ਕਰਤਾਰਪੁਰ, (ਸਾਹਨੀ)- ਕਰਤਾਰਪੁਰ ਦੀ ਪੁਲਸ ਨੇ ਅੱਜ ਭੋਂਤੂ ਗੈਂਗ ਜੋ ਕਿ ਦਿੱਲੀ ਦੇ ਟੱਕ-ਟੱਕ ਗੈਂਗ ਦੇ ਨਾਂ ਨਾਲ ਵੀ ਮਸ਼ਹੂਰ ਹੈ, ਦੇ 2 ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਗੈਂਗ ਨੇ ਪਿਛਲੇ ਕਰੀਬ ਇਕ ਹਫਤੇ ਤੋਂ ਕਰਤਾਰਪੁਰ ਦੀਆਂ ਝੁੱਗੀਆਂ ਨੂੰ ਆਪਣਾ ਟਿਕਾਣਾ ਬਣਾਇਆ ਹੋਇਆ ਸੀ। ਅੱਜ ਕਰਤਾਰਪੁਰ ਦੇ ਡੀ. ਐੱਸ. ਪੀ. ਦਫਤਰ ਵਿਖੇ ਸਰਬਜੀਤ ਰਾਏ ਪੀ. ਪੀ. ਐੱਸ. ਉਪ ਪੁਲਸ ਕਪਤਾਨ ਸਬ-ਡਵੀਜ਼ਨ ਕਰਤਾਰਪੁਰ ਨੇ ਪ੍ਰੈੱਸ ਕਾਨਫੰਰਸ ਦੌਰਾਨ ਦੱਸਿਆ ਕਿ ਇਸ 7 ਮੈਂਬਰੀ ਗਿਰੋਹ 'ਚੋਂ 2 ਨੂੰ ਕਾਬੂ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਬੀਤੀ 2 ਜੁਲਾਈ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਝ ਅਣਪਛਾਤੇ ਲੋਕ ਕਰਤਾਰਪੁਰ ਦੀ ਦਾਣਾ ਮੰਡੀ ਨੇੜੇ ਝੁੱਗੀਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਰਹਿ ਰਹੇ ਹਨ। ਏ. ਐੱਸ. ਆਈ. ਸੁਖਵਿੰਦਰ ਸਿੰਘ, ਏ. ਐੱਸ. ਆਈ. ਇੰਦਰਜੀਤ ਸਿੰਘ, ਏ. ਐੱਸ. ਆਈ. ਸੁਖਜੀਤ ਸਿੰਘ ਇੰਚਾਰਜ ਚੌਕੀ ਕਿਸ਼ਨਗੜ੍ਹ ਨੇ ਪੁਲਸ ਪਾਰਟੀ ਨਾਲ ਦਾਣਾ ਮੰਡੀ ਦੁਸਹਿਰਾ ਗਰਾਊਂਡ ਕੋਲ ਰੇਡ ਕੀਤੀ। ਉਥੋਂ ਸਿਕੰਦਰ (33) ਪੁੱਤਰ ਸੁੰਦਰਰਾਜ ਮਦਨਗਿਰੀ ਡਾਕਟਰ ਅੰਬੇਡਕਰ ਨਗਰ ਨਵੀਂ ਦਿੱਲੀ ਨੂੰ ਸਕੂਟਰੀ ਅਤੇ ਬਿਨਟੇਸ (36) ਪੁੱਤਰ ਸਨਿਆਸ ਵਾਸੀ ਮਦਨਗਿਰੀ ਡਾਕਟਰ ਅੰਬੇਡਕਰ ਨਗਰ ਨਵੀਂ ਦਿੱਲੀ ਨੂੰ ਮੋਟਰਸਾਈਕਲ (ਬਿਨਾਂ ਨੰਬਰੀ) ਸਮੇਤ ਕਾਬੂ ਕੀਤਾ। ਤਲਾਸ਼ੀ ਲੈਣ 'ਤੇ ਦੋਵਾਂ ਕੋਲੋਂ ਕੁੱਲ 60 ਗ੍ਰਾਮ ਨਸ਼ੇ ਵਾਲਾ ਪਦਾਰਥ ਵੀ ਬਰਾਮਦ ਹੋਇਆ

