ਪੱਟੀ, (ਸੌਰਭ)- ਪੱਟੀ ਤੋਂ ਰਸੂਲਪੁਰ ਨਹਿਰਾਂ ਵਾਇਆ ਕੈਰੋਂ ਲੌਹੁਕਾ, ਜੌਡ਼ਾ ਦੀ ਸਡ਼ਕ ਵਿਚ ਬਹੁਤ ਵੱਡੇ -ਵੱਡੇ ਟੋਏ ਅਤੇ ਥਾਂ -ਥਾਂ ਤੋਂ ਟੁੱਟੀ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਪੱਟੀ ਤੋਂ ਹੀ ਟੋਏ ਸ਼ੁਰੂ ਹੋ ਜਾਂਦੇ ਹਨ ਫਿਰ ਕੈਰੋਂ, ਲੌਹੁਕਾ, ਜੌਡ਼ਾ ਅਤੇ ਸਰਹਾਲੀ ਖੁਰਦ ਵਿਚ ਸਡ਼ਕ ’ਤੇ ਵੱਡੇ- ਵੱਡੇ ਟੋਏ ਹਨ ਜਿਸ ਨਾਲ ਸਡ਼ਕ ’ਤੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ। ਸਡ਼ਕ ਟੁੱਟਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਪਹਿਲਾਂ ਟਰੱਕ ਜਾਂ ਟਰਾਲੇ ਹਰੀਕੇ, ਨੌਸ਼ਹਿਰਾ ਤੋਂ ਤਰਨਤਾਰਨ ਜਾਂਦੇ ਸਨ ਪਰ ਜਦੋਂ ਦਾ ਟੋਲ ਪਲਾਜ਼ਾ ਸ਼ੁਰੂ ਹੋਇਆ ਹੈ ਉਦੋਂ ਦਾ ਪੈਸੇ ਬਚਾਉਣ ਦੇ ਚੱਕਰ ਵਿਚ ਟਰੱਕ ਜਾਂ ਵੱਡੇ -ਵੱਡੇ ਟਰਾਲੇ ਹਰੀਕੇ ਤੋਂ ਪੱਟੀ ਵਾਇਆ ਤਰਨਤਾਰਨ ਜਾ ਰਹੇ ਹਨ ਜਿਸ ਨਾਲ ਸਡ਼ਕ ਦੀ ਹਾਲਤ ਖਸਤਾ ਹੋਈ ਪਈ ਹੈ। ਸਰਕਾਰ ਵੱਲੋਂ ਸਡ਼ਕ ਬਣਾਉਣ ਦਾ ਕੰਮ ਤਾਂ ਚੱਲ ਰਿਹਾ ਹੈ ਪਰ ਬਹੁਤ ਧੀਮੀ ਗਤੀ ਨਾਲ। ਇਸ ਤੋਂ ਇਲਾਵਾ ਪੱਟੀ ਤੋਂ ਵਾਇਆ ਪਿੰਡ ਕੰਡਿਆ, ਸਰਹਾਲੀ ਮੰਡ, ਅਨੰਦਪੁਰ ਦੀਅਾਂ ਸਡ਼ਕਾਂ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ। ਲੋਕਾਂ ਵੱਲੋਂ ਸਡ਼ਕਾਂ ’ਤੇ ਮਿੱਟੀ ਪਾ ਕੇ ਟੋਇਆਂ ਨੂੰ ਭਰਿਆ ਜਾ ਰਿਹਾ ਹੈ ਪਰ ਉਹ ਵੀ ਕੁੱਝ ਸਮਾਂ ਪੈ ਕੇ ਮਿੱਟੀ ਸਡ਼ਕ ਤੋਂ ਗਾਇਬ ਹੋ ਜਾਂਦੀ ਹੈ। ਇਸ ਮੌਕੇ ਹਲਕੇ ਦੇ ਲੋਕਾਂ ਨੇ ਹਰਮਿੰਦਰ ਸਿੰਘ ਗਿੱਲ ਹਲਕਾ ਵਿਧਾਇਕ ਤੋਂ ਮੰਗ ਕੀਤੀ ਕਿ ਸਡ਼ਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਅਤੇ ਟਰੱਕਾਂ ਵਾਲਿਆਂ ਦੀ ਸਪੀਡ ਨਿਰਧਾਰਿਤ ਕੀਤੀ ਜਾਵੇ ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਸਸਤੀ ਕਣਕ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
NEXT STORY