਤ ਭਾਰਤ ਲਿਆਉਣ 'ਚ ਸਹਾਇਤਾ ਕਰਨ ਲਈ ਭਾਰਤ ਸਰਕਾਰ ਤੋਂ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ: ਡਾਕਟਰ ਦੀ ਵੱਡੀ ਲਾਪਰਵਾਹੀ, ਡਿਲਵਰੀ ਤੋਂ ਬਾਅਦ ਪੇਟ 'ਚ ਹੀ ਛੱਡ ਦਿੱਤੀਆਂ ਪੱਟੀਆਂ
'ਕੋਰੋਨਾ ਵਾਇਰਸ' ਨੇ ਪਾਇਆ ਅੜਿੱਕਾ, ਟੁੱਟਿਆ ਪੰਜਾਬੀ ਨੌਜਵਾਨ ਦਾ ਖਾਸ ਸੁਪਨਾ
NEXT STORY