ਪੁਲਸ ਨੂੰ ਕਹਾਣੀ ਲੱਗ ਰਹੀ ਸ਼ੱਕੀ
ਸੰਗਤ ਮੰਡੀ(ਮਨਜੀਤ)-ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਜੈ ਸਿੰਘ ਵਾਲਾ ਵਿਖੇ ਜਨ ਲਕਸ਼ਮੀ ਫਾਇਨਾਂਸ ਕੰਪਨੀ ਦੇ ਇਕ ਕਰਿੰਦੇ ਤੋਂ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਸਵਾ ਲੱਖ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਪੁਲਸ ਨੂੰ ਕਹਾਣੀ ਸ਼ੱਕੀ ਲੱਗ ਰਹੀ ਹੈ। ਪੁਲਸ ਵੱਲੋਂ ਲੁੱਟ ਦੇ ਸ਼ਿਕਾਰ ਹੋਣ ਵਾਲੇ ਕਰਿੰਦੇ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਸੱਦਾ ਸਿੰਘ ਵਾਲਾ (ਮਾਨਸਾ) ਪਿੰਡ ਦੀਆਂ ਔਰਤਾਂ ਤੋਂ ਪੈਸੇ ਇਕੱਠੇ ਕਰ ਕੇ ਵਾਪਸ ਬਠਿੰਡਾ ਵੱਲ ਜਾ ਰਿਹਾ ਸੀ, ਜਦ ਉਹ ਉਕਤ ਸਥਾਨ 'ਤੇ ਪਹੁੰਚਿਆਂ ਤਾਂ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਨੂੰ ਮੋਟਰਸਾਈਕਲ ਤੋਂ ਧੱਕਾ ਦੇ ਹੇਠਾਂ ਸੁੱਟ ਦਿੱਤਾ ਤੇ ਰੁਪਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ, ਜਿਸ 'ਚ ਸਵਾ ਦੋ ਲੱਖ ਦੇ ਕਰੀਬ ਨਕਦੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਥੋੜ੍ਹਾ ਸਮਾਂ ਬਾਅਦ ਹੀ ਥਾਣਾ ਸੰਗਤ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਨੇੜੇ ਖ਼ੇਤ 'ਚ ਕੰਮ ਕਰਦੇ ਇਕ ਵਿਅਕਤੀ ਨੇ ਦੱਸਿਆ ਕਿ ਉਕਤ ਮੋਟਰਸਾਈਕਲ ਸਵਾਰ ਦਾ ਜਦ ਉਸਨੇ ਮੋਟਰਸਾਈਕਲ ਡਿੱਗਿਆ ਵੇਖਿਆ ਤਾਂ ਉਸ ਦੇ ਕੋਲ ਆ ਕੇ ਇਕ ਬਲੈਰੋ ਗੱਡੀ ਰੁਕੀ, ਗੱਡੀ ਸਵਾਰ ਵਿਅਕਤੀਆਂ ਨੇ ਉਸ ਨੂੰ ਪਾਣੀ ਦੀ ਬੋਤਲ ਵੀ ਦਿੱਤੀ। ਲੁੱਟ ਦਾ ਸ਼ਿਕਾਰ ਹੋਣ ਵਾਲੇ ਕਰਿੰਦੇ ਦੇ ਸਿਰਫ਼ ਸ਼ਰਟ ਦੇ ਬਟਨ ਹੀ ਟੁੱਟੇ ਸਨ, ਉਸ ਦੇ ਸਰੀਰ 'ਤੇ ਕੋਈ ਖਰੋਚ ਤੱਕ ਨਹੀਂ ਆਈ, ਜੇਕਰ ਕੋਈ ਮੋਟਰਸਾਈਕਲ ਤੋਂ ਡਿੱਗਦਾ ਹੈ ਤਾਂ ਉਸ ਦੇ ਡਿੱਗਣ ਨਾਲ ਸੱਟ ਵੀ ਲਗਦੀ ਹੈ ਤੇ ਕੱਪੜੇ ਵੀ ਖ਼ਰਾਬ ਹੁੰਦੇ ਹਨ ਪਰ ਅਜਿਹਾ ਕੁਝ ਨਹੀਂ ਸੀ। ਜਦ ਇਸ ਸਬੰਧੀ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਹਰਬੰਸ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਨੇ ਲੁੱਟ ਦੀ ਸ਼ਿਕਾਇਤ ਕੀਤੀ ਸੀ, ਪੁਲਸ ਉਕਤ ਮਾਮਲੇ ਦੀ ਪੂਰੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਨਾਬਾਲਗਾ ਨੂੰ ਬੰਦੀ ਬਣਾ ਕੇ ਜਬਰ-ਜ਼ਨਾਹ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
NEXT STORY