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਰਿਸ਼ਤੇ 'ਚ ਮਾਮਾ-ਭਾਣਜਾ ਹਨ। ਸਿਕੰਦਰ ਅਤੇ ਬਿਨਟੇਸ ਰਾਤ ਦੇ ਸਮੇਂ ਹਾਈਵੇ 'ਤੇ ਗੱਡੀਆਂ ਲੁੱਟਦੇ ਅਤੇ ਰਾਹਗੀਰਾਂ ਨਾਲ ਲੁੱਟ-ਖੋਹ ਕਰਦੇ ਹਨ । ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੇ ਪੁੱਛਗਿਛ 'ਚ ਮੰਨਿਆ ਕਿ ਉਨ੍ਹਾਂ ਨੇ ਕਰੀਬ ਇਕ ਹਫਤਾ ਪਹਿਲਾਂ ਸਪਲੈਂਡਰ ਮੋਟਰਸਾਈਕਲ ਪੰਜਾਬ ਨੈਸ਼ਨਲ ਬੈਂਕ ਕਰਤਾਰਪੁਰ ਦੇ ਸਾਹਮਣਿਓਂ ਚੋਰੀ ਕੀਤਾ ਅਤੇ ਕਰੀਬ 10-12 ਦਿਨ ਪਹਿਲਾਂ ਇਕ ਮੋਟਰਸਾਈਕਲ ਬਜਾਜ ਸੀ. ਟੀ.-100 ਜਲੰਧਰ ਤੋਂ ਵੀ ਚੋਰੀ ਕੀਤਾ ਸੀ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਉਕਤ ਦੋਵੇਂ ਮੋਟਰਸਾਈਕਲ ਬਰਾਮਦ ਕੀਤੇ ਗਏ।
ਦਿੱਲੀ 'ਚ 'ਟੱਕ-ਟੱਕ' ਤੇ ਪੰਜਾਬ 'ਚ ਭੋਂਤੂ ਗੈਂਗ ਨਾਲ ਹਨ ਮਸ਼ਹੂਰ
ਪੁਲਸ ਅਨੁਸਾਰ ਇਨ੍ਹਾਂ ਮੁਲਜ਼ਮਾਂ ਨੇ ਸਾਥੀਆਂ ਨਾਲ ਮਿਲ ਕੇ ਦਿੱਲੀ ਵਿਚ 'ਟੱਕ-ਟੱਕ' ਗੈਂਗ ਅਤੇ ਪੰਜਾਬ 'ਚ ਭੋਂਤੂ ਗੈਂਗ ਬਣਾਇਆ ਹੋਇਆ ਹੈ। ਇਸ ਗੈਂਗ ਨੇ ਦਿੱਲੀ, ਜਲੰਧਰ, ਅੰਮ੍ਰਿਤਸਰ ਵਿਚ ਗੁਲੇਲ ਨਾਲ ਗੱਡੀਆਂ ਦੇ ਸ਼ੀਸ਼ੇ ਤੋੜ ਕੇ, ਸੂਏ ਨਾਲ ਗੱਡੀਆਂ ਦੇ ਟਾਇਰ ਪੰਕਚਰ ਕਰ ਕੇ ਅਤੇ ਕਾਲੀ ਮਿਰਚ ਦਾ ਸਪਰੇਅ ਕਰ ਕੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਇਨ੍ਹਾਂ ਪਾਸੋਂ 4 ਮੋਟਰਸਾਈਕਲ, 6 ਗੁਲੇਲਾਂ, ਟਾਇਰ ਪੰਕਚਰ ਕਰਨ ਵਾਲੇ ਦੋ ਸੂਏ, 4 ਸ਼ੀਸ਼ੀਆਂ ਸਪਰੇਅ ਦੀਆਂ ਬਰਾਮਦ ਕੀਤੀਆਂ ਗਈਆਂ ਹਨ।
ਇਨ੍ਹਾਂ ਵਾਰਦਾਤਾਂ ਨੂੰ ਦਿੱਤਾ ਅੰਜਾਮ
ਕਰੀਬ ਇਕ ਹਫਤਾ ਪਹਿਲਾਂ ਸਪਲੈਂਡਰ ਮੋਟਰਸਾਈਕਲ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣਿਓਂ ਚੋਰੀ ਕੀਤਾ।
26 ਜੂਨ ਨੂੰ ਥਾਣਾ ਡਵੀਜ਼ਨ ਨੰਬਰ 8 ਦੇ ਏਰੀਏ ਵਿਚੋਂ ਫੋਕਲ ਪੁਆਇੰਟ ਵਾਲੇ ਪੁਲ ਦੇ ਥੱਲਿਓਂ ਇਕ ਇਨੋਵਾ ਗੱਡੀ ਨੂੰ ਪੰਕਚਰ ਕਰ ਕੇ ਉਸ ਵਿਚੋਂ ਬੈਗ ਚੋਰੀ ਕੀਤਾ।
