ਲੁਧਿਆਣਾ (ਰਾਜ): ਮਹਾਨਗਰ ਵਿੱਚ ਦੇਰ ਰਾਤ ਬੇਖੌਫ ਘੁੰਮ ਰਹੇ ਲੁਟੇਰਿਆਂ ਨੇ ਇਕ ਹੋਜ਼ਰੀ ਕਾਰੋਬਾਰੀ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਰੋਬਾਰੀ ਦੀ ਬਹਾਦਰੀ ਅਤੇ ਸੂਝਬੂਝ ਅੱਗੇ ਬਦਮਾਸ਼ਾਂ ਦੇ ਹੌਸਲੇ ਪਸਤ ਹੋ ਗਏ। ਜਲੰਧਰ ਵਿਚ ਆਪਣੇ ਸਹੁਰੇ ਘਰੋਂ ਪਰਤ ਰਹੇ ਕਾਰੋਬਾਰੀ ਨੂੰ ਜਦੋਂ ਦੋ ਬਾਈਕਾਂ 'ਤੇ ਸਵਾਰ ਚਾਰ ਸ਼ੱਕੀ ਨਸ਼ੇੜੀ ਨੌਜਵਾਨਾਂ ਨੇ ਘੇਰ ਲਿਆ, ਤਾਂ ਕਾਰੋਬਾਰੀ ਨੇ ਬਿਨਾਂ ਸਮਾਂ ਗੁਆਏ ਆਪਣੀ ਲਾਇਸੈਂਸੀ ਪਿਸਤੌਲ ਤਾਣ ਦਿੱਤੀ। ਪਿਸਤੌਲ ਦੇਖਦੇ ਹੀ ਬਦਮਾਸ਼ਾਂ ਦੇ ਪਸੀਨੇ ਛੁੱਟ ਗਏ ਅਤੇ ਉਹ ਮੌਕੇ ਤੋਂ ਭੱਜ ਗਏ। ਲੁੱਟ ਦੀ ਇਹ ਪੂਰੀ ਸਨਸਨੀਖੇਜ਼ ਵਾਰਦਾਤ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਵਿਚ ਕੈਦ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਥਾਣਾ ਬਸਤੀ ਜੋਧੇਵਾਲ ਇਲਾਕੇ ਦਾ ਹੈ। ਗੁਰੂ ਵਿਹਾਰ, ਹੋਜ਼ਰੀ ਕੰਪਲੈਕਸ ਦੇ ਨਜ਼ਦੀਕ ਰਹਿਣ ਵਾਲੇ ਪੀੜਤ ਕਾਰੋਬਾਰੀ ਮੋਹਿਤ ਨੇ ਦੱਸਿਆ ਕਿ ਉਹ 17 ਮਈ ਦੀ ਰਾਤ ਨੂੰ ਆਪਣੇ ਸਹੁਰੇ ਘਰ ਜਲੰਧਰ ਤੋਂ ਵਾਪਸ ਲੁਧਿਆਣਾ ਪਰਤ ਰਿਹਾ ਸੀ। ਜਿਵੇਂ ਹੀ ਉਹ ਆਪਣੀ ਕਲੋਨੀ ਦੇ ਮੁੱਖ ਗੇਟ ਕੋਲ ਪਹੁੰਚਿਆ, ਤਾਂ ਅਚਾਨਕ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਚਾਰ ਸ਼ੱਕੀ ਨੌਜਵਾਨਾਂ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ।
