ਚੰਡੀਗੜ੍ਹ,(ਰਮਨਜੀਤ)- ਕੋਰੋਨਾ ਮਹਾਮਾਰੀ ਫੈਲਣ ਨਾਲ ਜਿੱਥੇ ਦੇਸ਼ 'ਚ ਲਾਕਡਾਊਨ ਹੋਣ ਅਤੇ ਪੰਜਾਬ 'ਚ ਕਰਫਿਊ ਲਾਗੂ ਕਰਨ ਨਾਲ ਪਿਛਲੇ 40-42 ਦਿਨਾਂ ਤੋਂ ਸਾਰੇ ਕਾਰੋਬਾਰ ਠੱਪ ਹਨ। ਉਥੇ ਹੀ ਇਕ ਸ਼ਹਿਰ ਤੋਂ ਦੂਸਰੇ ਸ਼ਹਿਰਾਂ ਤੱਕ ਸਵਾਰੀਆਂ ਨੂੰ ਲਿਜਾਣ ਅਤੇ ਲਿਆਉਣ ਲਈ ਬੱਸ ਸੇਵਾ ਵੀ ਠੱਪ ਪਈ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਦੁਕਾਨਾਂ ਖੋਲ੍ਹਣ ਲਈ ਸਮਾਂ ਤੈਅ ਕਰ ਦਿੱਤਾ ਹੈ ਪਰ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ। ਦੂਜੇ ਪਾਸੇ ਬੱਸ ਸੇਵਾ ਸ਼ੁਰੂ ਨਹੀਂ ਕੀਤੀ ਜਾ ਰਹੀ ਜਦਕਿ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਹਰਿਆਣਾ ਰੋਡਵੇਜ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਪਰ ਪੰਜਾਬ 'ਚ ਅਜੇ ਤੱਕ ਰੋਡਵੇਜ਼ ਸੇਵਾ ਬਹਾਲ ਨਹੀਂ ਹੋਈ, ਜਿਸ ਨੂੰ ਦੇਖਦਿਆਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ 'ਚ ਰੋਡਵੇਜ਼ ਸੇਵਾ ਬਹਾਲ ਨਾ ਕਰਨ ਨਾਲ ਕੈਪਟਨ ਸਰਕਾਰ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਕਿਉਕਿ ਕੈਪਟਨ ਸਰਕਾਰ ਟਰਾਂਸਪੋਰਟ ਮਾਫੀਆ ਨਾਲ ਮਿਲੀ ਹੋਈ ਹੈ ਅਤੇ ਕਰੋੜਾਂ ਰੁਪਏ ਰੋਜ਼ਾਨਾ ਟਰਾਂਸਪੋਰਟ ਮਾਫੀਆ ਤੋਂ ਵਸੂਲੇ ਜਾ ਰਹੇ ਹਨ ਜੋ ਕਿ ਲੁਧਿਆਣਾ ਸਮੇਤ ਜਲੰਧਰ, ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਤੋਂ ਮਜ਼ਦੂਰਾਂ ਨੂੰ ਵੱਖ-ਵੱਖ ਰਾਜਾਂ 'ਚ ਉਨ੍ਹਾਂ ਦੇ ਪਿੰਡਾਂ ਤੱਕ ਪੁੱਜਦਾ ਕਰ ਰਹੇ ਹਨ। ਇਸ ਤੋਂ ਇਲਾਵਾ ਅਨੇਕਾਂ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਬੱਸਾਂ ਵੀ ਸ਼ਹਿਰ 'ਚ ਚੱਲਦੀਆਂ ਦੇਖੀਆਂ ਗਈਆਂ। ਵਿਧਾਇਕ ਬੈਂਸ ਨੇ ਦੋਸ਼ ਲਾਇਆ ਕਿ ਕੈਪਟਨ ਟਰਾਂਸਪੋਰਟ ਮਾਫੀਆ ਨਾਲ ਗੰਢਤੁੱਪ ਕਰਕੇ ਹੀ ਪੰਜਾਬ ਰੋਡਵੇਜ਼ ਨੂੰ ਚਾਲੂ ਨਹੀਂ ਕੀਤਾ ਗਿਆ, ਜਦਕਿ ਅਕਾਲੀ-ਭਾਜਪਾ ਸਰਕਾਰ ਮੌਕੇ ਵੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਾਲ ਅਜਿਹਾ ਹੀ ਵਤੀਰਾ ਕੀਤਾ ਜਾਂਦਾ ਸੀ ਅਤੇ ਪ੍ਰਾਈਵੇਟ ਬੱਸਾਂ ਵਾਲੇ ਧੱਕੇ ਨਾਲ ਸ਼ਰੇਆਮ ਡੰਡੇ ਦੇ ਜ਼ੋਰ 'ਤੇ ਆਪਣੀਆਂ ਬੱਸਾਂ 'ਚ ਸਵਾਰੀਆਂ ਭਰਦੇ ਸਨ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਰੋਡਵੇਜ਼ ਦੇ ਹਜ਼ਾਰਾਂ ਬੱਸ ਡਰਾਈਵਰਾਂ ਅਤੇ ਕੰਡੱਕਟਰਾਂ ਨੂੰ ਬੁਲਾ ਕੇ ਪੰਜਾਬ ਰੋਡਵੇਜ਼ ਨੂੰ ਚਾਲੂ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਸਰਕਾਰੀ ਡਰਾਈਵਰ ਅਤੇ ਕੰਡੱਕਟਰ ਆਪਣੇ ਘਰਾਂ 'ਚ ਵਿਹਲੇ ਬੈਠੇ ਹਨ।
ਕੈਪਟਨ ਨੇ ਆਈ. ਟੀ. ਆਈ. ਵਿਦਿਆਰਥਣਾਂ ਨੂੰ 10 ਲੱਖ ਮਾਸਕ ਬਣਾਉਣ ਲਈ ਦਿੱਤੀ ਵਧਾਈ
NEXT STORY