ਇਸੇ ਦਿਨ ਥਾਣਾ ਡਵੀਜ਼ਨ ਨੰਬਰ 1 ਦੇ ਏਰੀਏ ਵਿਚੋਂ ਇਕ ਡਸਟਰ ਗੱਡੀ ਨੂੰ ਪੰਕਚਰ ਕਰ ਕੇ ਇਕ ਬੈਗ ਚੋਰੀ ਕੀਤਾ ਸੀ, ਜਿਸ ਵਿਚ 25 ਹਜ਼ਾਰ ਰੁਪਏ ਸਨ। ਇਹ ਪੈਸੇ ਇਨ੍ਹਾਂ ਨੇ ਆਪਣੀ ਮਾਤਾ ਨੂੰ ਦੇ ਦਿੱਤੇ ਸਨ।
ਪਿਛਲੇ ਸਾਲ ਅੰਮ੍ਰਿਤਸਰ ਦੇ ਏਰੀਏ ਵਿਚ ਕਰੀਬ 20-25 ਗੱਡੀਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਗੱਡੀਆਂ ਵਿਚੋਂ ਬੈਗ, ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਸੀ।
ਜਲੰਧਰ ਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚ ਸਾਲ 2017 ਵਿਚ ਕਰੀਬ 10 ਗੱਡੀਆਂ ਨੂੰ ਨਿਸ਼ਾਨਾ ਬਣਾ ਕੇ ਬੈਗ, ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ
ਕੀਤਾ ਸੀ।
ਚਟਾਈਆਂ ਵੇਚਣ ਦੀ ਆੜ ਵਿਚ ਦਿੰਦੇ ਸਨ ਵਾਰਦਾਤਾਂ ਨੂੰ ਅੰਜਾਮ
ਪੁੱਛਗਿੱਛ ਦੌਰਾਨ ਮੁਲਜ਼ਮ ਸਿਕੰਦਰ ਨੇ ਦੱਸਿਆ ਕਿ ਉਹ ਅਨਪੜ੍ਹ ਤੇ ਸ਼ਾਦੀਸ਼ੁਦਾ ਹੈ। ਉਸ ਦੇ ਦੋ ਲੜਕੇ ਤੇ 4 ਭਰਾ ਹਨ। ਉਹ ਬਚਪਨ ਤੋਂ ਝਾੜੂ-ਪੋਚੇ ਦਾ ਕੰਮ ਕਰਦੇ ਸਨ। ਉਹ ਸਾਲ 2011-12 ਵਿਚ ਪੰਜਾਬ ਆਏ ਸਨ ਅਤੇ ਸਾਥੀਆਂ ਨਾਲ ਮਿਲ ਕੇ ਚਟਾਈਆਂ ਵੇਚਣ ਦੀ ਆੜ 'ਚ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ। ਅੰਮ੍ਰਿਤਸਰ ਵਿਖੇ ਕਾਰਾਂ ਵਿਚ 3-4 ਵਾਰਦਾਤਾਂ ਨੂੰ ਅੰਜਾਮ ਦਿੱਤਾ । ਅੰਮ੍ਰਿਤਸਰ ਵਿਚ ਮੇਰੇ ਨਾਲ ਮੇਰਾ ਭਾਣਜਾ ਅਤੇ ਮੇਰੀ ਭੈਣ ਤੇ ਭਰਾ ਸਮੀਰ ਚੋਰੀ ਕਰਨ ਵਿਚ ਸ਼ਾਮਲ ਸਨ। 3-4 ਦਿਨ ਪਹਿਲਾਂ ਅਸੀਂ ਕਰਤਾਪੁਰ ਮੰਡੀ ਵਿਖੇ ਆਪਣਾ ਰਹਿਣ ਦਾ ਇੰਤਜ਼ਾਮ ਕੀਤਾ ਹੈ। ਅਸੀਂ ਕੁੱਲ 10 ਜਣੇ ਹਾਂ, ਜਿਨ੍ਹਾਂ ਵਿਚ ਮੇਰਾ ਭਾਣਜਾ ਬਿਟਨੇਸ, ਅਨਿਲ, ਭੈਣ ਲਛਮੀ, ਸਮੀਰ, ਕਰਨ, ਗੋਪੀ, ਸ਼ਕਤੀ, ਮਿੱਠੂ ਅਤੇ ਤਿੰਨ ਸਾਲ ਦੀ ਬੱਚੀ ਹੈ।
ਸਡ਼ਕ ਹਾਦਸੇ ’ਚ ਪੁਲਸ ਮੁਲਾਜ਼ਮ ਦੀ ਮੌਤ, 2 ਫੱਟਡ਼
NEXT STORY