ਕਾਰੋਬਾਰੀ ਮੋਹਿਤ ਨੇ ਦੱਸਿਆ ਕਿ ਵਾਰਦਾਤ ਵੇਲੇ ਦੋ ਨੌਜਵਾਨ ਬਾਈਕ ਸਟਾਰਟ ਕਰਕੇ ਖੜ੍ਹੇ ਰਹੇ, ਜਦਕਿ ਦੋ ਨੌਜਵਾਨ ਬਾਈਕ ਤੋਂ ਹੇਠਾਂ ਉਤਰ ਕੇ ਉਸ ਵੱਲ ਵਧਣ ਲੱਗੇ। ਅੱਧੀ ਰਾਤ ਨੂੰ ਨੌਜਵਾਨਾਂ ਦੇ ਸ਼ੱਕੀ ਹਾਵ-ਭਾਵ ਅਤੇ ਉਨ੍ਹਾਂ ਦੇ ਕੱਪੜਿਆਂ ਵਿਚ ਛਿਪੀ ਕਿਸੇ ਚੀਜ਼ ਨੂੰ ਦੇਖ ਕੇ ਮੋਹਿਤ ਨੂੰ ਸ਼ੱਕ ਹੋ ਗਿਆ ਕਿ ਉਨ੍ਹਾਂ ਕੋਲ ਕੋਈ ਧਾਰਦਾਰ ਹਥਿਆਰ ਹੈ। ਵੱਡਾ ਖ਼ਤਰਾ ਭਾਂਪਦਿਆਂ ਮੋਹਿਤ ਨੇ ਹਿੰਮਤ ਦਿਖਾਈ ਅਤੇ ਤੁਰੰਤ ਆਪਣੀ ਲਾਇਸੈਂਸੀ ਪਿਸਤੌਲ ਕੱਢ ਕੇ ਬਦਮਾਸ਼ਾਂ ਦੇ ਸਾਹਮਣੇ ਲੋਡ ਕਰ ਦਿੱਤੀ। ਪਿਸਤੌਲ ਦੇਖ ਕੇ ਲੁਟੇਰੇ ਘਬਰਾ ਗਏ ਅਤੇ ਫੜੇ ਜਾਣ ਦੇ ਡਰ ਤੋਂ ਬਹਾਨੇਬਾਜ਼ੀ ਕਰਦੇ ਹੋਏ 'ਵਾਈਟ ਰੋਜ਼ ਫੈਕਟਰੀ' ਦਾ ਪਤਾ ਪੁੱਛਣ ਲੱਗੇ।
ਮੋਹਿਤ ਮੁਤਾਬਕ ਚਾਰੇ ਨੌਜਵਾਨ ਕਿਸੇ ਭਾਰੀ ਨਸ਼ੇ ਵਿਚ ਧੁੱਤ ਲੱਗ ਰਹੇ ਸਨ। ਜਦੋਂ ਬਦਮਾਸ਼ ਉੱਥੋਂ ਭੱਜ ਗਏ, ਤਾਂ ਮੋਹਿਤ ਨੇ ਵਾਈਟ ਰੋਜ਼ ਫੈਕਟਰੀ ਦੇ ਮਾਲਕ ਨਾਲ ਸੰਪਰਕ ਕੀਤਾ, ਜਿਸ ਨੇ ਦੱਸਿਆ ਕਿ ਅਜਿਹਾ ਕੋਈ ਵੀ ਨੌਜਵਾਨ ਉਨ੍ਹਾਂ ਦੀ ਫੈਕਟਰੀ ਵਿਚ ਕੰਮ ਨਹੀਂ ਕਰਦਾ, ਜਿਸ ਤੋਂ ਸਾਫ਼ ਹੋ ਗਿਆ ਕਿ ਉਹ ਸਿਰਫ਼ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਇਸ ਘਟਨਾ ਨੇ ਜਿੱਥੇ ਸ਼ਹਿਰ ਦੀ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ, ਉੱਥੇ ਹੀ ਪੁਲਸ ਦੀ ਸੁਸਤੀ ਨੂੰ ਵੀ ਉਜਾਗਰ ਕੀਤਾ ਹੈ। ਪੀੜਤ ਨੇ ਦੋਸ਼ ਲਾਇਆ ਕਿ ਜਦੋਂ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਪਹੁੰਚਿਆ, ਤਾਂ ਕਾਫੀ ਦੇਰ ਤੱਕ ਕਿਸੇ ਨੇ ਥਾਣੇ ਦਾ ਦਰਵਾਜ਼ਾ ਹੀ ਨਹੀਂ ਖੋਲ੍ਹਿਆ।
20,000 ਰੁਪਏ ਰਿਸ਼ਵਤ ਲੈਂਦੇ ਜ਼ਿਲ੍ਹਾ ਮਾਲ ਅਫ਼ਸਰ ਦੇ ਰੀਡਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
NEXT STORY