ਲੁਧਿਆਣਾ (ਅਨਿਲ/ਰਾਜ): ਥਾਣਾ ਜਮਾਲਪੁਰ ਪੁਲਸ ਨੇ ਹਥਿਆਰਾਂ ਦੀ ਨੋਕ ’ਤੇ ਲੁੱਟ ਦੀ ਕੋਸ਼ਿਸ਼ ਕਰਨ ਅਤੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਨੂੰ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਥਾਣਾ ਜਮਾਲਪੁਰ ਵਿਖੇ ਮਿਤੀ 17 ਨਵੰਬਰ ਨੂੰ ਦਰਜ ਮੁਕੱਦਮਾ ਨੰਬਰ 292 (ਧਾਰਾ 109, 304, 126(2), 62, 3(5) ਬੀ.ਐੱਨ.ਐੱਸ. ਅਤੇ 25/54/59 ਅਸਲਾ ਐਕਟ) ਦੇ ਸਬੰਧ ਵਿਚ ਕੀਤੀ ਗਈ ਹੈ।
ਪੁਲਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 17 ਨਵੰਬਰ ਨੂੰ ਦੁਪਹਿਰ ਕਰੀਬ 11:50 ਤੋਂ 12 ਵਜੇ ਰਾਮਗੜ੍ਹ ਸਥਿਤ ਇਕ ਪ੍ਰਾਈਵੇਟ ਕੰਪਨੀ ਵਿਚ ਅਕਾਊਂਟੈਂਟ ਵਜੋਂ ਕੰਮ ਕਰਦੇ ਪ੍ਰਮੋਦ ਸਿੰਘ ਆਪਣੀ ਐਕਟਿਵਾ ਸਕੂਟਰ ’ਤੇ ਦਫ਼ਤਰ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿਚ ਮੋਟਰਸਾਈਕਲਾਂ ’ਤੇ ਆਏ 5 ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਪੈਸੇ ਤੇ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਪ੍ਰਮੋਦ ਸਿੰਘ ਨੇ ਲੁੱਟ ਦਾ ਵਿਰੋਧ ਕੀਤਾ ਤਾਂ ਇਕ ਮੁਲਜ਼ਮ ਨੇ ਪਿਸਤੌਲ ਨਾਲ ਫਾਇਰ ਕਰ ਦਿੱਤਾ, ਜੋ ਉਨ੍ਹਾਂ ਦੇ ਖੱਬੇ ਪੱਟ ਵਿਚ ਲੱਗਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ।
ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੁਲਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ.ਸੀ.ਪੀ. ਦਿਹਾਤੀ ਗੁਰਸੇਵਕ ਸਿੰਘ, ਏ.ਡੀ.ਸੀ.ਪੀ. ਜ਼ੋਨ-4 ਜਸ਼ਨਦੀਪ ਸਿੰਘ ਗਿੱਲ ਅਤੇ ਏ.ਸੀ.ਪੀ. ਇੰਡਸਟਰੀਅਲ ਏਰੀਆ-ਏ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ। ਪੁਲਸ ਟੀਮਾਂ ਨੇ ਵਿਗਿਆਨਕ ਜਾਂਚ ਅਤੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਵਾਰਦਾਤ ਵਿਚ ਸ਼ਾਮਲ ਦੋ ਮੁਲਜ਼ਮਾਂ ਸੂਰਜ ਸਿੰਘ ਉਰਫ਼ ਬਾਬੂ ਅਤੇ ਵਿਸ਼ਾਲ ਕੁਮਾਰ ਉਰਫ਼ ਆਂਡਾ ਨੂੰ ਹਿਰਾਸਤ ਵਿਚ ਲੈ ਲਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੂਰਜ ਸਿੰਘ ਉਰਫ਼ ਬਾਬੂ (ਉਮਰ ਕਰੀਬ 18 ਸਾਲ) ਵਾਸੀ ਜਸਵੀਰ ਕਲੋਨੀ, ਪਿੰਡ ਗੋਬਿੰਦਗੜ੍ਹ, ਲੁਧਿਆਣਾ ਅਤੇ ਵਿਸ਼ਾਲ ਕੁਮਾਰ ਉਰਫ਼ ਆਂਡਾ (ਉਮਰ ਕਰੀਬ 18 ਸਾਲ) ਵਾਸੀ ਆਦਰਸ਼ ਕਲੋਨੀ, ਪਿੰਡ ਗੋਬਿੰਦਗੜ੍ਹ, ਲੁਧਿਆਣਾ (ਮੂਲ ਵਾਸੀ ਜ਼ਿਲ੍ਹਾ ਸਾਰਨ, ਬਿਹਾਰ) ਵਜੋਂ ਹੋਈ ਹੈ। ਪੁਲਸ ਵੱਲੋਂ ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇਕ ਬਿਨਾਂ ਨੰਬਰੀ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ, ਇਕ ਦੇਸੀ ਪਿਸਤੌਲ .315 ਬੋਰ, ਦੋ ਜਿੰਦਾ ਕਾਰਤੂਸ ਅਤੇ ਇਕ ਲੋਹੇ ਦਾ ਦਾਤਰ ਬਰਾਮਦ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਇਸ ਵਾਰਦਾਤ ਵਿਚ ਸ਼ਾਮਲ ਦੋ ਹੋਰ ਮੁਲਜ਼ਮਾਂ ਸੰਦੀਪ ਅਤੇ ਦਲੀਪ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਪੰਜਾਬ 'ਚ ਹੈਰਾਨ ਕਰਦਾ ਮਾਮਲਾ! ਪ੍ਰੀ-ਵੈਡਿੰਗ ਸ਼ੂਟ ਤੋਂ ਫਰਾਰ ਹੋਇਆ ਮੁੰਡਾ, ਵਿਆਹ ਤੋਂ ਕਰੀਬ 5 ਦਿਨ ਪਹਿਲਾਂ...
NEXT STORY